
ਦੋਸ਼ੀ ਨੇ ਈ-ਮੇਲ ਰਾਹੀਂ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ।
ਮੁੰਬਈ : ਫਿਲਮ ਅਦਾਕਾਰ ਸਲਮਾਨ ਖਾਨ ਨੂੰ ਧਮਕੀ ਦੇਣ ਦੇ ਮਾਮਲੇ 'ਚ ਮੁੰਬਈ ਪੁਲਿਸ ਨੇ ਕਾਰਵਾਈ ਕਰਦਿਆਂ ਦੋਸ਼ੀ ਧਾਕੜ ਰਾਮ ਵਿਸ਼ਨੋਈ ਨੂੰ ਜੋਧਪੁਰ ਤੋਂ ਗ੍ਰਿਫਤਾਰ ਕੀਤਾ ਹੈ। ਮੁੰਬਈ ਪੁਲਿਸ ਅਤੇ ਲੁਨੀ ਥਾਣੇ ਦੀ ਪੁਲਸ ਨੇ ਸਾਂਝੀ ਕਾਰਵਾਈ ਕੀਤੀ। ਦੋਸ਼ੀ ਨੇ ਈ-ਮੇਲ ਰਾਹੀਂ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ।
ਮੁੰਬਈ ਦੇ ਬਾਂਦਰਾ ਪੁਲਿਸ ਸਟੇਸ਼ਨ 'ਚ ਜਾਨੋਂ ਮਾਰਨ ਦੀ ਧਮਕੀ ਦੇਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਗ੍ਰਿਫਤਾਰੀ ਤੋਂ ਬਾਅਦ ਪੁਲਿਸ ਰੋਹੀਕਾ ਕਲਾਂ ਦੇ ਰਹਿਣ ਵਾਲੇ 21 ਸਾਲਾ ਧਾਕੜ ਰਾਮ ਵਿਸ਼ਨੋਈ ਨੂੰ ਮੁੰਬਈ ਲੈ ਗਈ ਹੈ। ਧਾਕੜ ਰਾਮ ਵਿਸ਼ਨੋਈ 'ਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਧਮਕੀਆਂ ਦੇਣ ਦਾ ਵੀ ਦੋਸ਼ ਹੈ। ਸਲਮਾਨ ਖਾਨ ਨੂੰ ਮਿਲ ਰਹੀਆਂ ਧਮਕੀਆਂ ਤੋਂ ਬਾਅਦ ਪੁਲਿਸ ਨੇ ਸੁਰੱਖਿਆ ਹੋਰ ਵਧਾ ਦਿੱਤੀ ਸੀ।
ਇਕ ਸੋਸ਼ਲ ਮੀਡੀਆਂ ਦੇ ਇੱਕ ਚੈਨਲ ਨੂੰ ਇੰਟਰਵਿਊ ਦਿੰਦੇ ਹੋਏ ਗੈਂਗਸਟਰ ਲਾਰੇਂਸ ਬਿਸ਼ਨੋਈ ਨੇ ਸੁਪਰਸਟਾਰ ਨੂੰ ਮੁਆਫੀ ਮੰਗਣ ਲਈ ਕਿਹਾ ਸੀ। ਮੁਆਫੀ ਨਾ ਮੰਗਣ 'ਤੇ ਨਤੀਜੇ ਭੁਗਤਣ ਦੀ ਚਿਤਾਵਨੀ ਦਿੱਤੀ ਗਈ ਸੀ। ਪੁਲਿਸ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਉਸ ਦੇ ਸਾਥੀ ਗੋਲਡੀ ਬਰਾੜ ਖ਼ਿਲਾਫ਼ ਅਦਾਕਾਰ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਇਹ ਐਫਆਈਆਰ ਸਲਮਾਨ ਖਾਨ ਦੇ ਦੋਸਤ ਪ੍ਰਸ਼ਾਂਤ ਗੁੰਜਾਲਕਰ ਦੀ ਤਰਫੋਂ ਦਰਜ ਕਰਵਾਈ ਗਈ ਸੀ। ਸਲਮਾਨ ਦੀ ਸੁਰੱਖਿਆ ਲਈ 2 ਸਹਾਇਕ ਪੁਲਿਸ ਇੰਸਪੈਕਟਰ ਰੈਂਕ ਦੇ ਅਧਿਕਾਰੀ ਅਤੇ 8-10 ਕਾਂਸਟੇਬਲ ਤਾਇਨਾਤ ਕੀਤੇ ਗਏ ਸਨ।