ਭਾਜਪਾ-ਕਾਂਗਰਸ ਨੇ ਆਪੋ-ਆਪਣੀ ਸਰਕਾਰ ਬਣਾਉਣ ਦਾ ਦਾਅਵਾ ਕੀਤਾ
Rajasthan Assembly Election 2023 : ਰਾਜਸਥਾਨ ਦੀਆਂ 199 ਵਿਧਾਨ ਸਭਾ ਸੀਟਾਂ ਲਈ ਸ਼ਨਿਚਰਵਾਰ ਸ਼ਾਮ 5 ਵਜੇ ਤਕ 68.24 ਫੀ ਸਦੀ ਤੋਂ ਵੱਧ ਵੋਟਿੰਗ ਹੋਈ। ਸੂਬੇ ’ਚ ਮੁੱਖ ਮੁਕਾਬਲਾ ਕਾਂਗਰਸ ਅਤੇ ਭਾਜਪਾ ਵਿਚਾਲੇ ਹੈ। ਦੋਵਾਂ ਪਾਰਟੀਆਂ ਦੇ ਆਗੂਆਂ ਨੇ ਆਪੋ-ਆਪਣੀਆਂ ਪਾਰਟੀਆਂ ਨੂੰ ਫਤਵਾ ਮਿਲਣ ਦੀ ਆਸ ਪ੍ਰਗਟਾਈ ਹੈ।
ਅਧਿਕਾਰੀਆਂ ਮੁਤਾਬਕ ਹਿੰਸਾ ਦੀਆਂ ਛੋਟੀਆਂ-ਮੋਟੀਆਂ ਘਟਨਾਵਾਂ ਨੂੰ ਛੱਡ ਕੇ ਵੋਟਿੰਗ ਸ਼ਾਂਤੀਪੂਰਨ ਰਹੀ। 2018 ਦੀਆਂ ਵਿਧਾਨ ਸਭਾ ਚੋਣਾਂ ’ਚ ਸੂਬੇ ਅੰਦਰ ਕੁਲ 74.06 ਫ਼ੀ ਸਦੀ ਵੋਟਿੰਗ ਹੋਈ ਸੀ। ਅਧਿਕਾਰੀਆਂ ਨੇ ਦਸਿਆ ਕਿ ਸ਼ਾਮ 5 ਵਜੇ ਤਕ 68.24 ਫੀ ਸਦੀ ਵੋਟਿੰਗ ਹੋਈ। ਹਾਲਾਂਕਿ ਕਈ ਥਾਵਾਂ ’ਤੇ ਅਜੇ ਵੀ ਬੂਥਾਂ ’ਤੇ ਵੋਟਰ ਅਜਿਹੇ ਹਨ, ਜਿਨ੍ਹਾਂ ਦੀ ਆਖ਼ਰੀ ਵੋਟ ਫ਼ੀ ਸਦੀ ਉਨ੍ਹਾਂ ਦੀ ਵੋਟ ਪਾਉਣ ਤੋਂ ਬਾਅਦ ਹੀ ਪਤਾ ਲੱਗ ਸਕੇਗੀ।
ਮੁੱਖ ਚੋਣ ਅਧਿਕਾਰੀ ਪ੍ਰਵੀਨ ਗੁਪਤਾ ਨੇ ਦਸਿਆ ਕਿ ਚੋਣ ਕਮਿਸ਼ਨ ਵਲੋਂ ਜਾਰੀ ਹਦਾਇਤਾਂ ਅਨੁਸਾਰ ਜਿਹੜੇ ਵੋਟਰ 6 ਵਜੇ ਤੱਕ ਬੂਥ ਕੰਪਲੈਕਸ ’ਚ ਪਹੁੰਚ ਜਾਣਗੇ, ਉਨ੍ਹਾਂ ਨੂੰ ਅਪਣੀ ਵੋਟ ਪਾਉਣ ਦੀ ਇਜਾਜ਼ਤ ਦਿਤੀ ਜਾਵੇਗੀ। ਹਾਲਾਂਕਿ ਛੇ ਵਜੇ ਤੋਂ ਬਾਅਦ ਕਿਸੇ ਵੀ ਨਵੇਂ ਵਿਅਕਤੀ ਨੂੰ ਬੂਥ ਦੇ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿਤੀ ਜਾਵੇਗੀ।
