
ਸੰਸਾਰ ਭੁੱਖ ਸੂਚਕ ਅੰਕ ਵਿਚ ਭਾਰਤ 119 ਵਿਚੋਂ 100ਵੇਂ ਸਥਾਨ 'ਤੇ ਹੈ। ਵਾਸ਼ਿੰਗਟਨ ਦੀ ਇੰਟਰਨੈਸ਼ਨਲ ਫ਼ੂਡ ਪਾਲਿਸੀ ਰਿਸਰਚ ਇੰਸਟੀਚਿਊਟ ਵਲੋਂ ਸੰਸਾਰ ਭੁੱਖ ਸੂਚਕ...
ਨਵੀਂ ਦਿੱਲੀ, ਸੰਸਾਰ ਭੁੱਖ ਸੂਚਕ ਅੰਕ ਵਿਚ ਭਾਰਤ 119 ਵਿਚੋਂ 100ਵੇਂ ਸਥਾਨ 'ਤੇ ਹੈ। ਵਾਸ਼ਿੰਗਟਨ ਦੀ ਇੰਟਰਨੈਸ਼ਨਲ ਫ਼ੂਡ ਪਾਲਿਸੀ ਰਿਸਰਚ ਇੰਸਟੀਚਿਊਟ ਵਲੋਂ ਸੰਸਾਰ ਭੁੱਖ ਸੂਚਕ ਅੰਕ ਬਾਰੇ ਜਾਰੀ ਰੀਪੋਰਟ ਵਿਚ ਕਿਹਾ ਗਿਆ ਕਿ ਦੁਨੀਆ ਦੇ 119 ਵਿਕਾਸਸ਼ੀਲ ਦੇਸ਼ਾਂ ਵਿਚ ਭੁੱਖ ਦੇ ਮਾਮਲੇ ਵਿਚ ਭਾਰਤ 100ਵੇਂ ਸਥਾਨ 'ਤੇ ਹੈ। ਇਸ ਤੋਂ ਪਹਿਲਾਂ ਬੀਤੇ ਸਾਲ ਭਾਰਤ 97ਵੇਂ ਸਥਾਨ 'ਤੇ ਸੀ ਭਾਵ ਇਸ ਮਾਮਲੇ ਵਿਚ ਸਾਲ ਭਰ ਦੌਰਾਨ ਹਾਲਤ ਸੁਧਰਨ ਦੀ ਬਜਾਏ ਹੋਰ ਵਿਗੜੀ ਹੈ।
ਗਲੋਬਲ ਇੰਡੈਕਸ ਦੀ ਰੀਪੋਰਟ ਮੁਤਾਬਕ ਭਾਰਤ ਭੁੱਖਮਰੀ ਨਾਲ ਨਿਪਟਣ ਵਿਚ ਉੱਤਰ ਕੋਰੀਆ, ਬੰਗਲਾਦੇਸ਼ ਅਤੇ ਇਰਾਕ ਤੋਂ ਵੀ ਪਿੱਛੇ ਹੈ। ਇਸ ਸਾਲ ਭਾਰਤ ਨੂੰ 100ਵਾਂ ਸਥਾਨ ਮਿਲਿਆ ਹੈ, ਪਿਛਲੇ ਸਾਲ ਇਹ 97ਵੇਂ ਸਥਾਨ 'ਤੇ ਸੀ। ਦੱਖਣ ਏਸ਼ੀਆ ਦੀ ਕੁਲ ਆਬਾਦੀ ਦੀ ਤਿੰਨ ਚੌਥਾਈ ਭਾਰਤ ਵਿਚ ਰਹਿੰਦੀ ਹੈ। ਰੀਪੋਰਟ ਵਿਚ ਦੇਸ਼ ਦੇ ਕੁਪੋਸ਼ਣ ਦੇ ਸ਼ਿਕਾਰ ਬੱਚਿਆਂ ਦੀ ਵਧਦੀ ਗਿਣਤੀ 'ਤੇ ਵੀ ਡੂੰਘੀ ਚਿੰਤਾ ਪ੍ਰਗਟਾਈ ਗਈ ਹੈ।
ਭਾਰਤ ਵਿਚ ਪੰਜ ਸਾਲ ਤਕ ਦੀ ਉਮਰ ਦੇ ਬੱਚਿਆਂ ਦੀ ਕੁਲ ਆਬਾਦੀ ਦਾ ਪੰਜਵਾਂ ਹਿੱਸਾ ਅਪਣੇ ਕੱਦ ਦੇ ਮੁਕਾਬਲੇ ਬਹੁਤ ਕਮਜ਼ੋਰ ਹੈ। ਇਕ ਤਿਹਾਈ ਤੋਂ ਵੀ ਜ਼ਿਆਦਾ ਬੱਚਿਆਂ ਦੀ ਲੰਬਾਈ ਆਮ ਨਾਲੋਂ ਘੱਟ ਹੈ। ਦੁਨੀਆਂ ਦਾ ਸੱਭ ਤੋਂ ਵੱਡਾ ਖ਼ੁਰਾਕ ਉਤਪਾਦਨ ਵਾਲਾ ਦੇਸ਼ ਹੋਣ ਦੇ ਨਾਲ ਹੀ ਭਾਰਤ ਵਿਚ ਕੁਪੋਸ਼ਣ ਦੇ ਮਾਰੇ ਬੱਚਿਆਂ ਦੀ ਗਿਣਤੀ ਬੇਹੱਦ ਜ਼ਿਆਦਾ ਹੈ। ਇਸ ਮਾਮਲੇ ਵਿਚ ਭਾਰਤ ਦੂਜੇ ਨੰਬਰ 'ਤੇ ਹੈ। (ਏਜੰਸੀ)