
ਕਿਹਾ, ਹੋਟਲ ਤੇ ਢਾਬੇ 5 ਜਨਵਰੀ ਤਕ 24 ਘੰਟੇ ਖੁੱਲ੍ਹੇ ਰਹਿਣਗੇ
ਹਿਮਾਚਲ ’ਚ ਨਵਾਂ ਸਾਲ ਮਨਾ ਰਹੇ ਸ਼ਰਾਬੀਆਂ ਨੂੰ ਪੁਲਿਸ ਇਸ ਵਾਰ ਵੀ ਨਹੀਂ ਤੰਗ ਕਰੇਗੀ। ਮੁੱਖ ਮੰਤਰੀ ਸੁਖਵਿੰਦਰ ਸੁੱਖੂ ਨੇ ਦਸਿਆ ਕਿ ਹਿਮਾਚਲ ਪੁਲਿਸ ਨੂੰ ਹੁਕਮ ਜਾਰੀ ਕਰ ਦਿਤੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਕੋਈ ਜ਼ਿਆਦਾ ਸ਼ਰਾਬੀ ਹੋ ਜਾਂਦਾ ਹੈ ਤਾਂ ਉਸ ਨੂੰ ਥਾਣੇ ਵਿਚ ਬੰਦ ਨਹੀਂ ਕੀਤਾ ਜਾਵੇਗਾ ਬਲਕਿ ਉਸ ਨੂੰ ਉਸ ਦੇ ਹੋਟਲ ’ਚ ਛੱਡ ਦਿਤਾ ਜਾਵੇਗਾ।
ਮੰਗਲਵਾਰ ਨੂੰ ਸ਼ਿਮਲਾ ’ਚ ਵਿੰਟਰ ਕਾਰਨੀਵਲ ’ਚ ਪਹੁੰਚੇ ਮੁੱਖ ਮੰਤਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਹੋਟਲ ਅਤੇ ਢਾਬੇ 5 ਜਨਵਰੀ ਤਕ 24 ਘੰਟੇ ਖੁੱਲ੍ਹੇ ਰਹਿਣਗੇ।
ਸੁਖਵਿੰਦਰ ਸੁੱਖੂ ਨੇ ਪੁਲਿਸ ਵਾਲਿਆਂ ਨੂੰ ਇਹ ਵੀ ਹਦਾਇਤ ਕੀਤੀ ਹੈ ਕਿ ਉਹ ਅਪਣੇ ਪਰਵਾਰਾਂ ਸਮੇਤ ਆਉਣ ਵਾਲੇ ਲੋਕਾਂ ਨਾਲ ਪਿਆਰ ਨਾਲ ਪੇਸ਼ ਆਉਣ ਤੇ ਉਨ੍ਹਾਂ ਨੂੰ ਤਕਲੀਫ਼ ਆਉਣ ’ਤੇ ਉਨ੍ਹਾਂ ਨਾਲ ਸਹਿਯੋਗ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਸ਼ਿਮਲਾ ਦਾ ਵਿੰਟਰ ਕਾਰਨੀਵਲ 2 ਜਨਵਰੀ ਤਕ ਹਰ ਤਰ੍ਹਾਂ ਦੇ ਸੈਲਾਨੀਆਂ ਦੇ ਸਵਾਗਤ ਲਈ ਤਿਆਰ ਹੈ। ਭਾਰਤ ਵਿਚ ‘ਅਤਿਥੀ ਦੇਵੋ ਭਵਾ’ ਦਾ ਸੱਭਿਆਚਾਰ ਹੈ ਇਸ ਲਈ ਅਸੀਂ ਸਾਰੇ ਮਹਿਮਾਨਾਂ ਨੂੰ ਪਰਮਾਤਮਾ ਸਮਝ ਕੇ ਹੀ ਉਨ੍ਹਾਂ ਦਾ ਸਵਾਗਤ ਕਰਾਂਗੇ।