ਲੜਕੀ ਨੇ 2017 ਵਿੱਚ ਆਪਣੇ ਹੋਸਟਲ ਦੇ ਕਮਰੇ ਵਿੱਚ ਲਿਆ ਸੀ ਫ਼ਾਹਾ
ਨਵੀਂ ਦਿੱਲੀ - ਸੁਪਰੀਮ ਕੋਰਟ ਨੇ ਸੀ.ਬੀ.ਆਈ. ਨੂੰ ਉੱਤਰ ਪ੍ਰਦੇਸ਼ ਦੇ ਬਰੇਲੀ ਜ਼ਿਲ੍ਹੇ ਵਿੱਚ 2017 ਵਿੱਚ ਆਪਣੇ ਹੋਸਟਲ ਦੇ ਕਮਰੇ ਵਿੱਚ ਫ਼ਾਹਾ ਲੈ ਕੇ ਕਥਿਤ ਤੌਰ ’ਤੇ ਖ਼ੁਦਕੁਸ਼ੀ ਕਰਨ ਵਾਲੀ 19 ਸਾਲਾ ਐਮ.ਬੀ.ਬੀ.ਐਸ. ਵਿਦਿਆਰਥਣ ਦੀ ਮੌਤ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਹਨ।
ਜਾਂਚ ਏਜੰਸੀਆਂ ਦੀਆਂ ਵਿਰੋਧੀ ਰਿਪੋਰਟਾਂ ਦਾ ਨੋਟਿਸ ਲੈਂਦਿਆਂ, ਜਸਟਿਸ ਅਨਿਰੁਧ ਬੋਸ ਅਤੇ ਜਸਟਿਸ ਸੁਧਾਂਸ਼ੂ ਧੂਲੀਆ ਦੇ ਬੈਂਚ ਨੇ ਸੀ.ਬੀ.ਆਈ. ਨੂੰ ਜਾਂਚ ਦੇ ਸਿੱਟੇ ਤੋਂ ਬਾਅਦ ਅਦਾਲਤ ਵਿੱਚ ਰਿਪੋਰਟ ਦਾਇਰ ਕਰਨ ਦੇ ਨਿਰਦੇਸ਼ ਦਿੱਤੇ ਹਨ।
ਬੈਂਚ ਨੇ ਕਿਹਾ, "ਇੱਕ ਨੌਜਵਾਨ ਲੜਕੀ ਦੀ ਡਾਕਟਰੀ ਪੜ੍ਹਾਈ ਦੌਰਾਨ ਗ਼ੈਰ-ਕੁਦਰਤੀ ਮੌਤ ਹੋਈ, ਅਤੇ ਦੋ ਜਾਂਚ ਏਜੰਸੀਆਂ ਨੇ ਰਿਪੋਰਟਾਂ ਦਿੱਤੀਆਂ। ਇੱਕ ਰਿਪੋਰਟ ਚਾਰਜਸ਼ੀਟ ਦੇ ਰੂਪ ਵਿੱਚ ਹੈ ਜਿਸ ਵਿੱਚ ਦੋ ਵਿਅਕਤੀਆਂ ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ ਅਤੇ ਦੂਜੀ ਨੇ ਕਲੋਜ਼ਰ ਰਿਪੋਰਟ ਦਾਇਰ ਕੀਤੀ ਹੈ।"
ਬੈਂਚ ਨੇ ਕਿਹਾ, "ਇਸ ਤੱਥ ਦੇ ਮੱਦੇਨਜ਼ਰ ਕਿ ਦੋ ਜਾਂਚ ਏਜੰਸੀਆਂ ਦੁਆਰਾ ਦਾਇਰ ਕੀਤੀਆਂ ਦੋ ਰਿਪੋਰਟਾਂ ਵਿੱਚ ਵਿਰੋਧਾਭਾਸ ਜਾਪਦਾ ਹੈ ਅਤੇ ਇਨ੍ਹਾਂ ਮਾਮਲਿਆਂ ਨੂੰ ਦੇਖਦੇ ਹੋਏ, ਸਾਡੀ ਰਾਏ ਹੈ ਕਿ ਅੱਗੇ ਦੀ ਜਾਂਚ ਕੇਂਦਰੀ ਜਾਂਚ ਬਿਊਰੋ ਦੁਆਰਾ ਕਰਵਾਈ ਜਾਣੀ ਚਾਹੀਦੀ ਹੈ। ਨਾਲ ਹੀ, ਦੋ ਜਾਂਚ ਏਜੰਸੀਆਂ ਇਸ ਮਾਮਲੇ 'ਚ ਸੀ.ਬੀ.ਆਈ. ਦੀ ਮਦਦ ਕਰਨਗੀਆਂ।
ਸਿਖਰਲੀ ਅਦਾਲਤ ਐਮ.ਬੀ.ਬੀ.ਐਸ. ਕੋਰਸ ਲਈ ਇੱਕ ਵਿੱਦਿਅਕ ਸੰਸਥਾ ਵਿੱਚ ਦਾਖ਼ਲਾ ਲੈਣ ਵਾਲੀ ਵਿਦਿਆਰਥਣ ਦੇ ਪਿਤਾ ਵੱਲੋਂ ਦਾਇਰ ਪਟੀਸ਼ਨ ’ਤੇ ਸੁਣਵਾਈ ਕਰ ਰਹੀ ਸੀ।
ਵਿਦਿਆਰਥਣ ਦੀ 5 ਸਤੰਬਰ 2017 ਨੂੰ ਗ਼ੈਰ-ਕੁਦਰਤੀ ਮੌਤ ਹੋ ਗਈ ਸੀ।
ਉਸ ਦੇ ਪਿਤਾ ਨੇ 11 ਸਤੰਬਰ, 2017 ਨੂੰ ਉਸੇ ਜ਼ਿਲ੍ਹੇ ਦੇ ਅਧਿਕਾਰ ਖੇਤਰ ਵਾਲੇ ਥਾਣੇ ਵਿੱਚ ਐਫ਼.ਆਈ.ਆਰ. ਦਰਜ ਕਰਵਾਈ ਸੀ।