
ਸੁਪਰੀਮ ਕੋਰਟ ਕਾਲੇਜੀਅਮ ਨੂੰ ਜਸਟਿਸ ਜੋਜ਼ਫ਼ ਦੇ ਨਾਂ ਦੀ ਸਿਫ਼ਾਰਸ਼ 'ਤੇ ਮੁੜ ਵਿਚਾਰ ਕਰਨ ਲਈ ਕਿਹਾ
ਨਵੀਂ ਦਿੱਲੀ,ਸਰਕਾਰ ਨੇ ਉਤਰਾਖੰਡ ਹਾਈ ਕੋਰਟ ਦੇ ਚੀਫ਼ ਜਸਟਿਸ ਕੇ. ਜੋਜ਼ਫ਼ ਨੂੰ ਤਰੱਕੀ ਦੇ ਕੇ ਸੁਪਰੀਮ ਕੋਰਟ ਦਾ ਜੱਜ ਬਣਾਉਣ ਸਬੰਧੀ ਸੁਪਰੀਮ ਕੋਰਟ ਦੀ ਕਾਲੇਜੀਅਮ ਦੀ ਸਿਫ਼ਾਰਸ਼ ਮੁੜਵਿਚਾਰ ਲਈ ਵਾਪਸ ਭੇਜ ਦਿਤੀ ਹੈ। ਇਸ ਘਟਨਾਕ੍ਰਮ ਨਾਲ ਨਿਆਂਪਾਲਕਾ ਅਤੇ ਕਾਰਜਪਾਲਕਾ ਵਿਚਕਾਰ ਨਵਾਂ ਟਕਰਾਅ ਪੈਦਾ ਹੋ ਗਿਆ ਹੈ।ਕਾਨੂੰਨ ਅਤੇ ਨਿਆਂ ਮੰਤਰੀ ਰਵੀਸ਼ੰਕਰ ਪ੍ਰਸ਼ਾਦ ਨੇ ਚੀਫ਼ ਜਸਟਿਸ ਦੀਪਕ ਮਿਸ਼ਰਾ ਨੂੰ ਚਿੱਠੀ ਲਿਖ ਕੇ ਜਸਟਿਸ ਜੋਜ਼ਫ਼ ਦੇ ਨਾਂ ਤੇ ਕਾਲੇਜੀਅਮ ਵਿਚ ਮੁੜ ਤੋਂ ਵਿਚਾਰ ਕਰਨ ਦੀ ਅਪੀਲ ਕੀਤੀ। ਰਵੀਸ਼ੰਕਰ ਪ੍ਰਸ਼ਾਦ ਨੇ ਚੀਫ਼ ਜਸਟਿਸ ਨੂੰ ਇਹ ਵੀ ਸੂਚਿਤ ਕੀਤਾ ਕਿ ਸੀਨੀਅਰ ਵਕੀਲ ਇੰਦੂ ਮਲਹੋਤਰਾ ਨੂੰ ਸੁਪਰੀਮ ਕੋਰਟ ਦੀ ਜਸਟਿਸ ਨਿਯੁਕਤ ਕਰ ਦਿਤਾ ਗਿਆ ਹੈ। ਸਰਕਾਰ ਨੇ ਸੀਨੀਅਰ ਵਕੀਲ ਇੰਦੂ ਮਲਹੋਤਰਾ ਨੂੰ ਸੁਪਰੀਮ ਕੋਰਟ ਦੇ ਜੱਜ ਨਿਯੁਕਤ ਕਰਨ ਦੀ ਸੁਪਰੀਮ ਕੋਰਟ ਦੇ ਕਾਲੇਜੀਅਮ ਦੀ ਸ਼ਿਫ਼ਾਰਸ਼ ਮਨਜ਼ੂਰ ਕਰਦੇ ਹੋਏ ਜਸਟਿਸ ਜੋਜ਼ਫ਼ ਬਾਰੇ ਫ਼ੈਸਲਾ ਅਟਕਾਇਆ।
government and judiciary
ਕਾਲੇਜੀਅਮ ਨੇ ਦਸ ਜਨਵਰੀ ਨੂੰ ਇਕ ਸਿਫ਼ਾਰਸ਼ ਵਿਚ ਜਸਟਿਸ ਜੋਜ਼ਫ਼ ਅਤੇ ਇੰਦੂ ਮਲਹੋਤਰਾ ਨੂੰ ਸੁਪਰੀਮ ਕੋਰਟ ਵਿਚ ਜੱਜ ਨਿਯੁਕਤ ਕਰਨ ਦੀ ਸਿਫ਼ਾਰਸ਼ ਕੀਤੀ ਸੀ।ਜਸਟਿਸ ਜੋਜ਼ਫ਼ ਦਾ ਨਾਂ ਉਸ ਸਮੇਂ ਸੁਰਖ਼ੀਆਂ ਵਿਚ ਆਇਆ ਜਦੋਂ ਉਨ੍ਹਾਂ ਦੀ ਪ੍ਰਧਾਨਗੀ ਵਾਲੀ ਉਤਰਾਖੰਡ ਹਾਈ ਕੋਰਟ ਦੀ ਬੈਂਚ ਨੇ ਅਪ੍ਰੈਲ 2016 ਦੇ ਫ਼ੈਸਲੇ ਵਿਚ ਸੂਬੇ ਅੰਦਰ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਨੋਟੀਫ਼ੀਕੇਸ਼ਨ ਰੱਦ ਕਰਨ ਨਾਲ ਹੀ ਹਰੀਸ਼ ਰਾਵਤ ਸਰਕਾਰ ਨੂੰ ਬਹਾਲ ਕਰ ਦਿਤਾ ਸੀ।ਸਰਕਾਰ ਨੂੰ ਲਗਦਾ ਹੈ ਕਿ ਜਸਟਿਸ ਜੋਜ਼ਫ਼ ਦੇ ਨਾਂ ਦੀ ਸਿਫ਼ਾਰਸ਼ ਕਰ ਕੇ ਕਾਲੇਜੀਅਮ ਨੇ ਸੀਨੀਅਰਤਾ ਅਤੇ ਖੇਤਰੀ ਨੁਮਾਇੰਦਗੀ ਦਾ ਸਨਮਾਨ ਨਹੀਂ ਕੀਤਾ। ਉਹ ਹਾਈ ਕੋਰਟ ਦੇ 669 ਜੱਜਾਂ ਦੀ ਸੀਨੀਅਰਤਾ ਸੂਚੀ ਵਿਚ 42ਵੇਂ ਸਥਾਨ 'ਤੇ ਹਨ। ਹਾਲਾਂਕਿ ਮਾਹਰਾਂ ਦਾ ਕਹਿਣਾ ਹੈ ਕਿ ਜੇਕਰ ਸੁਪਰੀਮ ਕੋਰਟ ਕਾਲੇਜੀਅਮ ਨੇ ਅਪਣੀ ਸਿਫ਼ਾਰਸ਼ ਨੂੰ ਦੁਹਰਾਇਆ ਤਾਂ ਸਰਕਾਰ ਜਸਟਿਸ ਜੋਸੇਫ਼ ਨੂੰ ਸੁਪਰੀਮ ਕੋਰਟ ਜੱਜ ਵਜੋਂ ਨਿਯੁਕਤ ਕਰਨ ਲਈ ਮਜਬੂਰ ਹੋਵੇਗੀ। (ਏਜੰਸੀਆਂ)