
ਭ੍ਰਿਸ਼ਟਾਚਾਰ ਵਿਚ ਡੁੱਬੇ ਲੋਕ ਸੱਤਿਆਗ੍ਰਹਿ ਨਹੀਂ ਕਰ ਸਕਦੇ।
ਲਖਨਊ: ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਕਾਂਗਰਸ ਪਾਰਟੀ ਅਤੇ ਰਾਹੁਲ ਗਾਂਧੀ 'ਤੇ ਵਰ੍ਹੇ ਹਨ। ਕਾਂਗਰਸ ਦੇ ਸੱਤਿਆਗ੍ਰਹਿ ਪ੍ਰੋਗਰਾਮ 'ਤੇ ਚੁਟਕੀ ਲੈਂਦਿਆਂ ਉਨ੍ਹਾਂ ਕਿਹਾ ਕਿ ਲੋਕਤੰਤਰ ਨੂੰ ਕਮਜ਼ੋਰ ਕਰਨ ਵਾਲੇ ਸੱਤਿਆਗ੍ਰਹਿ ਨਹੀਂ ਕਰ ਸਕਦੇ। ਦੇਸ਼ ਨੂੰ ਭਾਸ਼ਾਵਾਦ ਅਤੇ ਖੇਤਰਵਾਦ ਦੇ ਆਧਾਰ 'ਤੇ ਵੰਡਣ ਵਾਲੇ ਵੀ ਸੱਤਿਆਗ੍ਰਹਿ ਨਹੀਂ ਕਰ ਸਕਦੇ। ਮੌਨ ਜੀਵਾਂ ਦੀ ਲਗੱਲ ਤਾਂ ਦੂਰ, ਜਿਨ੍ਹਾਂ ਨੂੰ ਮਨੁੱਖਾਂ ਪ੍ਰਤੀ ਕੋਈ ਹਮਦਰਦੀ ਨਹੀਂ ਉਹਨਾਂ ਨੂੰ ਤਾਂ ਸਤਿਆਗ੍ਰਹਿ ਕਰਨ ਦਾ ਕੋਈ ਹੱਕ ਨਹੀਂ। ਐਤਵਾਰ ਨੂੰ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਸੀਐੱਮ ਯੋਗੀ ਨੇ ਕਾਂਗਰਸ ਪਾਰਟੀ 'ਤੇ ਨਿਸ਼ਾਨਾ ਸਾਧਿਆ।
ਸੀਐਮ ਯੋਗੀ ਨੇ ਕਿਹਾ ਕਿ ਗਾਂਧੀ ਜੀ ਨੇ ਹਮੇਸ਼ਾ ਸੱਚ, ਅਹਿੰਸਾ ਨੂੰ ਆਪਣੇ ਜੀਵਨ ਵਿਚ ਥਾਂ ਦਿੱਤੀ ਹੈ। ਉਹਨਾਂ ਨੇ ਇਸ ਸਬੰਧੀ ਮੰਗ ਕੀਤੀ ਸੀ। ਉਹਨਾਂ ਦੀ ਬੇਨਤੀ ਨੂੰ ਸੱਤਿਆਗ੍ਰਹਿ ਕਿਹਾ ਜਾਂਦਾ ਸੀ। ਉਨ੍ਹਾਂ ਕਿਹਾ ਕਿ ਦੇਸ਼ 'ਤੇ ਰਾਜ ਕਰਨ ਦਾ ਮੌਕਾ ਬਹੁਤ ਸਾਰੇ ਲੋਕਾਂ ਨੂੰ ਮਿਲਿਆ ਹੈ, ਪਰ ਜਿਨ੍ਹਾਂ ਨੂੰ ਇਨਸਾਨਾਂ ਪ੍ਰਤੀ ਜਜ਼ਬਾ ਨਹੀਂ ਉਹ ਸੱਤਿਆਗ੍ਰਹਿ ਕਿਵੇਂ ਕਰਨਗੇ। ਜੋ ਵਿਅਕਤੀ ਅਸੱਤ ਦੇ ਮਾਰਗ 'ਤੇ ਚੱਲਦਾ ਹੈ, ਉਹ ਸੱਤਿਆਗ੍ਰਹਿ ਦੀ ਗੱਲ ਨਹੀਂ ਕਰ ਸਕਦਾ। ਭ੍ਰਿਸ਼ਟਾਚਾਰ ਵਿਚ ਡੁੱਬੇ ਲੋਕ ਸੱਤਿਆਗ੍ਰਹਿ ਨਹੀਂ ਕਰ ਸਕਦੇ।
ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਸੱਤਿਆਗ੍ਰਹਿ ਦੀ ਵਿਆਖਿਆ ਕਰਦੇ ਹੋਏ ਸੀਐਮ ਯੋਗੀ ਨੇ ਕਿਹਾ ਕਿ ਸੱਤਿਆਗ੍ਰਹਿ ਮਨ, ਬਚਨ ਅਤੇ ਕਰਮ ਦਾ ਪਾਲਣ ਕਰਨਾ ਹੈ। ਕਾਂਗਰਸੀ ਆਗੂਆਂ ਦੇ ਚਾਲ-ਚਲਣ 'ਤੇ ਚੁਟਕੀ ਲੈਂਦਿਆਂ ਉਨ੍ਹਾਂ ਕਿਹਾ ਕਿ ਜਿਸ ਦਾ ਚਾਲ-ਚਲਣ, ਸੋਚ, ਕਹਿਣੀ ਤੇ ਕਰਨੀ ਵੱਖ-ਵੱਖ ਹੋਵੇ, ਉਹ ਸੱਤਿਆਗ੍ਰਹਿ ਨਹੀਂ ਕਰ ਸਕਦਾ। ਆਪਣੇ ਦੇਸ਼ ਦੀ ਨਿੰਦਾ ਕਰਨ ਵਾਲਾ, ਭਾਰਤ ਨੂੰ ਕਟਹਿਰੇ ਵਿਚ ਖੜ੍ਹਾ ਕਰਨ ਵਾਲਾ ਅਤੇ ਦੇਸ਼ ਦੇ ਬਹਾਦਰ ਸੈਨਿਕਾਂ ਦਾ ਸਤਿਕਾਰ ਨਾ ਕਰਨ ਵਾਲਾ ਵਿਅਕਤੀ ਸੱਤਿਆਗ੍ਰਹਿ ਦੀ ਗੱਲ ਕਰੇ ਤਾਂ ਇਹ ਵੱਡੀ ਵਿਡੰਬਨਾ ਹੈ।