
ਟੋਲ ਵਸੂਲੀ ਤੋਂ ਛੋਟ ਦੇਣ ਦੀ ਮੰਗ
ਜੰਮੂ-ਕਸ਼ਮੀਰ: ਮਾਤਾ ਵੈਸ਼ਨੋ ਦੇਵੀ ਮੰਦਰ ਦੇ ਤੀਰਥ ਮੁਸਾਫ਼ਰਾਂ ਸਮੇਤ ਸ਼ਰਧਾਲੂਆਂ ਨੂੰ ਵੱਡੀ ਰਾਹਤ ਦਿੰਦਿਆਂ ਜੰਮੂ-ਕਸ਼ਮੀਰ ਅਤੇ ਲੱਦਾਖ ਹਾਈ ਕੋਰਟ ਨੇ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਵਸੂਲੀ ਜਾ ਰਹੀ ਭਾਰੀ ਟੋਲ ਫੀਸ ਨੂੰ ਚਾਰ ਮਹੀਨਿਆਂ ਦੇ ਅੰਦਰ ਘਟਾਉਣ ਦੇ ਹੁਕਮ ਦਿਤੇ ਹਨ।
ਅਦਾਲਤ ਨੇ ਇਹ ਵੀ ਕਿਹਾ ਕਿ ਲਖਨਪੁਰ ਅਤੇ ਬਨ ਟੋਲ ਪਲਾਜ਼ਾ ’ਤੇ ਵਸੂਲੀ ਜਾਣ ਵਾਲੀ ਫੀਸ ਪਿਛਲੇ ਸਾਲ 26 ਜਨਵਰੀ ਤੋਂ ਪਹਿਲਾਂ ਲਾਗੂ ਦਰਾਂ ਦਾ 20 ਫ਼ੀ ਸਦੀ ਹੋਵੇਗੀ ਜਦੋਂ ਤਕ ਲਖਨਪੁਰ ਤੋਂ ਊਧਮਪੁਰ ਤਕ ਕੌਮੀ ਰਾਜਮਾਰਗ ਪੂਰੀ ਤਰ੍ਹਾਂ ਚਾਲੂ ਨਹੀਂ ਹੋ ਜਾਂਦਾ।
ਚੀਫ ਜਸਟਿਸ ਤਾਸ਼ੀ ਰਾਬਸਤਾਨ ਅਤੇ ਜਸਟਿਸ ਐਮ.ਏ. ਚੌਧਰੀ ਦੀ ਡਿਵੀਜ਼ਨ ਬੈਂਚ ਨੇ ਇਹ ਹੁਕਮ ਉਸ ਜਨਹਿੱਤ ਪਟੀਸ਼ਨ ’ਤੇ ਦਿਤਾ, ਜਿਸ ’ਚ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸਵੇਅ ’ਤੇ ਚੱਲ ਰਹੇ ਕੰਮ ਦੇ ਪੂਰਾ ਹੋਣ ਤਕ ਲਖਨਪੁਰ ਅਤੇ ਬਨ ਵਿਚਕਾਰ ਜੰਮੂ-ਪਠਾਨਕੋਟ ਹਾਈਵੇਅ ’ਤੇ ਟੋਲ ਵਸੂਲੀ ਤੋਂ ਛੋਟ ਦੇਣ ਦੀ ਮੰਗ ਕੀਤੀ ਗਈ ਸੀ। ਹਾਈਵੇਅ ਨੂੰ ਐਕਸਪ੍ਰੈਸਵੇਅ ਨਾਲ ਜੋੜਨ ਲਈ ਵਧਾਇਆ ਜਾ ਰਿਹਾ ਹੈ।