
ਅਤਿਵਾਦੀ ਫ਼ੰਡਿਗ ਨਾਲ ਜੁੜੇ ਇੱਕ ਮਾਮਲੇ ’ਚ ਜੇਲ ’ਚ ਬੰਦ ਹਨ MP ਰਾਸ਼ਿਦ
Engineer Rashid: ਦਿੱਲੀ ਹਾਈ ਕੋਰਟ ਨੇ ਅਤਿਵਾਦੀ ਫ਼ੰਡਿਗ ਨਾਲ ਜੁੜੇ ਇੱਕ ਮਾਮਲੇ ਵਿਚ ਜੇਲ ਵਿਚ ਬੰਦ ਜੰਮੂ ਕਸ਼ਮੀਰ ਦੇ ਸਾਂਸਦ ਅਬਦੁਲ ਰਾਸ਼ਿਦ ਸ਼ੇਖ ਨੂੰ ‘ਹਿਰਾਸਤ ਵਿਚ’ ਸੰਸਦ ਦੇ ਮੌਜੂਦਾ ਸੈਸ਼ਨ ਦੀ ਕਾਰਵਾਈ ਵਿਚ ਹਿੱਸਾ ਲੈਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ।
ਜਸਟਿਸ ਚੰਦਰਧਾਰੀ ਸਿੰਘ ਅਤੇ ਅਨੂਪ ਜੈਰਾਮ ਭੰਭਾਨੀ ਦੇ ਬੈਂਚ ਨੇ ਕਿਹਾ ਕਿ ਪੁਲਿਸ ਇੰਜੀਨੀਅਰ ਰਾਸ਼ਿਦ ਨੂੰ 26 ਮਾਰਚ ਤੋਂ 4 ਅਪ੍ਰੈਲ ਤੱਕ ਹਰ ਰੋਜ਼ ਸੰਸਦ ਭਵਨ ਲੈ ਕੇ ਜਾਵੇਗੀ ਅਤੇ ਕਾਰਵਾਈ ਖ਼ਤਮ ਹੋਣ ਤੋਂ ਬਾਅਦ ਉਸਨੂੰ ਵਾਪਸ ਜੇਲ ਲੈ ਕੇ ਆਵੇਗੀ।
ਬੈਂਚ ਨੇ ਕਿਹਾ ਕਿ ਜਦੋਂ ਤੱਕ ਰਾਸ਼ਿਦ ਜੇਲ ਤੋਂ ਬਾਹਰ ਹੈ, ਉਸ ਨੂੰ ਮੋਬਾਈਲ ਫ਼ੋਨ ਜਾਂ ਲੈਂਡਲਾਈਨ ਦੀ ਵਰਤੋਂ ਕਰਨ ਜਾਂ ਮੀਡੀਆ ਨਾਲ ਗੱਲਬਾਤ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ।
ਰਾਸ਼ਿਦ 2017 ਦੇ ਅਤਿਵਾਦੀ ਫੰਡਿੰਗ ਮਾਮਲੇ ਵਿੱਚ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ (UAPA) ਦੇ ਤਹਿਤ ਮੁਕੱਦਮੇ ਦਾ ਸਾਹਮਣਾ ਕਰ ਰਿਹਾ ਹੈ। ਉਸਨੇ 10 ਮਾਰਚ ਦੇ ਹੇਠਲੀ ਅਦਾਲਤ ਦੇ ਹੁਕਮ ਨੂੰ ਚੁਣੌਤੀ ਦਿੱਤੀ ਸੀ, ਜਿਸ ਦੇ ਤਹਿਤ ਉਸਨੂੰ ਲੋਕ ਸਭਾ ਦੀ ਕਾਰਵਾਈ ਵਿੱਚ ਹਿੱਸਾ ਲੈਣ ਲਈ 4 ਅਪ੍ਰੈਲ ਤੱਕ ਹਿਰਾਸਤ ਪੈਰੋਲ ਜਾਂ ਅੰਤਰਿਮ ਜ਼ਮਾਨਤ ਤੋਂ ਇਨਕਾਰ ਕਰ ਦਿੱਤਾ ਗਿਆ ਸੀ।