
ਕਿਹਾ, ਮੁਸਲਮਾਨਾਂ ਨੂੰ ‘ਪੂਰੇ ਦਾ ਪੂਰਾ’ ਰਾਖਵਾਂਕਰਨ ਦੇਣ ਲਈ ਵਿਰੋਧੀ ਗੱਠਜੋੜ ਸੰਵਿਧਾਨ ਬਦਲੇਗਾ
ਮਊ (ਉੱਤਰ ਪ੍ਰਦੇਸ਼): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਸਮਾਜਵਾਦੀ ਪਾਰਟੀ ਅਤੇ ਕਾਂਗਰਸ ’ਤੇ ਦੋਸ਼ ਲਾਇਆ ਕਿ ਉਹ ਭਾਰਤ ’ਚ ਬਹੁਗਿਣਤੀ ਭਾਈਚਾਰੇ ਨੂੰ ‘ਦੂਜੇ ਦਰਜੇ ਦੇ ਨਾਗਰਿਕ’ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਪ੍ਰਧਾਨ ਮੰਤਰੀ ਮੋਦੀ ਐਤਵਾਰ ਨੂੰ ਮਊ ਜ਼ਿਲ੍ਹੇ ਦੇ ਰਤਨਪੁਰਾ ਦੇ ਭੁਡਸੂਰੀ ਮੇਵਾੜੀ ਕਲਾ ’ਚ ਘੋਸੀ ਹਲਕੇ ਤੋਂ ਸੁਹੇਲਦੇਵ ਭਾਰਤੀ ਸਮਾਜ ਪਾਰਟੀ (ਐਸ.ਬੀ.ਐਸ.ਪੀ.) ਦੇ ਉਮੀਦਵਾਰ ਅਰਵਿੰਦ ਰਾਜਭਰ, ਬਲਿਆ ਖੇਤਰ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਉਮੀਦਵਾਰ ਨੀਰਜ ਸ਼ੇਖਰ ਅਤੇ ਸਲੇਮਪੁਰ ਤੋਂ ਸੰਸਦ ਮੈਂਬਰ ਅਤੇ ਉਮੀਦਵਾਰ ਰਵਿੰਦਰ ਕੁਸ਼ਵਾਹਾ ਦੇ ਸਮਰਥਨ ’ਚ ਇਕ ਸਾਂਝੀ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ।
ਭੋਜਪੁਰੀ ’ਚ ਅਪਣੇ ਭਾਸ਼ਣ ਦੀ ਸ਼ੁਰੂਆਤ ਕਰਦਿਆਂ ਉਨ੍ਹਾਂ ਕਿਹਾ, ‘‘ਪੂਰਵਾਂਚਲ ਦੀ ਇਹ ਧਰਤੀ ਬਹਾਦਰੀ ਅਤੇ ਕ੍ਰਾਂਤੀ ਦੀ ਧਰਤੀ ਹੈ। ਇਹ ਉਹ ਖੇਤਰ ਹੈ ਜਿੱਥੇ ਮੰਗਲ ਪਾਂਡੇ ਦੀ ਹਿੰਮਤ ਹੈ, ਜਿੱਥੇ ਮਹਾਰਾਜਾ ਸੁਹੇਲਦੇਵ ਦੀ ਬਹਾਦਰੀ ਹੈ ਅਤੇ ਮਰਹੂਮ ਚੰਦਰ ਸ਼ੇਖਰ ਜੀ ਦੀ ਆਵਾਜ਼ ਹੈ। ਅਜਿਹੇ ’ਚ ਪੂਰਵਾਂਚਲ ਲਈ ਇਸ ਚੋਣ ਦੀ ਮਹੱਤਤਾ ਦੁੱਗਣੀ ਹੋ ਗਈ ਹੈ।’’
ਉਨ੍ਹਾਂ ਦੋਸ਼ ਲਾਇਆ ਕਿ ਸਮਾਜਵਾਦੀ ਪਾਰਟੀ ਅਤੇ ਕਾਂਗਰਸ ਦੇ ਪਰਵਾਰਕ ਸ਼ਾਸਨ ਨੇ ਪੂਰਵਾਂਚਲ ਨੂੰ ਮਾਫੀਆ, ਗਰੀਬੀ ਦੀ ਘਾਟ ਅਤੇ ਬੇਬਸੀ ਦਾ ਖੇਤਰ ਬਣਾ ਦਿਤਾ ਸੀ ਪਰ 10 ਸਾਲਾਂ ਤੋਂ ਪੂਰਵਾਂਚਲ ਦੇਸ਼ ਦਾ ਪ੍ਰਧਾਨ ਮੰਤਰੀ ਚੁਣ ਰਿਹਾ ਹੈ, ਸੱਤ ਸਾਲਾਂ ਤੋਂ ਉੱਤਰ ਪ੍ਰਦੇਸ਼ ਦਾ ਮੁੱਖ ਮੰਤਰੀ ਚੁਣ ਰਿਹਾ ਹੈ ਅਤੇ ਇਸ ਲਈ ਪੂਰਵਾਂਚਲ ਸੱਭ ਤੋਂ ਖਾਸ ਹੈ।
ਪ੍ਰਧਾਨ ਮੰਤਰੀ ਨੇ ਦੋਸ਼ ਲਾਇਆ ਕਿ ‘ਇੰਡੀਆ’ (ਇੰਡੀਅਨ ਨੈਸ਼ਨਲ ਡਿਵੈਲਪਮੈਂਟ ਇਨਕਲੂਸਿਵ ਅਲਾਇੰਸ) ਗੱਠਜੋੜ ਨੇ ਇੱਥੇ ਲੋਕਾਂ ਦੀਆਂ ਜ਼ਮੀਨਾਂ ’ਤੇ ਕਬਜ਼ਾ ਕੀਤਾ ਹੈ ਅਤੇ ਦੰਗਾਕਾਰੀਆਂ ਨੂੰ ਤਾਕਤ ਦਿਤੀ।
ਉਨ੍ਹਾਂ ਕਿਹਾ ਕਿ ਮਾਫੀਆ ਲਈ ਹੰਝੂ ਵਹਾਉਣ ਵਾਲੇ ਅਜਿਹੇ ਲੋਕਾਂ ਨੂੰ ਪੂਰਵਾਂਚਲ ’ਚ ਪੈਰ ਨਹੀਂ ਰੱਖਣ ਦੇਣਾ ਚਾਹੀਦਾ।
ਉਨ੍ਹਾਂ ਕਿਹਾ, ‘‘ਅੱਜ ਮੈਂ ਘੋਸੀ ਦੇ ਲੋਕਾਂ ਨੂੰ ‘ਇੰਡੀਆ’ ਗੱਠਜੋੜ ਦੀ ਵੱਡੀ ਸਾਜ਼ਸ਼ ਬਾਰੇ ਸੁਚੇਤ ਕਰਨ ਲਈ ਪੂਰਵਾਂਚਲ ਆਇਆ ਹਾਂ।’’ ਉਨ੍ਹਾਂ ਦੋਸ਼ ਲਾਇਆ ਕਿ ‘ਇੰਡੀਆ’ ਗੱਠਜੋੜ ਸਾਰੀਆਂ ਜਾਤਾਂ ਨੂੰ ਆਪਸ ’ਚ ਲੜਾਉਣ ਲਈ ਮਜ਼ਬੂਰ ਕਰ ਰਿਹਾ ਹੈ।
ਮੋਦੀ ਨੇ ਦਾਅਵਾ ਕੀਤਾ, ‘‘ਇਹ ਤਿੰਨ ਵੱਡੀਆਂ ਸਾਜ਼ਸ਼ਾਂ ਨੂੰ ਪੂਰਾ ਕਰਨ ਦਾ ਟੀਚਾ ਰੱਖ ਰਹੇ ਹਨ। ਪਹਿਲਾ, ‘ਇੰਡੀਆ’ ਗੱਠਜੋੜ ਸੰਵਿਧਾਨ ਨੂੰ ਬਦਲੇਗਾ ਅਤੇ ਇਸ ਵਿਚ ਨਵੇਂ ਸਿਰੇ ਤੋਂ ਲਿਖੇਗਾ ਕਿ ਭਾਰਤ ਵਿਚ ਧਰਮ ਦੇ ਆਧਾਰ ’ਤੇ ਰਾਖਵਾਂਕਰਨ ਦਿਤਾ ਜਾਣਾ ਚਾਹੀਦਾ ਹੈ। ਦੂਜਾ, ਉਹ ਐਸ.ਸੀ., ਐਸ.ਟੀ. ਅਤੇ ਓ.ਬੀ.ਸੀ. ਲਈ ਰਾਖਵਾਂਕਰਨ ਖਤਮ ਕਰਨਗੇ ਅਤੇ ਤੀਜਾ ਉਹ ਧਰਮ ਦੇ ਅਧਾਰ ’ਤੇ ਮੁਸਲਮਾਨਾਂ ਨੂੰ ਪੂਰਾ ਰਾਖਵਾਂਕਰਨ ਦੇਣਗੇ।’’
ਉਨ੍ਹਾਂ ਦਾਅਵਾ ਕੀਤਾ, ‘‘ਅੱਜ ਸਪਾ-ਕਾਂਗਰਸ ਦਾ ‘ਇੰਡੀਆ’ ਗੱਠਜੋੜ ਭਾਰਤ ’ਚ ਬਹੁਗਿਣਤੀ ਭਾਈਚਾਰੇ ਨੂੰ ਦੂਜੇ ਦਰਜੇ ਦਾ ਨਾਗਰਿਕ ਬਣਾਉਣਾ ਚਾਹੁੰਦਾ ਹੈ।’’
2012 ਦੀਆਂ ਵਿਧਾਨ ਸਭਾ ਚੋਣਾਂ ਅਤੇ 2014 ਦੀਆਂ ਲੋਕ ਸਭਾ ਚੋਣਾਂ ਲਈ ਸਮਾਜਵਾਦੀ ਪਾਰਟੀ ਅਤੇ ਕਾਂਗਰਸ ਦੇ ਮੈਨੀਫੈਸਟੋ ਨੂੰ ਯਾਦ ਕਰਦਿਆਂ ਮੋਦੀ ਨੇ ਕਿਹਾ, ‘‘2012 ’ਚ ਸਮਾਜਵਾਦੀ ਪਾਰਟੀ ਨੇ ਅਪਣੇ ਮੈਨੀਫੈਸਟੋ ’ਚ ਸਪੱਸ਼ਟ ਲਿਖਿਆ ਹੈ ਕਿ ਮੁਸਲਮਾਨਾਂ ਨੂੰ ਉਸੇ ਤਰ੍ਹਾਂ ਰਾਖਵਾਂਕਰਨ ਦਿਤਾ ਜਾਵੇਗਾ ਜਿਵੇਂ ਬਾਬਾ ਸਾਹਿਬ ਨੇ ਦਲਿਤਾਂ ਨੂੰ ਦਿਤਾ ਸੀ।’’
ਪਛਮੀ ਬੰਗਾਲ ’ਚ ਮੁਸਲਮਾਨਾਂ ਲਈ ਰਾਖਵਾਂਕਰਨ ਦਾ ਮਾਮਲਾ ਅਦਾਲਤ ’ਚ ਹੋਣ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਹ ਮਾਮਲਾ ਸੁਪਰੀਮ ਕੋਰਟ ’ਚ ਵਿਚਾਰ ਅਧੀਨ ਹੈ ਅਤੇ ਇਹ ਮਾਮਲਾ ਇਸ ਲਈ ਰੁਕਿਆ ਹੋਇਆ ਹੈ ਕਿਉਂਕਿ ਬਾਬਾ ਸਾਹਿਬ ਨੇ ਲਿਖਿਆ ਸੀ ਕਿ ਧਰਮ ਦੇ ਆਧਾਰ ’ਤੇ ਰਾਖਵਾਂਕਰਨ ਨਹੀਂ ਦਿਤਾ ਜਾ ਸਕਦਾ।
ਉਨ੍ਹਾਂ ਦਾਅਵਾ ਕੀਤਾ ਕਿ ਵੋਟ ਬੈਂਕ ਦੇ ਭੁੱਖੇ ਸਮਾਜਵਾਦੀ ਪਾਰਟੀ ਅਤੇ ਕਾਂਗਰਸ ਬਾਬਾ ਸਾਹਿਬ ਦੇ ਸੰਵਿਧਾਨ ਨੂੰ ਬਦਲਣਾ ਚਾਹੁੰਦੇ ਹਨ ਤਾਂ ਜੋ ਕੋਈ ਵੀ ਅਦਾਲਤ ’ਚ ਜਾ ਕੇ ਮੁਸਲਮਾਨਾਂ ਲਈ ਓ.ਬੀ.ਸੀ. ਰਾਖਵਾਂਕਰਨ ਖੋਹਣ ਦੀ ਸਾਜ਼ਸ਼ ਨੂੰ ਚੁਨੌਤੀ ਨਾ ਦੇ ਸਕੇ। ਸਲੇਮਪੁਰ, ਘੋਸੀ ਅਤੇ ਬਲਿਆ ’ਚ ਸੱਤਵੇਂ ਪੜਾਅ ’ਚ 1 ਜੂਨ ਨੂੰ ਵੋਟਾਂ ਪੈਣਗੀਆਂ।