
Shimla Car Accident News: ਮਰਨ ਵਾਲਿਆਂ 'ਚ 2 ਬੱਚੇ ਵੀ ਸ਼ਾਮਲ
Car falls into gorge in Shimla: ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਵਿਚ ਇਕ ਵੱਡਾ ਕਾਰ ਹਾਦਸਾ ਵਾਪਰ ਗਿਆ। ਇਸ ਹਾਦਸੇ 'ਚ ਦੋ ਬੱਚਿਆਂ ਸਮੇਤ ਕੁੱਲ 4 ਲੋਕਾਂ ਦੀ ਮੌਤ ਹੋ ਗਈ ਹੈ। ਰਾਤ ਨੂੰ ਵਾਪਰੇ ਇਸ ਹਾਦਸੇ ਦੀ ਸੂਚਨਾ ਮਿਲਣ ਦੇ ਬਾਅਦ ਪੁਲਿਸ ਪ੍ਰਸ਼ਾਸਨ ਨੇ ਲਾਸ਼ਾਂ ਨੂੰ ਟੋਏ 'ਚੋਂ ਕੱਢ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।
ਜਾਣਕਾਰੀ ਅਨੁਸਾਰ ਇਹ ਕਾਰ ਸ਼ਿਮਲਾ ਨੰਬਰ ਦੀ ਸੀ, ਜਿਸ ਵਿੱਚ ਦੋ ਬੱਚੇ, ਇੱਕ ਔਰਤ ਅਤੇ ਇੱਕ ਪੁਰਸ਼ ਸਵਾਰ ਸਨ। ਇਸ ਦੌਰਾਨ ਜਦੋਂ ਇਹ ਕਾਰ ਰਾਤ ਕਰੀਬ 9 ਵਜੇ ਸ਼ਿਮਲਾ ਦੇ ਆਨੰਦਪੁਰ-ਮੇਹਲੀ ਬਾਈਪਾਸ ਤੋਂ ਲੰਘ ਰਹੀ ਸੀ ਤਾਂ ਸ਼ਿਲਗਾਓਂ ਤੋਂ ਅੱਗੇ ਲਾਲਪਾਣੀ ਪੁਲ ਨੇੜੇ ਡੂੰਘੀ ਖੱਡ ਵਿੱਚ ਜਾ ਡਿੱਗੀ।
ਹਾਦਸੇ ਵਿੱਚ ਮਰਨ ਵਾਲਿਆਂ ਦੀ ਪਛਾਣ ਜੈ ਸਿੰਘ ਨੇਗੀ (40), ਰੂਪਾ (45), ਕੁਮਾਰੀ ਪਰਗਤੀ (14) ਅਤੇ ਮੁਕੁਲ (10) ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਸਾਰਿਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਦੇ ਹੀ ਐਸਡੀਆਰਐਫ਼ ਅਤੇ ਫ਼ਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਅਤੇ ਫਿਰ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ।
ਦੱਸਿਆ ਜਾ ਰਿਹਾ ਹੈ ਕਿ ਇਹ ਸਾਰੇ ਕਾਰ ਸਵਾਰ ਇੱਕ ਹੀ ਪਰਿਵਾਰ ਦੇ ਸਨ। ਦੂਜੇ ਪਾਸੇ ਹਾਦਸੇ ਤੋਂ ਬਾਅਦ ਕਾਰ ਤਬਾਹ ਹੋ ਗਈ। ਕਾਰ ਦਾ ਉਪਰਲਾ ਹਿੱਸਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ।