
ਦਿੱਲੀ ਸਰਕਾਰ ਨੇ ਫੈਸਲਾ ਲਿਆ ਹੈ ਕਿ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਮੁਫ਼ਤ ਵਿਚ ਕੋਵਿਡ-19 ਵੈਕਸੀਨ ਦਿੱਤੀ ਜਾਵੇਗੀ।
ਨਵੀਂ ਦਿੱਲੀ: ਰਾਸ਼ਟਰੀ ਰਾਜਧਾਨੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ ਦਿੱਲੀ ਸਰਕਾਰ ਨੇ ਫੈਸਲਾ ਲਿਆ ਹੈ ਕਿ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਮੁਫ਼ਤ ਵਿਚ ਕੋਵਿਡ-19 ਵੈਕਸੀਨ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਦਿੱਲੀ ਵਿਚ ਇਕ ਕਰੋੜ 34 ਲੱਖ ਵੈਕਸੀਨ ਖਰੀਦਣ ਦੀ ਮਨਜ਼ੂਰੀ ਦਿੱਤੀ ਗਈ ਹੈ।
Arvind Kejriwal
ਕੋਰੋਨਾ ਵੈਕਸੀਨ ਦੀ ਕੀਮਤ ਸਬੰਧੀ ਕੇਜਰੀਵਾਲ ਨੇ ਕਿਹਾ ਕਿ ਇਸ ਦੀ ਪੂਰੇ ਦੇਸ਼ ਵਿਚ ਇਕ ਹੀ ਕੀਮਤ ਹੋਣੀ ਚਾਹੀਦੀ ਹੈ। ਉਹਨਾਂ ਦੱਸਿਆ ਕਿ ਵੈਕਸੀਨ ਦੇ ਇਕ ਨਿਰਮਾਤਾ ਨੇ ਕਿਹਾ ਹੈ ਕਿ ਉਹ ਸੂਬਾ ਸਰਕਾਰਾਂ ਨੂੰ 400 ਤੇ ਦੂਜੇ ਨੇ ਕਿਹਾ ਕਿ ਉਹ 600 ਰੁਪਏ ਵਿਚ ਵੈਕਸੀਨ ਦੇਣਗੇ ਤੇ ਕੇਂਦਰ ਸਰਕਾਰ ਨੂੰ 150-150 ਰੁਪਏ ਵਿਚ ਵੈਕਸੀਨ ਦੇਣਗੇ।
Covid Vaccine
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਸ ਮਹਾਂਮਾਰੀ ਵਿਚ ਅਸੀਂ ਦੇਖਿਆ ਹੈ ਕਿ ਮਹਾਂਮਾਰੀ ਨਾਲ 18 ਸਾਲ ਤੋਂ ਘੱਟ ਉਮਰ ਦੇ ਬੱਚੇ ਵੀ ਜ਼ਿਆਦਾ ਪ੍ਰਭਾਵਿਤ ਹੋ ਰਹੇ ਹਨ, ਹੁਣ ਉਹਨਾਂ ਲਈ ਵੀ ਸੋਚਣ ਦਾ ਸਮਾਂ ਆ ਗਿਆ ਹੈ। ਇਹ ਵੈਕੀਸਨ ਉਹਨਾਂ ਨੂੰ ਵੀ ਲਗਾਈ ਜਾ ਸਕਦੀ ਹੈ। ਜੇਕਰ ਨਹੀਂ ਤਾਂ ਮੈਨੂੰ ਉਮੀਦ ਹੈ ਕਿ ਉਹਨਾਂ ਲਈ ਜਲਦੀ ਹੀ ਹੋਰ ਵੈਕਸੀਨ ਤਿਆਰ ਹੋਵੇਗੀ।
Covid Vaccination
ਦੱਸ ਦਈਏ ਕਿ ਕੋਰੋਨਾ ਵਾਇਰਸ ਦੇ ਵਧਦੇ ਖ਼ਤਰੇ ਨੂੰ ਦਿੱਲੀ ’ਚ ਤਾਲਾਬੰਦੀ ਇਕ ਹਫ਼ਤੇ ਲਈ ਹੋਰ ਵਧਾ ਦਿਤੀ ਗਈ ਹੈ। ਅਰਵਿੰਦ ਕੇਜਰੀਵਾਰ ਨੇ ਕਿਹਾ ਕਿ 19 ਅਪ੍ਰੈਲ ਦੀ ਰਾਤ ਨੂੰ ਲਗਾਈ ਗਈ ਤਾਲਾਬੰਦੀ ਤਿੰਨ ਮਈ ਸਵੇਰੇ 5 ਵਜੇ ਤੱਕ ਵਧਾ ਦਿਤੀ ਗਈ ਹੈ। ਰਾਸ਼ਟਰੀ ਰਾਜਧਾਨੀ ’ਚ ਪਹਿਲਾਂ ਤਾਲਾਬੰਦੀ 26 ਅਪ੍ਰੈਲ ਨੂੰ ਸਵੇਰੇ 5 ਵਜੇ ਖ਼ਤਮ ਹੋਣੀ ਸੀ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ’ਚ ਕੋਰੋਨਾ ਕੇਸ ਲਗਾਤਾਰ ਵਧ ਰਹੇ ਹਨ, ਇਸ ਲਈ ਅਸੀਂ ਤਾਲਾਬੰਦੀ ਵਧਾ ਰਹੇ ਹਾਂ।