
ਮੁੰਬਈ ਤੋਂ ਅਪਣੇ ਪਰਿਆਗਰਾਜ ਸਥਿਤ ਘਰ ਪਰਤਣ ਲਈ 3 ਲੱਖ ਰੁਪਏ ਲਾਏ ਦਾਅ 'ਤੇ
ਪਰਿਆਗਰਾਜ : ਤਾਲਾਬੰਦੀ 'ਚ ਲੋਕ ਅਪਣੇ ਘਰ ਪੁੱਜਣ ਲਈ ਹਰ ਤਰ੍ਹਾਂ ਦੇ ਜੁਗਾੜ ਲਾ ਰਹੇ ਹਨ। ਅਜਿਹੇ ਇਕ ਦਿਲਚਸਪ ਮਾਮਲੇ 'ਚ ਇਕ ਵਿਅਕਤੀ ਤਰਬੂਜ਼ ਅਤੇ ਪਿਆਜ਼ ਦਾ ਵਪਾਰੀ ਬਣ ਕੇ ਮੁੰਬਈ ਤੋਂ ਟਰੱਕ ਰਾਹੀਂ ਉੱਤਰ ਪ੍ਰਦੇਸ਼ ਦੇ ਪਰਿਆਗਰਾਜ ਤਕ ਪੁੱਜ ਗਿਆ। ਇਸ ਵਪਾਰ 'ਚ ਉਸ ਨੇ 3 ਲੱਖ ਰੁਪਏ ਤੋਂ ਜ਼ਿਆਦਾ ਦਾ ਦਾਅ ਵੀ ਖੇਡਿਆ ਹੈ।
ਸ਼ਹਿਰ ਦੇ ਧੂਮਨਗੰਜ ਥਾਣੇ ਹੇਠ ਕੋਟਵਾ ਮੁਬਾਰਕਪੁਰ ਦੇ ਵਾਸੀ ਪ੍ਰੇਮ ਮੂਰਤੀ ਪਾਂਡੇ ਨੇ ਦਸਿਆ, ''ਮੈਂ ਮੁੰਬਈ 'ਚ ਕਿਸੇ ਤਰ੍ਹਾਂ 21 ਦਿਨ ਤਾਂ ਬਿਤਾ ਲਏ ਪਰ ਤਾਲਾਬੰਦੀ ਖੁੱਲ੍ਹਣ ਦੇ ਕੋਈ ਆਸਾਰ ਨਹੀਂ ਦਿਸੇ। ਪਰ ਮੈਂ ਅਪਣੇ ਘਰ ਪਰਤਣ ਦਾ ਰਸਤਾ ਲੱਭ ਲਿਆ। ਅਸਲ 'ਚ ਅੰਧੇਰੀ ਈਸਟ ਦੇ ਆਜ਼ਾਦ ਨਗਰ 'ਚ ਜਿੱਥੇ ਮੇਰਾ ਘਰ ਹੈ ਉਹ ਬਹੁਤ ਸੰਘਣੀ ਵਸੋਂ ਵਾਲੀ ਬਸਤੀ ਹੈ ਅਤੇ ਕੋਰੋਨਾ ਫੈਲਣ ਦਾ ਖ਼ਤਰਾ ਵੀ ਉਥੇ ਜ਼ਿਆਦਾ ਹੈ।''
ਮੁੰਬਈ ਹਵਾਈ ਅੱਡੇ 'ਤੇ ਨੌਕਰੀ ਕਰਨ ਵਾਲੇ ਪਾਂਡੇ ਨੇ ਕਿਹਾ, ''ਮੈਂ ਵੇਖਿਆ ਕਿ ਸਰਕਾਰ ਨੇ ਇਕ ਰਸਤਾ ਛੱਡ ਦਿਤਾ ਹੈ ਉਹ ਹੈ ਵਪਾਰ ਦਾ ਰਸਤਾ। ਫੱਲ, ਸਬਜ਼ੀ, ਦੁੱਧ ਦਾ ਵਪਾਰ ਕਰ ਕੇ ਅਸੀਂ ਹੌਲੀ ਹੌਲੀ ਅੱਗੇ ਵੱਧ ਸਕਦੇ ਹਾਂ। ਮੈਂ ਉਹੀ ਰਸਤਾ ਚੁਣਿਆ ਅਤੇ ਇਥੇ ਤਕ ਆ ਗਿਆ।'' ਅਪਣੀ ਯਾਤਰਾ ਬਾਰੇ ਪਾਂਡੇ ਨੇ ਦਸਿਆ, ''ਮੈਂ 17 ਅਪ੍ਰੈਲ ਨੂੰ ਮੁੰਬਈ ਤੋਂ ਚਲਿਆ ਸੀ ਅਤੇ ਪਿੰਗਲਗਾਉਂ ਪੁੱਜ ਗਿਆ। ਉਥੇ ਮੈਂ 10,000 ਰੁਪਏ ਦੇ 1300 ਕਿੱਲੋ ਤਰਬੂਜ਼ ਖ਼ਰੀਦੇ ਅਤੇ ਉਨ੍ਹਾਂ ਨੂੰ ਇਕ ਛੋਟੀ ਗੱਡੀ 'ਚ ਲੋਡ ਕਰਵਾ ਕੇ ਮੁੰਬਈ ਰਵਾਨਾ ਕੀਤਾ।
