
ਕਾਮਰਾ ਨੇ ‘X’ ’ਤੇ ਯੂਟਿਊਬ ਤੋਂ ਇਕ ਸਕ੍ਰੀਨਸ਼ਾਟ ਸਾਂਝਾ ਕੀਤਾ ਉਨ੍ਹਾਂ ਦਾ ਨਵਾਂ ਵੀਡੀਉ ‘ਨਿਆ ਭਾਰਤ’ ਕਾਪੀਰਾਈਟ ਪਾਬੰਦੀਆਂ ਕਾਰਨ ਬਲਾਕ ਕਰ ਦਿਤਾ ਗਿਆ ਹੈ
ਨਵੀਂ ਦਿੱਲੀ : ਕਾਮੇਡੀਅਨ ਕੁਨਾਲ ਕਾਮਰਾ ਨੇ ਬੁਧਵਾਰ ਨੂੰ ਬਾਲੀਵੁੱਡ ਸਟੂਡੀਉ ਟੀ-ਸੀਰੀਜ਼ ਦੀ ਆਲੋਚਨਾ ਕਰਦੇ ਹੋਏ ਦੋਸ਼ ਲਾਇਆ ਕਿ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੂੰ ਨਿਸ਼ਾਨਾ ਬਣਾਉਣ ਵਾਲੇ ਚੁਟਕਲਿਆਂ ਨੂੰ ਲੈ ਕੇ ਵੱਡਾ ਵਿਵਾਦ ਖੜਾ ਕਰਨ ਵਾਲੀ ਉਨ੍ਹਾਂ ਦੀ ਸਟੈਂਡ-ਅੱਪ ਵਿਸ਼ੇਸ਼ ‘ਨਿਆ ਭਾਰਤ’ ਨੂੰ ਯੂਟਿਊਬ ’ਤੇ ਕਾਪੀਰਾਈਟ ਉਲੰਘਣਾ ਲਈ ਨਿਸ਼ਾਨਾ ਬਣਾਇਆ ਗਿਆ ਹੈ।
ਕਾਮਰਾ ਨੇ ਬੁਧਵਾਰ ਨੂੰ ਕਾਮੇਡੀ ਸਪੈਸ਼ਲ ਦਾ ਇਕ ਨਵਾਂ ਵੀਡੀਉ ਜਾਰੀ ਕੀਤਾ, ਜਿਸ ਵਿਚ ਉਨ੍ਹਾਂ ਨੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ ਉਨ੍ਹਾਂ ਦੀਆਂ ਨੀਤੀਆਂ ਦੀ ਆਲੋਚਨਾ ਕਰਨ ਲਈ ‘ਮਿਸਟਰ ਇੰਡੀਆ’ ਤੋਂ ‘ਹਵਾ ਹਵਾਈ’ ਗੀਤ ਦਾ ਵਿਅੰਗ ਬਣਾ ਕੇ ਪੇਸ਼ ਕੀਤਾ ਸੀ। ਅਨਿਲ ਕਪੂਰ ਅਤੇ ਮਰਹੂਮ ਸਿਨੇਮਾ ਸਟਾਰ ਸ਼੍ਰੀਦੇਵੀ ਦੀ ਫਿਲਮ ‘ਮਿਸਟਰ ਇੰਡੀਆ’ ਦੇ ਗਾਣੇ ਟੀ-ਸੀਰੀਜ਼ ਦੇ ਲੇਬਲ ਨਾਲ ਸਬੰਧਤ ਹਨ।