ਸੱਤਾਧਾਰੀ ਕਾਂਗਰਸ ਅਤੇ ਮੁੱਖ ਵਿਰੋਧੀ ਧਿਰ ਭਾਜਪਾ ਦੇ ਆਗੂਆਂ ਨੇ ਦਿਨ ਵੇਲੇ ਮੀਡੀਆ ਨਾਲ ਗੱਲਬਾਤ ਕਰਦਿਆਂ ਭਰੋਸਾ ਪ੍ਰਗਟਾਇਆ ਕਿ ਉਨ੍ਹਾਂ ਦੀ ਪਾਰਟੀ ਨੂੰ ਫਤਵਾ ਮਿਲੇਗਾ। ਮੁੱਖ ਮੰਤਰੀ ਗਹਿਲੋਤ ਨੇ ਜੋਧਪੁਰ ’ਚ ਕਿਹਾ ਕਿ ਕਾਂਗਰਸ ਵਿਰੁਧ ਕੋਈ ਸੱਤਾ ਵਿਰੋਧੀ ਲਹਿਰ ਨਹੀਂ ਹੈ ਅਤੇ ਪਾਰਟੀ ਸੂਬੇ ’ਚ ਫਿਰ ਤੋਂ ਸਰਕਾਰ ਬਣਾਏਗੀ। ਉਨ੍ਹਾਂ ਕਿਹਾ, ‘‘ਅਜਿਹਾ ਲਗਦੈ ਕੋਈ ਅੰਡਰਕੱਟ ਹੈ। ਅਜਿਹਾ ਲਗਦਾ ਹੈ ਕਿ (ਕਾਂਗਰਸ) ਸਰਕਾਰ ਮੁੜ ਬਣਾਏਗੀ।’
ਜਦਕਿ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਨੇ ਝਾਲਾਵਾੜ ’ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਗਹਿਲੋਤ ਦੇ ‘ਅੰਡਰਕਰੰਟ’ ਬਿਆਨ ’ਤੇ ਵਿਅੰਗ ਕਰਦਿਆਂ ਕਿਹਾ, ‘‘ਮੈਂ ਉਨ੍ਹਾਂ ਨਾਲ ਸਹਿਮਤ ਹਾਂ। ਸੱਚਮੁੱਚ ਇਕ ‘ਅੰਡਰਕਰੰਟ’ ਹੈ ਪਰ ਇਹ ਭਾਜਪਾ ਦੇ ਹੱਕ ’ਚ ਹੈ। ਕਮਲ (ਭਾਜਪਾ ਦਾ ਚੋਣ ਨਿਸ਼ਾਨ) 3 ਦਸੰਬਰ ਨੂੰ ਖਿੜੇਗਾ।’’
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਕਈ ਹੋਰ ਨੇਤਾਵਾਂ ਨੇ ਰਾਜਸਥਾਨ ਦੇ ਲੋਕਾਂ ਨੂੰ ਵੱਡੀ ਗਿਣਤੀ ’ਚ ਵੋਟ ਪਾਉਣ ਦੀ ਅਪੀਲ ਕੀਤੀ।
ਅਧਿਕਾਰੀਆਂ ਨੇ ਦਸਿਆ ਕਿ ਜਿੱਥੇ ਪਿੰਡ ਵਾਸੀਆਂ ਨੇ ਇਕ ਪਿੰਡ ’ਚ ਵੋਟਿੰਗ ਦਾ ਬਾਈਕਾਟ ਕੀਤਾ, ਉੱਥੇ ਕੁਝ ਹਿੱਸਿਆਂ ’ਚ ਵੱਖ-ਵੱਖ ਉਮੀਦਵਾਰਾਂ ਦੇ ਸਮਰਥਕਾਂ ਦਰਮਿਆਨ ਮਾਮੂਲੀ ਝੜਪਾਂ ਵੀ ਹੋਈਆਂ। ਸਿਰੋਹੀ ਜ਼ਿਲ੍ਹੇ ਦੇ ਪਿੰਡ ਪਿੰਦਵਾੜਾ ਆਬੂ ਹਲਕੇ ਦੇ ਪਿੰਡ ਚਰਵਾਲੀ ਨੇ ਵੋਟਿੰਗ ਦਾ ਬਾਈਕਾਟ ਕੀਤਾ ਹੈ। ਇਕ ਅਧਿਕਾਰੀ ਨੇ ਦਸਿਆ ਕਿ ਪਿੰਡ ਵਾਸੀਆਂ ਦੀ ਮੰਗ ਹੈ ਕਿ ਉਨ੍ਹਾਂ ਦੀ ਗ੍ਰਾਮ ਪੰਚਾਇਤ ਨੂੰ ਬਦਲਿਆ ਜਾਵੇ ਅਤੇ ਉਨ੍ਹਾਂ ਦੇ ਪਿੰਡ ਨੇੜੇ ਹਾਈਵੇਅ ਦੇ ਨਾਲ ‘ਸੇਵਾ ਸੜਕ’ ਬਣਾਈ ਜਾਵੇ। ਪਿੰਡ ’ਚ 890 ਵੋਟਰ ਹਨ। ਅਧਿਕਾਰੀਆਂ ਨੇ ਉਨ੍ਹਾਂ ਨੂੰ ਵੋਟ ਪਾਉਣ ਲਈ ਮਨਾਉਣ ਦੀ ਕੋਸ਼ਿਸ਼ ਕੀਤੀ।