ਮੁੰਬਈ 'ਚ ਇਕ ਫੱਲ ਵਾਲੇ ਤੋਂ ਤਰਬੂਜ਼ ਦਾ ਸੌਦਾ ਮੈਂ ਪਹਿਲਾਂ ਹੀ ਕੀਤਾ ਹੋਇਆ ਸੀ।'' ਉਨ੍ਰਾਂ ਕਿਹਾ, ''ਮੈਂ ਪਿੰਪਲਗਾਉਂ 'ਚ 40 ਕਿਲੋਮੀਟਰ ਪੈਦਲ ਚਲ ਕੇ ਉਥੇ ਪਿਆਜ਼ ਦੇ ਬਾਜ਼ਾਰ ਦਾ ਅਧਿਐਨ ਕੀਤਾ ਅਤੇ ਇਕ ਥਾਂ ਚੰਗੀ ਕੁਆਲਟ ਦਾ ਪਿਆਜ਼ ਦਿਸਣ 'ਤੇ ਮੈਂ 2,32,473 ਰੁਪਏ 'ਚ 25,520 ਕਿੱਲ (9.10 ਰੁਪਏ ਪ੍ਰਤੀ ਕਿੱਲੋ) ਪਿਆਜ਼ ਖ਼ਰੀਦਿਆ ਅਤੇ 77,500 ਰੁਪਏ ਦੇ ਕਿਰਾਏ 'ਤੇ ਇਕ ਟਰੱਕ ਬੁਕ ਕਰ ਕੇ ਇਸ ਪਿਆਜ਼ ਨੂੰ ਉਸ 'ਤੇ ਲਦਵਾਇਆ ਅਤੇ 20 ਅਪ੍ਰੈਲ ਨੂੰ ਪਰਿਆਗਰਾਜ ਲਈ ਨਿਕਲ ਪਿਆ।''
ਪਾਂਡੇ ਨੇ ਦਸਿਆ ਕਿ ਉਹ 23 ਅਪ੍ਰੈਲ ਨੂੰ ਪਰਿਆਗਰਾਜ ਪੁਜਿਆ ਅਤੇ ਟਰੱਕ ਲੈ ਕੇ ਸਿੱਧਾ ਮੁੰਡੇਰ ਮੰਡੀ ਚਲਾ ਗਿਆ ਜਿੱਥੇ ਆੜ੍ਹਤੀਏ ਨੇ ਨਕਦ ਭੁਗਤਾਨ ਕਰਨ ਤੋਂ ਇਨਕਾਰ ਕਰ ਦਿਤਾ ਜਿਸ 'ਤੇ ਉਹ ਪਿਆਜ਼ ਨਾਲ ਲਦਿਆ ਟਰੱਕ ਲੈ ਕੇ ਅਪਣੇ ਪਿੰਡ ਕੋਟਵਾ ਪੁੱਜ ਗਿਆ ਅਤੇ ਅਪਣੇ ਘਰ ਹੀ ਸਾਰਾ ਮਾਲ ਉਤਰਵਾ ਲਿਆ।
ਉਸ ਨੇ ਦਸਿਆ ਕਿ ਅਜੇ ਬਾਜ਼ਾਰਾਂ 'ਚ ਸਾਗਰ ਦਾ ਪਿਆਜ਼ ਆ ਰਿਹਾ ਹੈ ਅਤੇ ਤਾਲਾਬੰਦੀ ਕਰ ਕੇ ਕੀਮਤ ਘੱਟ ਹੈ। ਪਰ ਸਾਗਰ ਦਾ ਪਿਆਜ਼ ਖ਼ਤਮ ਹੋਣ ਅਤੇ ਤਾਲਾਬੰਦੀ ਖੁਲ੍ਹਣ ਨਾਲ ਉਸ ਨੂੰ ਨਾਸਿਕ ਤੋਂ ਲਿਆਂਦੇ ਪਿਆਜ਼ ਦੀ ਚੰਗੀ ਕੀਮਤ ਮਿਲਣ ਦੀ ਉਮੀਦ ਹੈ। ਉਸ ਨੇ ਦਸਿਆ ਕਿ ਉਸ ਨੇ ਮੁੰਬਈ ਤੋਂ ਇੱਥੇ ਆਉਣ ਦੀ ਸੂਚਨਾ ਧੂਮਨਗੰਜ ਥਾਣੇ 'ਚ ਪੁਲਿਸ ਨੂੰ ਦੇ ਦਿਤੀ ਹੈ ਅਤੇ ਮੈਡੀਕਲ ਟੀਮ ਨੇ ਉਸ ਦੀ ਕੋਰੋਨਾ ਦੀ ਜਾਂਚ ਕਰ ਕੇ ਉਸ ਨੂੰ ਘਰ 'ਚ ਹੀ ਏਕਾਂਤਵਾਸ 'ਚ ਰਹਿਣ ਨੂੰ ਕਿਹਾ ਹੈ। (ਪੀਟੀਆਈ)