ਕਾਮਰਾ ਨੇ ‘ਐਕਸ’ ’ਤੇ ਯੂਟਿਊਬ ਤੋਂ ਇਕ ਸਕ੍ਰੀਨਸ਼ਾਟ ਸਾਂਝਾ ਕੀਤਾ, ਜਿਸ ਵਿਚ ਵਿਖਾਇਆ ਗਿਆ ਹੈ ਕਿ ਉਨ੍ਹਾਂ ਦਾ ਨਵਾਂ ਵੀਡੀਉ ‘ਨਿਆ ਭਾਰਤ’ ਕਾਪੀਰਾਈਟ ਪਾਬੰਦੀਆਂ ਕਾਰਨ ਬਲਾਕ ਕਰ ਦਿਤਾ ਗਿਆ ਹੈ ਅਤੇ ਇਸ ਲਈ ਦਰਸ਼ਕਾਂ ਨੂੰ ਵਿਖਾਈ ਨਹੀਂ ਦਿੰਦਾ। ਕਾਪੀਰਾਈਟ ਦਾਅਵਿਆਂ ਦੇ ਕਾਰਨ, ਵੀਡੀਉ ਦਾ ਪੈਸਾ ਵੀ ਨਹੀਂ ਮਿਲ ਸਕੇਗਾ।
36 ਸਾਲ ਦੇ ਕਾਮਰਾ ਨੇ ਕਿਹਾ, ‘‘ਹੈਲੋ ਟੀ-ਸੀਰੀਜ਼, ਕਠਪੁਤਲੀ ਬਣਨਾ ਬੰਦ ਕਰੋ। ਪੈਰੋਡੀ ਅਤੇ ਵਿਅੰਗ ਕਾਨੂੰਨੀ ਤੌਰ ’ਤੇ ਉਚਿਤ ਵਰਤੋਂ ਅਧੀਨ ਆਉਂਦੇ ਹਨ। ਮੈਂ ਗਾਣੇ ਦੇ ਬੋਲਾਂ ਜਾਂ ਮੂਲ ਸਾਧਨ ਦੀ ਵਰਤੋਂ ਨਹੀਂ ਕੀਤੀ ਹੈ। ਜੇ ਤੁਸੀਂ ਇਸ ਵੀਡੀਉ ਨੂੰ ਹਟਾ ਦਿੰਦੇ ਹੋ ਤਾਂ ਹਰ ਕਵਰ ਗੀਤ/ਡਾਂਸ ਵੀਡੀਉ ਨੂੰ ਹਟਾਇਆ ਜਾ ਸਕਦਾ ਹੈ। ਕ੍ਰਿਏਟਰਸ ਕਿਰਪਾ ਕਰ ਕੇ ਇਸ ’ਤੇ ਧਿਆਨ ਦੇਣ।’’
ਉਨ੍ਹਾਂ ਕਿਹਾ, ‘‘ਭਾਰਤ ’ਚ ਹਰ ਇਜਾਰੇਦਾਰੀ ਮਾਫੀਆ ਤੋਂ ਘੱਟ ਨਹੀਂ ਹੈ, ਇਸ ਲਈ ਕਿਰਪਾ ਕਰ ਕੇ ਇਸ ਵਿਸ਼ੇਸ਼ ਨੂੰ ਹਟਾਉਣ ਤੋਂ ਪਹਿਲਾਂ ਦੇਖੋ/ਡਾਊਨਲੋਡ ਕਰੋ। ਤੁਹਾਡੀ ਜਾਣਕਾਰੀ ਲਈ ਟੀ-ਸੀਰੀਜ਼ ਮੈਂ ਤਾਮਿਲਨਾਡੂ ’ਚ ਰਹਿੰਦਾ ਹਾਂ।’’ ਟੀ-ਸੀਰੀਜ਼ ਦੇ ਇਕ ਬੁਲਾਰੇ ਨੇ ਇਕ ਬਿਆਨ ’ਚ ਕਿਹਾ ਕਿ ਕੁਨਾਲ ਕਾਮਰਾ ਨੇ ਗੀਤ ’ਚ ਸੰਗੀਤ ਦੇ ਕੰਮ ਦੀ ਵਰਤੋਂ ਲਈ ਕੋਈ ਮਨਜ਼ੂਰੀ ਨਹੀਂ ਲਈ ਹੈ, ਇਸ ਲਈ ਕੰਪੋਜ਼ਿਸ਼ਨ ਅਧਿਕਾਰਾਂ ਦੀ ਉਲੰਘਣਾ ਲਈ ਸਮੱਗਰੀ ਨੂੰ ਬਲਾਕ ਕਰ ਦਿਤਾ ਗਿਆ ਹੈ।
