
ਨ੍ਹਾਂ ਦੋਵਾਂ ਵਿਆਕਤੀਆਂ ਨੂੰ 22 ਫ਼ਰਵਰੀ ਦੀ ਰਾਤ ਜੰਮੂ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।
ਜੰਮੂ (ਸਰਬਜੀਤ ਸਿੰਘ) : ਦਿੱਲੀ ਪੁਲਿਸ ਵਲੋਂ 26 ਜਨਵਰੀ ਨੂੰ ਕਿਸਾਨ ਟਰੈਕਟਰ ਪਰੇਡ ਦੌਰਾਨ ਲਾਲ ਕਿਲ੍ਹੇ ਵਿਚ ਹੋਈ ਹਿੰਸਾ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤੇ ਗਏ ਜੰਮੂ ਕਸ਼ਮੀਰ ਯੂਨਾਈਟਿਡ ਕਿਸਾਨ ਫਰੰਟ ਦੇ ਚੇਅਰਮੈਨ ਰਾਗੀ ਭਾਈ ਮਹਿੰਦਰ ਸਿੰਘ ਖ਼ਾਲਸਾ ਅਤੇ ਮਨਦੀਪ ਸਿੰਘ ਦੀ ਰਿਹਾਈ ਤੋਂ ਬਾਅਦ ਜੰਮੂ ਪਹੁੰਚਣ ਤੇ ਲੋਕਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਇਨ੍ਹਾਂ ਦੋਵਾਂ ਵਿਆਕਤੀਆਂ ਨੂੰ 22 ਫ਼ਰਵਰੀ ਦੀ ਰਾਤ ਜੰਮੂ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।
Mahinder Singh Khalsa and Mandeep Singh
ਇਨ੍ਹਾਂ ਉਪਰ ਲਾਲ ਕਿਲ੍ਹੇ ਵਿਚ ਹੋਈ ਹਿੰਸਾ ’ਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਗਿਆ ਸੀ। ਕੱਲ੍ਹ ਭਾਈ ਮਹਿੰਦਰ ਸਿੰਘ ਖ਼ਾਲਸਾ ਅਤੇ ਮਨਦੀਪ ਸਿੰਘ ਜਿਵੇਂ ਹੀ ਦੁਪਹਿਰ 3 ਵਜੇ ਦੇ ਕਰੀਬ ਪੰਜਾਬ ਤੋਂ ਲਖਨਪੁਰ (ਜੰਮੂ) ਅੰਦਰ ਦਾਖ਼ਲ ਹੋਏ ਉਥੇ ਪਹਿਲਾਂ ਤੋਂ ਹੀ ਇੰਤਜ਼ਾਰ ਵਿਚ ਖੜੀਆਂ ਜ਼ਿਲ੍ਹਾ ਕਠੂਆ ਦੀਆਂ ਸੰਗਤਾਂ ਨੇ ਫੁੱਲਾਂ ਦੀ ਵਰਖਾ ਨਾਲ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਮਜ਼ਦੂਰ ਕਿਸਾਨ ਅੰਦੋਲਨ ਜ਼ਿੰਦਾਬਾਦ ਦੇ ਨਾਹਰੇ ਲਗਾਏ।
ਉਸ ਤੋਂ ਬਾਅਦ ਗੱਡੀਆਂ ਦਾ ਕਾਫ਼ਲਾ ਜਲੂਸ ਦੀ ਸ਼ਕਲ ਵਿਚ ਜੰਮੂ ਦੇ ਕੁੰਜ਼ਵਾਨੀ ਚੌਕ ਪਹੁੰਚਿਆਂ, ਜਿਥੇ ਜੰਮੂ ਅਤੇ ਉਸ ਦੇ ਆਸਪਾਸ ਦੇ ਇਲਾਕਿਆਂ ਦੀਆਂ ਸੰਗਤਾਂ ਵਲੋਂ ਦੋਵਾਂ ਨੌਜਵਾਨਾਂ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ। ਬਾਅਦ ਵਿਚ ਭਾਈ ਮਹਿੰਦਰ ਸਿੰਘ ਖਾਲਸਾ ਅਤੇ ਮਨਦੀਪ ਸਿੰਘ ਡੇਰਾ ਨੰਗਾਲੀ ਸਾਹਿਬ ਦੇ ਮਹੰਤ ਮਨਜੀਤ ਸਿੰਘ ਜੀ ਦਾ ਅਸ਼ੀਰਵਾਦ ਲੈਣ ਲਈ ਗੁਰਦੁਆਰਾ ਡਿਗਿਆਣਾ ਆਸ਼ਰਮ ਪਹੁੰਚੇ। ਜਿਥੇ ਮਹੰਤ ਮਨਜੀਤ ਸਿੰਘ ਨੇ ਭਾਈ ਮਹਿੰਦਰ ਸਿੰਘ ਖ਼ਾਲਸਾ ਅਤੇ ਮਨਦੀਪ ਸਿੰਘ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ।
ਉਸ ਮੌਕੇ ਭਾਈ ਮਹਿੰਦਰ ਸਿੰਘ ਖ਼ਾਲਸਾ ਅਤੇ ਮਨਦੀਪ ਸਿੰਘ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨ ਅੰਦੋਲਨ ਸਿਰਫ ਕਿਸਾਨਾਂ ਦਾ ਅੰਦੋਨਲ ਨਹੀਭ ਸਗੋਂ ਹਰ ਵਰਗ ਦਾ ਅੰਦੋਲਨ ਹੈ। ਉਨ੍ਹਾਂ ਕਿਹਾ ਕਿ ਹੁਣ ਵੀ ਮੌਕਾ ਹੈ ਕਿ ਪ੍ਰਧਾਨ ਮੰਤਰੀ ਅਪਣੀ ਹੱਠ-ਧਰਮੀ ਛੱਡ ਕੇ ਕਿਸਾਨਾਂ ਨਾਲ ਸਿੱਧੀ ਗੱਲ ਕਰਨ ਅਤੇ ਤਿੰਨਾਂ ਕਨੂੰਨਾਂ ਨੂੰ ਤੁਰਤ ਵਾਪਸ ਲੈਣ।