
ਪੀਐਮ ਮੋਦੀ ਨੇ ਸੁਖਬੀਰ ਸਿੰਘ ਸੰਧੂ ਦੀ ਖੂਬ ਤਾਰੀਫ ਕੀਤੀ।
ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮਨ ਕੀ ਬਾਤ ਪ੍ਰੋਗਰਾਮ ਵਿਚ ਅੰਗਦਾਨ ਬਾਰੇ ਗੱਲ ਕੀਤੀ। ਇਸ ਬਾਰੇ ਉਨ੍ਹਾਂ ਅੰਮ੍ਰਿਤਸਰ ਦੇ ਸੁਖਬੀਰ ਸਿੰਘ ਸੰਧੂ ਨਾਲ ਗੱਲਬਾਤ ਕੀਤੀ, ਜਿਨ੍ਹਾਂ ਨੇ ਆਪਣੀ 39 ਦਿਨਾਂ ਦੀ ਬੇਟੀ ਅਬਾਬਤ ਕੌਰ ਦੇ ਅੰਗ ਦਾਨ ਕੀਤੇ। ਪੀਐਮ ਮੋਦੀ ਨੇ ਮਨ ਕੀ ਬਾਤ ਪ੍ਰੋਗਰਾਮ ਵਿਚ ਸੁਖਬੀਰ ਸਿੰਘ ਸੰਧੂ ਦਾ ਧੰਨਵਾਦ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਸੁਖਬੀਰ ਸਿੰਘ ਸੰਧੂ ਦੇ ਸਮੁੱਚੇ ਪਰਿਵਾਰ ਦਾ ਧੰਨਵਾਦ ਕੀਤਾ। ਪੀਐਮ ਮੋਦੀ ਨੇ ਸੁਖਬੀਰ ਸਿੰਘ ਸੰਧੂ ਦੀ ਖੂਬ ਤਾਰੀਫ ਕੀਤੀ।
ਪੀਐੱਮ ਮੋਦੀ ਨੇ ਸੁਖਬੀਰ ਸਿੰਘ ਨੂੰ ਕਿਹਾ ਕਿ ਅਜਿਹਾ ਨਹੀਂ ਹੈ ਕਿ ਅੱਜ ਤੁਹਾਡੀ ਧੀ ਦਾ ਸਿਰਫ਼ ਇੱਕ ਹਿੱਸਾ ਜ਼ਿੰਦਾ ਹੈ। ਤੁਹਾਡੀ ਧੀ ਮਨੁੱਖਤਾ ਦੀ ਅਮਰ ਗਾਥਾ ਦੀ ਅਮਰ ਯਾਤਰੀ ਬਣ ਗਈ ਹੈ। ਉਹ ਆਪਣੇ ਸਰੀਰ ਦੇ ਅੰਗਾਂ ਰਾਹੀਂ ਅੱਜ ਵੀ ਜ਼ਿੰਦਾ ਹੈ। ਇਸ ਨੇਕ ਕੰਮ ਲਈ ਮੈਂ ਤੁਹਾਡੀ, ਤੁਹਾਡੀ ਪਤਨੀ, ਤੁਹਾਡੇ ਪਰਿਵਾਰ ਨੂੰ ਸਲਾਮ ਕਰਦਾ ਹਾਂ।
Ababat Kaur's Father
ਪੀਐੱਮ ਮੋਦੀ ਨੇ ਕਿਹਾ ਕਿ ਮੈਂ ਸੋਚਿਆ ਕਿ ਇਹ ਬਹੁਤ ਪ੍ਰੇਰਨਾਦਾਇਕ ਹੈ ਕਿ ਮੈਂ ਤੁਹਾਡੇ ਆਪਣੇ ਮੂੰਹੋਂ ਬੇਟੀ ਅਬਾਬਤ ਕੌਰ ਦੀ ਕਹਾਣੀ ਸੁਣਾ ਕਿਉਂਕਿ ਜਦੋਂ ਘਰ ਵਿੱਚ ਧੀ ਦਾ ਜਨਮ ਹੁੰਦਾ ਹੈ ਤਾਂ ਇਹ ਬਹੁਤ ਸਾਰੇ ਸੁਪਨੇ ਅਤੇ ਖੁਸ਼ੀਆਂ ਲੈ ਕੇ ਆਉਂਦੀ ਹੈ, ਪਰ ਜੇ ਧੀ ਇੰਨੀ ਜਲਦੀ ਚਲੀ ਜਾਂਦੀ ਹੈ ਤਾਂ ਮੈਂ ਸਮਝ ਸਕਦਾ ਹਾਂ ਕਿ ਇਹ ਕਿੰਨਾ ਗੰਭੀਰ ਦਰਦ ਹੋਵੇਗਾ। ਗੁਰੂਆਂ ਦੇ ਦਿੱਤੇ ਉਪਦੇਸ਼ ਨੂੰ ਤੁਸੀਂ ਸੱਚ ਕਰ ਕੇ ਦਿਖਾਇਆ ਹੈ।