ਸ਼ਿਵ ਸੈਨਾ ਅਤੇ ਐਨ.ਸੀ.ਪੀ. ਦੀ ਵੰਡ ਸਮੇਤ ਮਹਾਰਾਸ਼ਟਰ ਦੇ ਤਾਜ਼ਾ ਸਿਆਸੀ ਘਟਨਾਕ੍ਰਮ ਬਾਰੇ ਮਜ਼ਾਕ ਉਡਾਉਣ ਵਾਲੀ ਫਿਲਮ ‘ਨਯਾ ਭਾਰਤ’ ਨੂੰ ਯੂਟਿਊਬ ’ਤੇ 67 ਲੱਖ ਤੋਂ ਵੱਧ ਵਾਰ ਵੇਖਿਆ ਜਾ ਚੁੱਕਾ ਹੈ। ਐਤਵਾਰ ਰਾਤ ਨੂੰ ਸ਼ਿਵ ਸੈਨਾ ਦੇ ਮੈਂਬਰਾਂ ਨੇ ਖਾਰ ਦੇ ਹੈਬੀਟੇਟ ਕਾਮੇਡੀ ਕਲੱਬ ਦੇ ਨਾਲ-ਨਾਲ ਇਕ ਹੋਟਲ ਨੂੰ ਵੀ ਨੁਕਸਾਨ ਪਹੁੰਚਾਇਆ, ਜਿਸ ਦੇ ਕੰਪਲੈਕਸ ਵਿਚ ਕਲੱਬ ਸਥਿਤ ਹੈ। ਕਾਮਰਾ ਨੇ ਕਿਹਾ ਹੈ ਕਿ ਉਹ ਵੀਡੀਉ ’ਚ ਕੀਤੀਆਂ ਅਪਣੀਆਂ ਟਿਪਣੀਆਂ ਲਈ ਮੁਆਫੀ ਨਹੀਂ ਮੰਗਣਗੇ।
ਮਹਾਰਾਸ਼ਟਰ ਵਿਧਾਨ ਕੌਂਸਲ ’ਚ ਕੁਨਾਲ ਕਾਮਰਾ ਵਿਰੁਧ ਵਿਸ਼ੇਸ਼ ਅਧਿਕਾਰ ਦੀ ਉਲੰਘਣਾ ਦਾ ਨੋਟਿਸ
ਮੁੰਬਈ : ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੂੰ ਨਿਸ਼ਾਨਾ ਬਣਾਉਂਦੇ ਹੋਏ ਵਿਅੰਗ ਗਾਉਣ ਨੂੰ ਲੈ ਕੇ ਸਟੈਂਡ-ਅੱਪ ਕਾਮੇਡੀਅਨ ਕੁਨਾਲ ਕਾਮਰਾ ਵਿਰੁਧ ਮਹਾਰਾਸ਼ਟਰ ਵਿਧਾਨ ਕੌਂਸਲ ’ਚ ਵਿਸ਼ੇਸ਼ ਅਧਿਕਾਰ ਦੀ ਉਲੰਘਣਾ ਦਾ ਮਤਾ ਪੇਸ਼ ਕੀਤਾ ਗਿਆ ਹੈ।
