
ਜਾਣਕਾਰੀ ਮੁਤਾਬਕ ਖੈਬਰ ਪਖਤੂਨਖਵਾ ਦੇ ਸ਼ਾਂਗਲਾ ਦੀ ਬਿਸ਼ਾਮ ਤਹਿਸੀਲ 'ਚ ਵਿਸਫੋਟਕਾਂ ਨਾਲ ਭਰੇ ਇਕ ਵਾਹਨ ਨੇ ਇਕ ਹੋਰ ਵਾਹਨ ਨੂੰ ਟੱਕਰ ਮਾਰ ਦਿੱਤੀ
Pakistan Attack News: ਇਸਲਾਮਾਬਾਦ - ਪਾਕਿਸਤਾਨ ਦੇ ਖੈਬਰ ਪਖਤੂਨਖਵਾ ਵਿਚ ਇੱਕ ਵੱਡਾ ਆਤਮਘਾਤੀ ਹਮਲਾ ਹੋਇਆ ਹੈ। ਸ਼ਾਂਗਲਾ ਜ਼ਿਲ੍ਹੇ ਵਿਚ ਇਸ ਹਮਲੇ ਵਿਚ ਪੰਜ ਚੀਨੀ ਨਾਗਰਿਕਾਂ ਸਮੇਤ ਛੇ ਲੋਕਾਂ ਦੀ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਆਤਮਘਾਤੀ ਹਮਲਾ ਚੀਨੀ ਨਾਗਰਿਕਾਂ ਦੇ ਵਾਹਨਾਂ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਹੈ। ਇਹ ਆਤਮਘਾਤੀ ਹਮਲਾ ਅਜਿਹੇ ਸਮੇਂ 'ਚ ਹੋਇਆ ਹੈ, ਜਦੋਂ ਕੁਝ ਘੰਟੇ ਪਹਿਲਾਂ ਹੀ ਬਲੋਚਿਸਤਾਨ ਸੂਬੇ 'ਚ ਪਾਕਿਸਤਾਨ ਦੇ ਦੂਜੇ ਸਭ ਤੋਂ ਵੱਡੇ ਜਲ ਸੈਨਾ ਅੱਡੇ 'ਤੇ ਅਤਿਵਾਦੀ ਹਮਲਾ ਹੋਇਆ ਸੀ। ਇਸ ਵਿਚ ਇੱਕ ਸਿਪਾਹੀ ਦੀ ਮੌਤ ਹੋ ਗਈ। ਸੁਰੱਖਿਆ ਬਲਾਂ ਨੇ 4 ਅਤਿਵਾਦੀਆਂ ਨੂੰ ਮਾਰ ਮੁਕਾਇਆ।
ਜਾਣਕਾਰੀ ਮੁਤਾਬਕ ਖੈਬਰ ਪਖਤੂਨਖਵਾ ਦੇ ਸ਼ਾਂਗਲਾ ਦੀ ਬਿਸ਼ਾਮ ਤਹਿਸੀਲ 'ਚ ਵਿਸਫੋਟਕਾਂ ਨਾਲ ਭਰੇ ਇਕ ਵਾਹਨ ਨੇ ਇਕ ਹੋਰ ਵਾਹਨ ਨੂੰ ਟੱਕਰ ਮਾਰ ਦਿੱਤੀ, ਜਿਸ ਤੋਂ ਬਾਅਦ ਜ਼ਬਰਦਸਤ ਧਮਾਕਾ ਹੋ ਗਿਆ। ਘਟਨਾ ਦੀ ਜੋ ਤਸਵੀਰ ਸਾਹਮਣੇ ਆਈ ਹੈ, ਉਸ ਵਿਚ ਤੁਸੀਂ ਇਹ ਵੀ ਦੇਖ ਸਕਦੇ ਹੋ ਕਿ ਧਮਾਕੇ ਤੋਂ ਬਾਅਦ ਇਕ ਵਾਹਨ ਖਾਈ ਵਿਚ ਡਿੱਗਦਾ ਨਜ਼ਰ ਆ ਰਿਹਾ ਹੈ। ਧਮਾਕੇ ਕਾਰਨ ਅੱਗ ਲੱਗ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਜਿਸ ਵਾਹਨ ਨੂੰ ਨਿਸ਼ਾਨਾ ਬਣਾਇਆ ਗਿਆ, ਉਸ 'ਚ ਕਈ ਚੀਨੀ ਨਾਗਰਿਕ ਸਫ਼ਰ ਕਰ ਰਹੇ ਸਨ, ਜਿਨ੍ਹਾਂ 'ਚੋਂ 5 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਇਕ ਹੋਰ ਨਾਗਰਿਕ ਦੀ ਵੀ ਮੌਤ ਹੋ ਗਈ ਹੈ।
ਦੱਸ ਦਈਏ ਕਿ ਪਿਛਲੇ ਦੋ-ਤਿੰਨ ਸਾਲਾਂ ਵਿਚ ਪਾਕਿਸਤਾਨ ਵਿਚ ਚੀਨੀ ਨਾਗਰਿਕਾਂ ਉੱਤੇ ਹਮਲੇ ਵਧੇ ਹਨ। ਹੁਣ ਤੱਕ ਇੱਕ ਦਰਜਨ ਤੋਂ ਵੱਧ ਹਮਲੇ ਹੋ ਚੁੱਕੇ ਹਨ। ਇਨ੍ਹਾਂ ਹਮਲਿਆਂ 'ਚ ਹੁਣ ਤੱਕ ਕਈ ਚੀਨੀ ਨਾਗਰਿਕਾਂ ਦੀ ਮੌਤ ਹੋ ਚੁੱਕੀ ਹੈ। ਜ਼ਿਆਦਾਤਰ ਹਮਲੇ ਖੈਬਰ ਪਖਤੂਨਖਵਾ ਅਤੇ ਬਲੋਚਿਸਤਾਨ ਖੇਤਰਾਂ 'ਚ ਕੀਤੇ ਗਏ ਹਨ। ਤਾਜ਼ਾ ਹਮਲੇ 'ਤੇ ਚੀਨ ਵੱਲੋਂ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਅਜੇ ਤੱਕ ਕਿਸੇ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।