ਰਾਜਸਥਾਨ ਦੇ ਪਾਲੀ ਜ਼ਿਲ੍ਹ ’ਚ ਨੂੰ ਇਕ ਸਿਆਸੀ ਪਾਰਟੀ ਦੇ ਏਜੰਟ ਦੀ ਮੌਤ ਹੋ ਗਈ। ਅਧਿਕਾਰੀਆਂ ਮੁਤਾਬਕ ਏਜੰਟ ਸ਼ਾਂਤੀ ਲਾਲ ਦੀ ਮੌਤ ਸ਼ਾਇਦ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਇਸੇ ਤਰ੍ਹਾਂ ਸੀਕਰ ਦੇ ਫਤਿਹਪੁਰ ’ਚ ਦੋ ਧਿਰਾਂ ਵਿਚਾਲੇ ਝੜਪ ਤੋਂ ਬਾਅਦ ਪੱਥਰਬਾਜ਼ੀ ਹੋਈ। ਪੁਲਿਸ ਨੇ ਦਸਿਆ ਕਿ ਇਹ ਘਟਨਾ ਇਕ ਪੋਲਿੰਗ ਬੂਥ ਨੇੜੇ ਵਾਪਰੀ। ਥਾਣਾ ਸਦਰ ਦੇ ਅਧਿਕਾਰੀ ਇੰਦਰਰਾਜ ਸਿੰਘ ਨੇ ਦਸਿਆ ਕਿ ਬੂਥ ਨੰਬਰ 128 ’ਤੇ ਦੋ ਧਿਰਾਂ ਵਿਚਾਲੇ ਹੋਏ ਪਥਰਾਅ ’ਚ ਇਕ ਪੁਲੀਸ ਮੁਲਾਜ਼ਮ ਜ਼ਖ਼ਮੀ ਹੋ ਗਿਆ। ਜਦਕਿ ਧੌਲਪੁਰ ਦੀ ਬਾਰੀ ਸੀਟ ’ਤੇ ਦੋ ਉਮੀਦਵਾਰਾਂ ਦੇ ਸਮਰਥਕਾਂ ਦੇ ਦੋ ਧੜਿਆਂ ਵਿਚਾਲੇ ਝੜਪ ਹੋ ਗਈ।
ਇਸ ਦੇ ਨਾਲ ਹੀ ਫਤਿਹਪੁਰ ’ਚ ਵੀ ਦੋ ਧਿਰਾਂ ’ਚ ਲੜਾਈ ਹੋ ਗਈ। ਫਤਿਹਪੁਰ ਦੇ ਡਿਪਟੀ ਸੁਪਰਡੈਂਟ ਆਫ ਪੁਲਿਸ ਰਾਮ ਪ੍ਰਤਾਪ ਨੇ ਕਿਹਾ, ‘‘ਪੋਲਿੰਗ ਬੂਥ ਦੇ ਬਾਹਰ ਪਥਰਾਅ ਹੋਇਆ ਜਿਸ ’ਚ ਸਿਪਾਹੀ ਜ਼ਖ਼ਮੀ ਹੋ ਗਿਆ। ਕੋਈ ਨਾਗਰਿਕ ਜ਼ਖ਼ਮੀ ਨਹੀਂ ਹੋਇਆ। ਪੰਜ-ਸੱਤ ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ।’’
ਦੇਗ ਜ਼ਿਲੇ ਦੇ ਕਮਾਨ ਦੇ ਪਿੰਡ ਸਾਵਲੇਰ ’ਚ ਪਥਰਾਅ ’ਚ ਇਕ ਪੁਲਸ ਕਰਮਚਾਰੀ ਸਮੇਤ ਦੋ ਲੋਕ ਜ਼ਖਮੀ ਹੋ ਗਏ। ਭੀੜ ਨੂੰ ਖਿੰਡਾਉਣ ਲਈ ਪੁਲਿਸ ਨੇ ਹਵਾ ’ਚ 12 ਗੋਲੀਆਂ ਚਲਾਈਆਂ। ਡੀਈਜੀ ਦੇ ਐਸਪੀ ਬ੍ਰਿਜੇਸ਼ ਉਪਾਧਿਆਏ ਨੇ ਦਸਿਆ ਕਿ ਘਟਨਾ ਕਾਰਨ ਵੋਟਿੰਗ ਕੁਝ ਮਿੰਟਾਂ ਲਈ ਪ੍ਰਭਾਵਤ ਹੋਈ।ਇਸ ਦੇ ਨਾਲ ਹੀ ਟੋਂਕ ਜ਼ਿਲ੍ਹੇ ਦੇ ਉਨਿਆਰਾ ਵਿੱਚ 40-50 ਲੋਕਾਂ ਨੇ ਚੋਣ ਬੂਥ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ। ਪੁਲਿਸ ਸੁਪਰਡੈਂਟ ਰਾਜਰਸ਼ੀ ਰਾਜ ਨੇ ਦਸਿਆ ਕਿ ਹਾਲਾਂਕਿ ਸਥਿਤੀ ਨੂੰ ਕਾਬੂ ਵਿਚ ਕਰ ਲਿਆ ਗਿਆ ਹੈ।
ਭਾਜਪਾ ਨੇ ਰਾਹੁਲ, ਪ੍ਰਿਅੰਕਾ ’ਤੇ ਚੋਣ ਜ਼ਾਬਤੇ ਦੀ ਉਲੰਘਣਾ ਦਾ ਦੋਸ਼ ਲਗਾਇਆ,ਚੋਣ ਕਮਿਸ਼ਨ ਤੋਂ ਕੀਤੀ ਕਾਰਵਾਈ ਦੀ ਮੰਗ
ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਰਾਜਸਥਾਨ ਵਿਧਾਨ ਸਭਾ ਚੋਣਾਂ ਵਾਲੇ ਦਿਨ ਸ਼ਨਿਚਰਵਾਰ ਨੂੰ ਅਪਣੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਟਿਪਣੀ ਕਰ ਕੇ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ’ਤੇ ਚੋਣਾਂ ਨਾਲ ਸਬੰਧਤ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ਅਤੇ ਚੋਣ ਕਮਿਸ਼ਨ ਕਾਂਗਰਸੀ ਆਗੂ ਦਾ ਸੋਸ਼ਲ ਮੀਡੀਆ ਅਕਾਊਂਟ ਮੁਅੱਤਲ ਕਰਨ ਅਤੇ ਉਸ ਵਿਰੁਧ ਹੋਰ ਕਾਰਵਾਈ ਕਰਨ ਦੀ ਅਪੀਲ ਕੀਤੀ। ਦੋਹਾਂ ਕਾਂਗਰਸ ਆਗੂਆਂ ਨੇ ਅਪਣੇ ਪੋਸਟ ਜ਼ਰੀਏ ਲੋਕਾਂ ਨੂੰ ਉਨ੍ਹਾਂ ਦੀ ਪਾਰਟੀ ਨੂੰ ਵੋਟ ਦੇਣ ਦੀ ਅਪੀਲ ਕੀਤੀ ਸੀ। ਭਾਜਪਾ ਨੇ ਚੋਣ ਕਮਿਸ਼ਨ ਨੂੰ ਚਿੱਠੀ ਲਿਖ ਕੇ ਕਿਹਾ ਕਿ ਗਾਂਧੀ ਦੀਆਂ ਟਿਪਣੀਆਂ 48 ਘੰਟਿਆਂ ਦੀ ਮਿਆਦ ਦੀ ਉਲੰਘਣਾ ਕਰਦੀਆਂ ਹਨ, ਜਿਸ ’ਚ ਕਿਸੇ ਵੀ ਤਰ੍ਹਾਂ ਦੇ ਪ੍ਰਚਾਰ ਦੀ ਮਨਾਹੀ ਹੈ। ਉਨ੍ਹਾਂ ਸਾਬਕਾ ਕਾਂਗਰਸ ਪ੍ਰਧਾਨ ’ਤੇ ਲੋਕ ਪ੍ਰਤੀਨਿਧਤਾ ਐਕਟ ਅਤੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ਅਤੇ ਚੋਣ ਕਮਿਸ਼ਨ ਤੋਂ ਕਾਰਵਾਈ ਦੀ ਮੰਗ ਕੀਤੀ।
ਇਸ ’ਚ ਕਿਹਾ ਗਿਆ ਹੈ, ‘‘ਸੋਸ਼ਲ ਮੀਡੀਆ ਮੰਚ ‘ਐਕਸ’ ਅਤੇ ਉਸ ਦੇ ਅਹੁਦੇਦਾਰਾਂ ਨੂੰ ਅਕਾਊਂਅ ਤੁਰਤ ਬੰਦ ਕਰਨ ਅਤੇ ਉਕਤ ਇਤਰਾਜ਼ਯੋਗ ਸਮੱਗਰੀ ਨੂੰ ਤੁਰਤ ਹਟਾਉਣ ਦਾ ਹੁਕਮ ਦਿਤਾ ਜਾ ਸਕਦਾ ਹੈ, ਨਹੀਂ ਤਾਂ ਇਹ 48 ਘੰਟੇ ਤਕ ਦੇ ‘ਚੁੱਪ ਸਮੇਂ’ ਦਾ ਹੋਰ ਉਲੰਘਣ ਕਰ ਕੇ ਆਜ਼ਾਦ ਅਤੇ ਨਿਰਪੱਖ ਚੋਣਾਂ ਦੇ ਸਿਧਾਂਤ ਨੂੰ ਨਾ ਪੂਰਾ ਹੋਣ ਵਾਲਾ ਨੁਕਸਾਨ ਪਹੁੰਚਾਏਗਾ।’’
ਜ਼ਿਕਰਯੋਗ ਹੈ ਕਿ ਗਾਂਧੀ ਨੇ ‘ਐਕਸ’ ’ਤੇ ਇਕ ਪੋਸਟ ਰਾਹੀਂ ਲੋਕਾਂ ਨੂੰ ਕਾਂਗਰਸ ਨੂੰ ਚੁਣਨ ਦੀ ਅਪੀਲ ਕੀਤੀ। ਉਨ੍ਹਾਂ ਲਿਖਿਆ, ‘‘ਰਾਜਸਥਾਨ ਮੁਫ਼ਤ ਇਲਾਜ ਦੀ ਚੋਣ ਕਰੇਗਾ, ਰਾਜਸਥਾਨ ਸਸਤੇ ਗੈਸ ਸਿਲੰਡਰ ਦੀ ਚੋਣ ਕਰੇਗਾ, ਰਾਜਸਥਾਨ ਵਿਆਜ ਮੁਕਤ ਖੇਤੀ ਕਰਜ਼ੇ ਦੀ ਚੋਣ ਕਰੇਗਾ, ਰਾਜਸਥਾਨ ਅੰਗਰੇਜ਼ੀ ਸਿੱਖਿਆ ਦੀ ਚੋਣ ਕਰੇਗਾ, ਰਾਜਸਥਾਨ ਓ.ਪੀ.ਐਸ. (ਪੁਰਾਣੀ ਪੈਨਸ਼ਨ ਸਕੀਮ) ਦੀ ਚੋਣ ਕਰੇਗਾ, ਰਾਜਸਥਾਨ ਜਾਤੀ ਆਧਾਰਤ ਮਰਦਮਸ਼ੁਮਾਰੀ ਚੁਣੇਗਾ।’’ ਭਾਜਪਾ ਨੇ ਕਿਹਾ ਕਿ ਚੋਣ ਕਮਿਸ਼ਨ ਨੂੰ ਰਾਜਸਥਾਨ ਦੇ ਮੁੱਖ ਚੋਣ ਅਧਿਕਾਰੀ ਨੂੰ ਗਾਂਧੀ ਵਿਰੁਧ ਅਪਰਾਧਕ ਸ਼ਿਕਾਇਤ ਦਰਜ ਕਰਨ ਅਤੇ ਅਪਰਾਧਕ ਮਾਮਲਾ ਸ਼ੁਰੂ ਕਰਨ ਦਾ ਹੁਕਮ ਦੇਣਾ ਚਾਹੀਦਾ ਹੈ।
(For more news apart from Rajasthan Assembly Election 2023, stay tuned to Rozana Spokesman)