
ਕਈ ਥਾਈ ਮੁਕੰਮਲ ਲੌਕਡਾਊਨ ਦਾ ਐਲਾਨ
ਚੰਡੀਗੜ੍ਹ : ਕਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਨੇ ਸਰਕਾਰਾਂ ਦੇ ਨਾਲ ਨਾਲ ਲੋਕਾਂ ਦੀ ਚਿੰਤਾ ਇਕ ਵਾਰ ਫਿਰ ਵਧਾ ਦਿਤੀ ਹੈ। ਲੰਮੇ ਲੌਕਡਾਊਨ ਦੀ ਝੰਬੀ ਜ਼ਿੰਦਗੀ ਭਾਵੇਂ ਹੁਣ ਮੁੜ ਲੀਂਹਾਂ 'ਤੇ ਪੈਣੀ ਸ਼ੁਰੂ ਹੋ ਚੁੱਕੀ ਹੈ, ਪਰ ਪਿਛਲੇ ਦਿਨਾਂ ਦੌਰਾਨ ਕਰੋਨਾ ਮੀਟਰ ਦੀ ਵਧਦੀ ਰਫ਼ਤਾਰ ਨੇ ਸਰਕਾਰਾਂ ਨੂੰ ਮੁੜ ਸਖ਼ਤ ਕਦਮ ਚੁੱਕਣ ਲਈ ਮਜ਼ਬੂਰ ਕਰਨਾ ਸ਼ੁਰੂ ਕਰ ਦਿਤਾ ਹੈ। ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵਲੋਂ ਸੂਬੇ ਵਿਚ ਮੁੜ ਲੋਕਡਾਊਨ ਦੇ ਸੰਕੇਤ ਮਗਰੋਂ ਕਾਫੀ ਚਰਚਾ ਛਿੜੀ ਹੋਈ ਹੈ।
Corona virus
ਸੋਸ਼ਲ ਮੀਡੀਆ 'ਤੇ ਇਸ ਸਬੰਧੀ ਸੁਨੇਹਿਆਂ ਦੇ ਅਦਾਨ-ਪ੍ਰਦਾਨ ਦਾ ਦੌਰ ਜਾਰੀ ਹੈ। ਇਸੇ ਦੌਰਾਨ ਕੈਬਨਿਟ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਵੀ ਇਸ ਸਬੰਧੀ ਰਾਏ ਜਾਹਰ ਕਰਦਿਆਂ ਕਿਹਾ ਕਿ ਲੌਕਡਾਊਨ ਨੂੰ ਮੁੜ ਲਾਗੂ ਕਰਨਾ ਕਿਸੇ ਇਕੱਲੇ ਦਾ ਫ਼ੈਸਲਾ ਨਹੀਂ ਹੋਵੇਗਾ। ਸਗੋਂ ਪੂਰੀ ਸਰਕਾਰ ਮਿਲ ਕੇ ਇਸ ਦਾ ਫ਼ੈਸਲਾ ਕਰੇਗੀ ਤੇ ਇਸ ਬਾਰੇ ਲੋਕਾਂ ਨੂੰ ਦੱਸ ਦਿੱਤਾ ਜਾਵੇਗਾ।
Corona virus
ਅੰਮ੍ਰਿਤਸਰ ਵਿਚ ਨਿੱਜੀ ਲੈਬੋਰਟਰੀ ਦੇ ਖਿਲਾਫ਼ ਹੋਈ ਕਾਰਵਾਈ ਬਾਰੇ ਬੋਲਦਿਆਂ ਓਪੀ ਸੋਨੀ ਨੇ ਆਖਿਆ ਕਿ ਕਿਸੇ ਨੂੰ ਵੀ ਸੂਬੇ ਵਿਚ ਗ਼ਲਤ ਕੰਮ ਕਰਨ ਦੀ ਇਜਾਜ਼ਤ ਨਹੀਂ ਦਿਤੀ ਜਾਵੇਗੀ। ਉਨ੍ਹਾਂ ਕਿਹਾ ਕਿ ਨਿੱਜੀ ਹਸਪਤਾਲ ਨਿਯਮਾਂ ਮੁਤਾਬਕ ਸਰਕਾਰ ਨਾਲ ਮਿਲ ਕੇ ਲੋਕਾਂ ਦਾ ਸਾਥ ਦੇਣ। ਸਰਕਾਰ ਵਲੋਂ ਵੀ ਅਜਿਹਾ ਮਾਹੌਲ ਸਿਰਜਿਆ ਜਾ ਰਿਹਾ ਹੈ ਜਿਸ ਵਿਚ ਨਿੱਜੀ ਹਸਪਤਾਲ ਕੋਰੋਨਾ ਮਹਾਮਾਰੀ ਦੀ ਲੜਾਈ ਦੌਰਾਨ ਲੋਕਾਂ ਦੀ ਸੇਵਾ ਕਰ ਸਕਣ ਪਰ ਜੋ ਵੀ ਗ਼ਲਤ ਕੰਮ ਕਰੇਗਾ, ਉਸ ਖਿਲਾਫ਼ ਜ਼ਰੂਰ ਕਾਰਵਾਈ ਹੋਵੇਗੀ।
Corona Virus
ਇਸੇ ਦੌਰਾਨ ਪੰਜਾਬ ਦੇ ਕਈ ਸ਼ਹਿਰਾਂ ਅੰਦਰ ਕਰੋਨਾ ਮੀਟਰ ਬੇਲਗਾਮ ਹੁੰਦਾ ਜਾਪ ਰਿਹਾ ਹੈ। ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ 'ਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਵਧਦੀ ਗਿਣਤੀ ਦੇ ਚਲਦਿਆਂ ਜ਼ਿਲ੍ਹੇ ਦੇ ਸ਼ਹਿਰ ਗਿੱਦੜਬਾਹਾ 'ਚ ਪ੍ਰਸ਼ਾਸ਼ਨ ਨੇ ਅੱਜ ਦੁਪਿਹਰ ਸਮੇਂ ਦੁਕਾਨਾਂ ਬੰਦ ਕਰਵਾ ਦਿਤੀਆਂ ਗਈਆਂ ਹਨ। ਇੱਥੇ 30 ਜੂਨ ਤਕ ਮੁਕੰਮਲ ਲਾਕਡਾਊਨ ਰੱਖਣ ਦਾ ਫ਼ੈਸਲਾ ਲਿਆ ਗਿਆ ਹੈ ਤਾਂ ਜੋ ਵਧਦੇ ਕੋਰੋਨਾ ਕੇਸਾਂ ਨੂੰ ਰੋਕਿਆ ਜਾ ਸਕੇ। ਉਧਰ, ਅਸਾਮ ਨੇ ਗੁਹਾਟੀ ਤੇ ਕਾਮਰੂਪ ਜ਼ਿਲ੍ਹਿਆਂ ਵਿਚ 14 ਦਿਨਾਂ ਦੇ ਲੌਕਡਾਊਨ ਦਾ ਐਲਾਨ ਕੀਤਾ ਹੈ। ਇਹ 28 ਜੂਨ ਦੀ ਅੱਧੀ ਰਾਤ ਤੋਂ ਲਾਗੂ ਹੋਵੇਗਾ। ਇਸ ਦੌਰਾਨ ਹਰਿਆਣਾ ਦੇ ਗੁੜਗਾਉਂ ਵਿਚ ਸ਼ਾਪਿੰਗ ਮਾਲ ਅਗਲੇ ਹਫ਼ਤੇ ਖੁੱਲ੍ਹਣ ਦੀ ਸੰਭਾਵਨਾ ਹੈ ਜੋ ਪਿਛਲੇ ਤਿੰਨ ਮਹੀਨਿਆਂ ਤੋਂ ਬੰਦ ਸਨ।
Corona Virus
ਵਧਦੇ ਕਰੋਨਾ ਨਾਲ ਜਿੱਥੇ ਆਮ ਜਨ ਜੀਵਨ ਮੁੜ ਪ੍ਰਭਾਵਿਤ ਹੋਣਾ ਸ਼ੁਰੂ ਹੋ ਗਿਆ ਹੈ, ਉਥੇ ਇਸ ਦਾ ਅਸਰ ਅੰਤਰਰਾਸ਼ਟਰੀ ਉਡਾਣਾਂ 'ਤੇ ਵੀ ਪਿਆ ਹੈ। ਭਾਵੇਂ ਦੇਸ਼ ਵਿਆਪੀ ਲੌਕਾਡਾਊਨ ਕਾਰਨ 23 ਮਾਰਚ ਤੋਂ ਸਾਰੀਆਂ ਅੰਤਰਰਾਸ਼ਟਰੀ ਉਡਾਣਾਂ ਰੱਦ ਹਨ। ਪਰ ਹੁਣ ਸਿਵਲ ਐਵੀਏਸ਼ਨ ਦੇ ਡਾਇਰੈਕਟੋਰੇਟ ਜਨਰਲ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਾਰੀਆਂ ਅੰਤਰਰਾਸ਼ਟਰੀ ਉਡਾਣਾਂ 15 ਜੁਲਾਈ ਤਕ ਬੰਦ ਰਹਿਣਗੀਆਂ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ ।