ਦਿੱਲੀ ਆਬਕਾਰੀ ਨੀਤੀ ‘ਘਪਲਾ’ ਮਾਮਲਾ : ਅਦਾਲਤ ਨੇ ਕੇਜਰੀਵਾਲ ਨੂੰ ਤਿੰਨ ