
ਭਾਰਤ ਵਿੱਚ ਦਾਖ਼ਲ ਹੋਣ ਦੀ ਕਰ ਰਿਹਾ ਸੀ ਕੋਸ਼ਿਸ਼
ਗੁਜਰਾਤ: ਬੀਐਸਐਫ (ਸਰਹੱਦੀ ਸੁਰੱਖਿਆ ਬਲ) ਨੇ ਐਤਵਾਰ ਤੜਕੇ ਗੁਜਰਾਤ ਦੇ ਕੱਛ ਵਿੱਚ ਭਾਰਤ-ਪਾਕਿਸਤਾਨ ਸਰਹੱਦ ਨੇੜੇ ਇੱਕ ਪਾਕਿਸਤਾਨੀ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ। ਇਹ ਗ੍ਰਿਫ਼ਤਾਰੀ ਗਣਤੰਤਰ ਦਿਵਸ ਦੇ ਮੱਦੇਨਜ਼ਰ ਸਰਹੱਦ 'ਤੇ ਚਲਾਏ ਗਏ ਇੱਕ ਵਿਸ਼ੇਸ਼ ਆਪ੍ਰੇਸ਼ਨ ਦੌਰਾਨ ਕੀਤੀ ਗਈ। ਬੀਐਸਐਫ ਵੱਲੋਂ ਜਾਰੀ ਬਿਆਨ ਅਨੁਸਾਰ, ਐਤਵਾਰ ਤੜਕੇ ਸਰਹੱਦੀ ਵਾੜ ਦੇ ਨੇੜੇ ਸ਼ੱਕੀ ਗਤੀਵਿਧੀਆਂ ਵੇਖੀਆਂ ਗਈਆਂ। ਇਸ ਤੋਂ ਬਾਅਦ ਇਲਾਕੇ ਦੀ ਤਲਾਸ਼ੀ ਲਈ ਗਈ, ਜਿਸ ਵਿੱਚ ਇੱਕ ਪਾਕਿਸਤਾਨੀ ਨਾਗਰਿਕ ਫੜਿਆ ਗਿਆ।
ਏਜੰਸੀ ਦੇ ਅਨੁਸਾਰ, ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਖਾਵਰ ਵਜੋਂ ਹੋਈ ਹੈ, ਜੋ ਕਿ ਪਾਕਿਸਤਾਨ ਦੇ ਸਿੰਧ ਸੂਬੇ ਦੇ ਬਦੀਨ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਗਣਤੰਤਰ ਦਿਵਸ ਨੂੰ ਧਿਆਨ ਵਿੱਚ ਰੱਖਦੇ ਹੋਏ, ਬੀਐਸਐਫ ਨੇ ਅੰਤਰਰਾਸ਼ਟਰੀ ਸਰਹੱਦ 'ਤੇ ਇੱਕ ਵਿਸ਼ੇਸ਼ ਕਾਰਵਾਈ ਸ਼ੁਰੂ ਕੀਤੀ। ਇਸ ਦੌਰਾਨ ਬੀਐਸਐਫ ਦੇ ਜਵਾਨਾਂ ਨੇ ਕਿਸੇ ਵੀ ਸ਼ੱਕੀ ਗਤੀਵਿਧੀ 'ਤੇ ਨਜ਼ਰ ਰੱਖੀ। ਇਹ ਘਟਨਾ ਅਜਿਹੇ ਸਮੇਂ ਵਾਪਰੀ ਹੈ ਜਦੋਂ ਦੋ ਹਫ਼ਤੇ ਪਹਿਲਾਂ ਬੀਐਸਐਫ ਨੇ ਕੱਛ ਦੇ ਹਰਾਮੀ ਨਾਲਾ ਇਲਾਕੇ ਨੇੜੇ ਇੱਕ ਹੋਰ ਪਾਕਿਸਤਾਨੀ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ ਸੀ। ਇਹ ਪਾਕਿਸਤਾਨੀ ਨਾਗਰਿਕ ਸਰਹੱਦ ਪਾਰ ਕਰਕੇ ਭਾਰਤ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ।