
ਤਾਪਮਾਨ ਜ਼ੀਰੋ ਤੋਂ ਵੀ ਹੇਠਾਂ ਪਹੁੰਚਿਆ
Himachal Pradesh Snowfall: ਹਿਮਾਚਲ ਪ੍ਰਦੇਸ਼ ਵਿਚ ਘੁੰਮਣ ਲਈ ਬਹੁਤ ਸਾਰੀਆਂ ਥਾਵਾਂ ਹਨ ਜਿਥੇ ਸਰਦੀਆਂ ਸ਼ੁਰੂ ਹੁੰਦੇ ਹੀ ਲੋਕ ਘੁੰਮਣ ਲਈ ਬਾਹਰ ਆ ਜਾਂਦੇ ਹਨ। ਅਜਿਹੇ 'ਚ 2024 ਦੀ ਕ੍ਰਿਸਮਿਸ 'ਤੇ ਹਿਮਾਚਲ ਪ੍ਰਦੇਸ਼ 'ਚ ਭਾਰੀ ਬਰਫ਼ਬਾਰੀ ਨੇ ਸ਼ਿਮਲਾ, ਮਨਾਲੀ, ਕੁੱਲੂ ਵਰਗੇ ਮਸ਼ਹੂਰ ਸੈਰ-ਸਪਾਟਾ ਸਥਾਨਾਂ ਨੂੰ ਬਰਫ਼ ਦੀ ਚਾਦਰ 'ਚ ਢੱਕ ਦਿਤਾ ਹੈ ਅਤੇ ਤਾਪਮਾਨ ਜ਼ੀਰੋ ਤੋਂ ਵੀ ਹੇਠਾਂ ਚਲਾ ਗਿਆ ਹੈ।
ਉਂਜ ਤਾਂ ਬਰਫ਼ਬਾਰੀ ਕਾਰਨ ਇਹ ਇਲਾਕੇ ਬਹੁਤ ਖ਼ੂਬਸੂਰਤ ਲਗ ਰਹੇ ਹਨ ਪਰ ਇਨ੍ਹਾਂ ਇਲਾਕਿਆਂ ਦੀ ਖ਼ੂਬਸੂਰਤੀ ਦਾ ਆਨੰਦ ਲੈਣ ਆਏ ਸੈਲਾਨੀਆਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਹੈ। ਕੁੱਲੂ, ਮਨਾਲੀ ਅਤੇ ਸ਼ਿਮਲਾ ਦੇ ਆਸ-ਪਾਸ ਸੜਕਾਂ 'ਤੇ ਬਰਫ਼ਬਾਰੀ ਕਾਰਨ ਟ੍ਰੈਫ਼ਿਕ ਜਾਮ ਹੋ ਗਿਆ ਅਤੇ ਕਈ ਵਾਹਨ ਬਰਫ਼ 'ਚ ਫਸ ਗਏ। ਮਨਾਲੀ-ਲੇਹ ਹਾਈਵੇਅ ਅਤੇ ਅਟਲ ਸੁਰੰਗ ਦੇ ਉੱਤਰੀ ਅਤੇ ਦੱਖਣੀ ਗੇਟਾਂ 'ਤੇ ਲਗਭਗ 1,500 ਵਾਹਨ ਬਰਫ ਵਿਚ ਫਸ ਜਾਣ ਕਾਰਨ ਸਥਿਤੀ ਹੋਰ ਵਿਗੜ ਗਈ ਹੈ।
ਬਰਫਬਾਰੀ 'ਚ ਫਸੇ 8,000 ਸੈਲਾਨੀ