ਭਾਰਤੀ ਜਨਤਾ ਪਾਰਟੀ (ਭਾਜਪਾ) ਵਿਧਾਇਕ ਪ੍ਰਵੀਨ ਦਰੇਕਰ ਨੇ ਕਾਮਰਾ ’ਤੇ ਸ਼ਿੰਦੇ ਦੇ ਨਿੱਜੀ ਅਤੇ ਅਪਮਾਨਜਨਕ ਹਵਾਲੇ ਵਾਲਾ ਗੀਤ ਪੇਸ਼ ਕਰਨ ਦਾ ਦੋਸ਼ ਲਾਇਆ ਅਤੇ ਕਿਹਾ ਕਿ ਸ਼ਿਵ ਸੈਨਾ-ਯੂ.ਬੀ.ਟੀ. ਦੇ ਬੁਲਾਰੇ ਸੁਸ਼ਮਾ ਅੰਧਰੇ ਨੇ ਪ੍ਰਦਰਸ਼ਨ ਦਾ ਸਮਰਥਨ ਕੀਤਾ ਅਤੇ ‘ਇਤਰਾਜ਼ਯੋਗ ਭਾਸ਼ਾ’ ਦੀ ਵਰਤੋਂ ਕੀਤੀ। ਵਿਸ਼ੇਸ਼ ਅਧਿਕਾਰ ਕਮੇਟੀ ਨੂੰ ਪੇਸ਼ ਕਰਨ ਤੋਂ ਪਹਿਲਾਂ ਨੋਟਿਸ ਨੂੰ ਕੌਂਸਲ ਦੇ ਚੇਅਰਮੈਨ ਰਾਮ ਸ਼ਿੰਦੇ ਦੀ ਮਨਜ਼ੂਰੀ ਲੈਣੀ ਪਵੇਗੀ। ਜੇਕਰ ਕਮੇਟੀ ਇਸ ਨੂੰ ਮਨਜ਼ੂਰੀ ਦਿੰਦੀ ਹੈ ਤਾਂ ਇਸ ਮਤੇ ’ਤੇ ਸਦਨ ’ਚ ਚਰਚਾ ਹੋਵੇਗੀ।
ਕਾਮਰਾ ਨੇ ਮੁਆਫੀ ਮੰਗਣ ਤੋਂ ਇਨਕਾਰ ਕਰਦੇ ਹੋਏ ਕਿਹਾ ਸੀ ਕਿ ਉਹ ਮੁਆਫੀ ਨਹੀਂ ਮੰਗਣਗੇ ਅਤੇ ਨਾ ਹੀ ਵਿਵਾਦ ਖਤਮ ਹੋਣ ਦੀ ਉਡੀਕ ਕਰਨਗੇ। ਵਿਸ਼ੇਸ਼ ਅਧਿਕਾਰ ਕਮੇਟੀ ਨੂੰ ਪੇਸ਼ ਕਰਨ ਤੋਂ ਪਹਿਲਾਂ ਕੌਂਸਲ ਦੇ ਚੇਅਰਮੈਨ ਰਾਮ ਸ਼ਿੰਦੇ ਨੋਟਿਸ ਦੀ ਸਮੀਖਿਆ ਕਰਨਗੇ। ਜੇਕਰ ਇਸ ਪ੍ਰਸਤਾਵ ਨੂੰ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਸਦਨ ’ਚ ਇਸ ’ਤੇ ਚਰਚਾ ਹੋਵੇਗੀ।
ਸ਼ਿਵ ਸੈਨਾ ਦੇ ਕਾਰਕੁਨਾਂ ਨੇ ਉਪਨਗਰ ਖਾਰ ’ਚ ਹੈਬੀਟੇਟ ਕਾਮੇਡੀ ਕਲੱਬ ਅਤੇ ਉਸ ਹੋਟਲ ’ਚ ਭੰਨਤੋੜ ਕੀਤੀ, ਜਿੱਥੇ ਕਾਮਰਾ ਦਾ ਸ਼ੋਅ ਹੋਇਆ ਸੀ। ਖਾਰ ਪੁਲਿਸ ਨੇ ਸ਼ਿੰਦੇ ਵਿਰੁਧ ਕਥਿਤ ਤੌਰ ’ਤੇ ਅਪਮਾਨਜਨਕ ਟਿਪਣੀਆਂ ਕਰਨ ਲਈ ਕਾਮਰਾ ਵਿਰੁਧ ਐਫ.ਆਈ.ਆਰ. ਦਰਜ ਕੀਤੀ ਹੈ।