ਦੱਸ ਦਈਏ ਕਿ ਇਸ ਦੁਨੀਆ ਨੂੰ ਅਲਵਿਦਾ ਕਹਿਣ ਤੋਂ ਪਹਿਲਾਂ ਪੰਜਾਬ ਦੇ ਅੰਮ੍ਰਿਤਸਰ ਦੀ ਰਹਿਣ ਵਾਲੀ 39 ਦਿਨਾਂ ਦੀ ਮਾਸੂਮ ਬੱਚੀ ਅਬਾਬਤ ਕੌਰ ਸੰਧੂ ਨੇ ਪੀਜੀਆਈ ਵਿਚ ਦਾਖ਼ਲ ਇੱਕ ਹੋਰ ਮਰੀਜ਼ ਨੂੰ ਨਵੀਂ ਜ਼ਿੰਦਗੀ ਦਿੱਤੀ ਸੀ। ਅਬਾਬਤ ਕੌਰ ਦਾ ਜਨਮ 28 ਅਕਤੂਬਰ ਨੂੰ ਹੋਇਆ ਸੀ। ਮਾਂ ਦਾ ਹੱਥ ਫੜੇ 39 ਦਿਨ ਵੀ ਨਹੀਂ ਹੋਏ ਸਨ ਕਿ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ। ਸੁਖਬੀਰ ਸਿੰਘ ਸੰਧੂ ਅਤੇ ਸੁਪ੍ਰੀਤ ਕੌਰ ਆਪਣੀ ਮਾਸੂਮ ਬੱਚੀ ਨੂੰ ਇਲਾਜ ਲਈ 25 ਨਵੰਬਰ ਨੂੰ ਪੀਜੀਆਈ ਲੈ ਕੇ ਆਏ ਸਨ। ਪਰ ਡਾਕਟਰਾਂ ਨੇ ਕਿਹਾ ਕਿ ਉਨ੍ਹਾਂ ਦੇ ਬੱਚੇ ਦੇ ਦਿਮਾਗ ਵਿੱਚ ਬਿਮਾਰੀ ਹੋਣ ਕਾਰਨ ਬੱਚੇ ਦਾ ਬਚਣਾ ਮੁਸ਼ਕਲ ਹੈ।
Ababat Kaur Family
ਅਜਿਹੇ 'ਚ ਮਾਸੂਮ ਦੇ ਮਾਤਾ-ਪਿਤਾ ਨੇ ਅੰਗ ਦਾਨ ਕਰਨ ਦਾ ਫ਼ੈਸਲਾ ਕੀਤਾ ਸੀ। ਅਬਾਬਤ ਕੌਰ ਦੇ ਦੋਵੇਂ ਗੁਰਦੇ ਦਾਨ ਕੀਤੇ ਗਏ। ਹਾਲਾਂਕਿ ਟਰਾਂਸਪਲਾਂਟ ਦੌਰਾਨ ਡਾਕਟਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਆਧੁਨਿਕ ਮੈਡੀਕਲ ਵਿਗਿਆਨ ਦੇ ਇਸ ਯੁੱਗ ਵਿੱਚ ਅੰਗ ਦਾਨ ਕਿਸੇ ਨੂੰ ਜੀਵਨ ਦੇਣ ਦਾ ਇੱਕ ਬਹੁਤ ਮਹੱਤਵਪੂਰਨ ਸਾਧਨ ਬਣ ਗਿਆ ਹੈ। ਕਿਹਾ ਜਾਂਦਾ ਹੈ ਕਿ ਜਦੋਂ ਕੋਈ ਵਿਅਕਤੀ ਮੌਤ ਤੋਂ ਬਾਅਦ ਆਪਣਾ ਸਰੀਰ ਦਾਨ ਕਰਦਾ ਹੈ ਤਾਂ 8 ਤੋਂ 9 ਲੋਕਾਂ ਨੂੰ ਨਵੀਂ ਜ਼ਿੰਦਗੀ ਮਿਲਣ ਦੀ ਸੰਭਾਵਨਾ ਹੁੰਦੀ ਹੈ।
ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਇਹ ਤਸੱਲੀ ਦੀ ਗੱਲ ਹੈ ਕਿ ਅੱਜ ਦੇਸ਼ ਵਿੱਚ ਅੰਗਦਾਨ ਪ੍ਰਤੀ ਜਾਗਰੂਕਤਾ ਵੀ ਵੱਧ ਰਹੀ ਹੈ। ਸਾਲ 2013 ਵਿਚ ਸਾਡੇ ਦੇਸ਼ ਵਿੱਚ ਅੰਗਦਾਨ ਦੇ 5 ਹਜ਼ਾਰ ਤੋਂ ਵੀ ਘੱਟ ਮਾਮਲੇ ਸਾਹਮਣੇ ਆਏ ਸਨ। ਪਰ ਸਾਲ 2022 ਵਿਚ ਇਹ ਗਿਣਤੀ 15 ਹਜ਼ਾਰ ਤੋਂ ਵੱਧ ਹੋ ਗਈ ਹੈ। ਜਿਨ੍ਹਾਂ ਲੋਕਾਂ ਨੇ ਅੰਗ ਦਾਨ ਕੀਤੇ, ਉਨ੍ਹਾਂ ਦੇ ਪਰਿਵਾਰਾਂ ਨੇ ਸੱਚਮੁੱਚ ਬਹੁਤ ਹੀ ਪੁੰਨ ਦਾ ਕੰਮ ਕੀਤਾ ਹੈ।