ਮਨਾਲੀ ਦੇ ਡੀਐਸਪੀ ਕੇਡੀ ਸ਼ਰਮਾ ਦੇ ਅਨੁਸਾਰ, ਬਚਾਅ ਕਾਰਜ ਸੋਮਵਾਰ ਦੁਪਹਿਰ 2 ਵਜੇ ਸ਼ੁਰੂ ਹੋਇਆ ਅਤੇ ਪੂਰੀ ਰਾਤ ਜਾਰੀ ਰਿਹਾ। ਪੁਲਿਸ ਅਤੇ ਸਥਾਨਕ ਪ੍ਰਸ਼ਾਸਨਿਕ ਅਮਲੇ ਨੂੰ ਬਰਫ਼ ਹਟਾਉਣ ਅਤੇ ਸਿਫ਼ਰ ਤੋਂ ਘੱਟ ਤਾਪਮਾਨ ਵਿਚ ਫ਼ਸੇ ਵਾਹਨਾਂ ਨੂੰ ਬਚਾਉਣ ਲਈ ਸਖ਼ਤ ਜੱਦੋ-ਜਹਿਦ ਕਰਨੀ ਪਈ। ਅਗਲੀ ਸਵੇਰ ਤਕ ਸਾਰੇ 8,000 ਸੈਲਾਨੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਲਾਹੌਲ ਘਾਟੀ ਵਿਚ ਪੁਲਿਸ ਮੁਲਾਜ਼ਮਾਂ ਨੇ ਬਰਫ਼ ਹਟਾਉਣ ਲਈ ਬੇਲਚਿਆਂ ਦੀ ਵਰਤੋਂ ਕੀਤੀ। ਹਾਲਾਂਕਿ ਇੰਨੀ ਮਿਹਨਤ ਦੇ ਬਾਵਜੂਦ ਭਾਰੀ ਬਰਫ਼ਬਾਰੀ ਅਤੇ ਤਿਲਕਣ ਕਾਰਨ ਕਈ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਰਿਹਾ।
ਚਾਰ ਲੋਕਾਂ ਦੀ ਮੌਤ
ਭਾਰੀ ਬਰਫ਼ਬਾਰੀ ਕਾਰਨ ਹਿਮਾਚਲ ਪ੍ਰਦੇਸ਼ ਵਿਚ ਸੜਕ ਹਾਦਸਿਆਂ ਦੀ ਗਿਣਤੀ ਵੀ ਵਧ ਗਈ ਹੈ। ਰਿਪੋਰਟਾਂ ਦੀ ਮੰਨੀਏ ਤਾਂ ਹਿਮਾਚਲ ਪ੍ਰਦੇਸ਼ 'ਚ ਵਾਹਨ ਫ਼ਿਸਲਣ ਕਾਰਨ ਵੱਖ-ਵੱਖ ਹਾਦਸਿਆਂ 'ਚ 4 ਲੋਕਾਂ ਦੀ ਮੌਤ ਹੋ ਗਈ। ਹਿਮਾਚਲ ਪ੍ਰਦੇਸ਼ ਵਿਚ ਲਗਾਤਾਰ ਭਾਰੀ ਬਰਫ਼ਬਾਰੀ ਦੇ ਮੱਦੇਨਜ਼ਰ ਘੱਟੋ-ਘੱਟ 223 ਸੜਕਾਂ ਬੰਦ ਕਰ ਦਿਤੀਆਂ ਗਈਆਂ ਹਨ। ਜਿਸ ਵਿਚ ਨੈਸ਼ਨਲ ਹਾਈਵੇ ਸਮੇਤ ਹੋਰ ਰਸਤੇ ਵੀ ਸ਼ਾਮਲ ਹਨ। ਅਟਾਰੀ ਅਤੇ ਲੇਹ ਦੇ ਵਿਚਕਾਰ ਰਾਸ਼ਟਰੀ ਰਾਜਮਾਰਗ, ਕੁੱਲੂ ਜ਼ਿਲੇ ਦੇ ਸਾਂਜ ਤੋਂ ਔਟ, ਕਿਨੌਰ ਜ਼ਿਲੇ ਦੇ ਖਾਬ ਸੰਗਮ ਅਤੇ ਲਾਹੌਲ-ਸਪੀਤੀ ਜ਼ਿਲੇ ਦੇ ਗ੍ਰੰਫੂ ਸਮੇਤ ਲਗਭਗ 223 ਸੜਕਾਂ ਨੂੰ ਆਵਾਜਾਈ ਲਈ ਬੰਦ ਕਰ ਦਿਤਾ ਗਿਆ ਹੈ।