
ਆਖ਼ਰ ਕਦੋਂ ਤਕ ਹਿੰਸਕ ਭੀੜਾਂ ਦੀ ਭੇਂਟ ਚੜ੍ਹਦੀਆਂ ਰਹਿਣਗੀਆਂ ਕੀਮਤੀ ਜਾਨਾਂ ਤੇ ਜਾਇਦਾਦਾਂ
ਨਵੀਂ ਦਿੱਲੀ : ਨਾਗਰਿਕਤਾ ਸੋਧ ਕਾਨੂੰਨ ਖਿਲਾਫ਼ ਹੋ ਰਹੇ ਧਰਨਾ ਪ੍ਰਦਰਸ਼ਨਾਂ ਨੇ ਅਚਾਨਕ ਹਿੰਸਕ ਰੁਖ ਅਖਤਿਆਰ ਕਰ ਲਿਆ ਹੈ। ਇਸ ਤੋਂ ਬਾਅਦ ਬੀਤੇ ਕੁੱਝ ਘੰਟਿਆਂ ਦੌਰਾਨ ਦਿੱਲੀ ਵਿਚ ਜੋ ਕੁੱਝ ਵੀ ਵਾਪਰਿਆ ਹੈ, ਉਸ ਨੇ ਅੱਜ ਤੋਂ 36 ਸਾਲ ਪਹਿਲਾਂ ਦਿੱਲੀ ਦੀਆਂ ਸੜਕਾਂ 'ਤੇ ਵਾਪਰੇ ਭਿਆਨਕ ਘਟਨਾਕ੍ਰਮ ਦੀ ਯਾਦ ਮੁੜ ਤਾਜ਼ਾ ਕਰ ਦਿਤੀ ਹੈ।
Photo
ਦਿੱਲੀ ਦੀ ਮੌਜੂਦਾ ਹਾਲਤ ਦੀ ਗੰਭੀਰਤਾ ਦਾ ਅੰਦਾਜ਼ਾ ਇਸੇ ਗੱਲ ਤੋਂ ਹੀ ਲਗਾਇਆ ਜਾ ਸਕਦਾ ਹੈ ਕਿ ਖੁਦ ਦਿੱਲੀ ਹਾਈ ਕੋਰਟ ਨੂੰ ਵੀ ਹਿੰਸਾ ਮਾਮਲੇ 'ਤੇ ਤਲਖ ਟਿੱਪਣੀਆਂ ਕਰਦਿਆਂ ਦਿੱਲੀ ਵਿਚ ਦੂਸਰਾ 1984 ਨਾ ਵਾਪਰਨ ਦੇਣ ਦੀ ਚਿਤਾਵਨੀ ਦੇਣੀ ਪਈ ਹੈ। ਉਸ ਵੇਲੇ ਵੀ ਅਜਿਹੀਆਂ ਹੀ ਹਿੰਸਕ ਭੀੜਾਂ ਨੇ ਦਿੱਲੀ ਵਿਚਲੇ ਸਿੱਖਾਂ ਦੇ ਘਰ ਘਾਟ ਸਾੜ ਕੇ ਵੱਡੀ ਗਿਣਤੀ ਸਿੱਖਾਂ ਨੂੰ ਮੌਤ ਦੇ ਘਾਟ ਉਤਾਰ ਦਿਤਾ ਸੀ। ਉਸ ਸਮੇਂ ਤੇ ਹੁਣ ਵਾਲੀ ਘਟਨਾ ਵਿਚ ਫ਼ਰਕ ਸਿਰਫ਼ ਇੰਨਾ ਹੀ ਹੈ ਕਿ ਉਸ ਵਕਤ ਪੀੜਤ ਧਿਰ ਕਾਫ਼ੀ ਕਮਜ਼ੋਰ ਸੀ, ਜਦਕਿ ਇਸ ਵਕਤ ਦੋਵੇਂ ਧਿਰਾਂ ਬਰਾਬਰ ਦੀ ਪੁਜੀਸ਼ਨ ਵਿਚ ਹਨ।
Photo
ਸੀਏਏ ਵਿਰੁਧ ਵਿਰੋਧ ਪ੍ਰਦਰਸ਼ਨ ਭਾਵੇਂ ਕਾਫ਼ੀ ਦਿਨਾਂ ਤੋਂ ਚੱਲ ਰਹੇ ਸਨ ਪਰ ਬੀਤੇ ਦੋ ਦਿਨਾਂ ਤੋਂ ਇਨ੍ਹਾਂ ਦੀ ਦਿਸ਼ਾ ਅਤੇ ਦਸ਼ਾ ਇਕਦਮ ਬਦਲ ਗਈ ਹੈ। ਪਹਿਲਾਂ ਹਿੰਸਕ ਹੋਏ ਪ੍ਰਦਰਸ਼ਨਾਕਾਰੀ ਪੁਲਿਸ ਤੇ ਸੁਰੱਖਿਆ ਦਸਤਿਆਂ ਨੂੰ ਨਿਸ਼ਾਨਾ ਬਣਾ ਰਹੇ ਸਨ। ਜਦਕਿ ਹੁਣ ਇਹ ਪ੍ਰਦਰਸ਼ਨ ਦੋ ਫਿਰਕਿਆਂ ਵਿਚਕਾਰ ਸਿੱਧੇ ਟਕਰਾਊਂ 'ਚ ਤਬਦੀਲ ਹੋ ਗਿਆ ਹੈ।
Photo
ਇਨ੍ਹਾਂ ਵਿਚੋਂ ਇਕ ਧੜਾ ਨਾਗਰਿਕਤਾ ਸੋਧ ਕਾਨੂੰਨ ਦੇ ਹੱਕ ਵਿਚ ਪ੍ਰਦਰਸ਼ਨ ਕਰਨ ਲਈ ਬਜਿੱਦ ਸੀ, ਜਦਕਿ ਦੂਜਾ ਧੜਾ ਇਸ ਕੇ ਹੱਕ ਵਿਚ ਸੀ। ਇਸ ਦੌਰਾਨ ਦੋਵਾਂ ਧੜਿਆਂ ਵਿਚਾਲੇ ਹੋਏ ਟਕਰਾਅ ਤੋਂ ਬਾਅਦ ਸਥਿਤੀ ਬਦ ਤੋਂ ਬਦਤਰ ਹੋ ਗਈ ਹੈ। ਦੋਵਾਂ ਪਾਸਿਓਂ ਤੋਂ ਹੋਏ ਇਸ ਟਕਰਾਓ ਨੂੰ ਕੰਟਰੋਲ ਕਰਨ ਲਈ ਸੁਰੱਖਿਆ ਦਸਤਿਆਂ ਨੂੰ ਵੀ ਵੱਡੀ ਮੁਸ਼ੱਕਤ ਕਰਨੀ ਪਈ।
Photo
ਇੰਨਾ ਹੀ ਨਹੀਂ, ਵੱਡੀ ਗਿਣਤੀ ਵਿਚ ਸੁਰੱਖਿਆ ਮੁਲਾਜ਼ਮਾਂ ਦੇ ਜ਼ਖ਼ਮੀ ਹੋਣ ਤੋਂ ਇਲਾਵਾ ਇਕ ਮੁਲਾਜ਼ਮ ਸ਼ਹੀਦ ਵੀ ਹੋਇਆ ਹੈ। ਇਸ ਫਿਰਕੂ ਫਸਾਦ ਵਿਚ ਹੁਣ ਤਕ 20 ਤੋਂ ਵਧੇਰੇ ਲੋਕ ਅਪਣੀ ਜਾਨ ਗੁਆ ਚੁੱਕੇ ਹਨ ਜਦਕਿ ਸੈਂਕੜਿਆਂ ਦੀ ਤਾਦਾਦ ਵਿਚ ਲੋਕ ਜ਼ਖ਼ਮੀ ਹੋਏ ਹਨ। ਅਨੇਕਾਂ ਘਰਾਂ ਅਤੇ ਦੁਕਾਨਾਂ ਨੂੰ ਲੁੱਟਣ ਤੋਂ ਬਾਅਦ ਸਾੜ ਦਿਤਾ ਗਿਆ ਹੈ।
Photo
ਇਸੇ ਦੌਰਾਨ ਹਿੰਸਕ ਭੀੜਾਂ ਅੱਗੇ ਜੋ ਕੁੱਝ ਵੀ ਆਇਆ, ਉਸ ਦੀ ਭੰਨਤੋੜ ਤੋਂ ਬਾਅਦ ਅੱਗ ਦੇ ਹਵਾਲੇ ਕਰ ਦਿਤਾ ਗਿਆ। ਜਦੋਂ ਵੀ ਰੋਸ ਪ੍ਰਦਰਸ਼ਨਾਂ ਦੇ ਨਾਂ ਹੇਠ ਵੱਡੀਆਂ ਭੀੜਾਂ ਇਕੱਠੀਆਂ ਹੁੰਦੀਆਂ ਹਨ, ਉਨ੍ਹਾਂ ਰਾਹੀਂ ਅਜਿਹੇ ਵਰਤਾਰੇ ਹੋਣ ਦੀਆਂ ਸੰਭਾਵਨਾਵਾਂ ਵੱਧ ਜਾਂਦੀਆਂ ਹਨ। 1984 ਦੇ ਦਿੱਲੀ ਦੰਗਿਆਂ ਤੋਂ ਇਲਾਵਾ ਇਸ ਦੀਆਂ ਹੋਰ ਵੀ ਕਈ ਉਦਾਹਰਨਾਂ ਹਨ।
Photo
ਅਜਿਹਾ ਹੀ ਨਜ਼ਾਰਾ ਸੌਧਾ ਸਾਧ ਨੂੰ ਸਜ਼ਾ ਵਾਲੇ ਦਿਨ ਹਰਿਆਣਾ ਦੇ ਪੰਚਕੂਲਾ ਸ਼ਹਿਰ ਵਿਖੇ ਸਾਹਮਣੇ ਆਇਆ ਸੀ। ਪਰ ਸਰਕਾਰਾਂ ਫਿਰ ਵੀ ਅਜਿਹੀਆਂ ਸੰਭਾਵਨਾਵਾਂ ਦਾ ਪਤਾ ਹੋਣ ਦੇ ਬਾਵਜੂਦ ਵੀ ਸਮਾਂ ਰਹਿੰਦੇ ਪੁਖਤਾ ਇੰਤਜ਼ਾਮ ਨਹੀਂ ਕਰਦੀਆਂ।
Photo
ਜੇਕਰ ਇਸ ਸਬੰਧੀ ਪਹਿਲਾਂ ਹੀ ਪੁਖਤਾ ਇੰਤਜਾਮ ਕੀਤੇ ਹੁੰਦੇ, ਤਾਂ ਸ਼ਾਇਦ ਹਿੰਸਕ ਭੀੜਾਂ ਦਾ ਸ਼ਿਕਾਰ ਬਣੀਆਂ 20 ਜਾਨਾਂ ਬਚਾਈਆਂ ਜਾ ਸਕਦੀਆਂ ਸਨ। ਪੰਚਕੂਲਾ ਹਿੰਸਾ ਵਿਚ ਵੀ ਕਈ ਦਰਜਨ ਜਾਨਾਂ ਗੁਆਉਣ ਤੋਂ ਬਾਅਦ ਇਸ 'ਤੇ ਕਾਬੂ ਪਾਇਆ ਜਾ ਸਕਿਆ ਸੀ। ਅਜਿਹਾ ਹੀ ਦਿੱਲੀ ਵਿਚ ਹੁੰਦਾ ਵਿਖਾਈ ਦੇ ਰਿਹਾ ਹੈ।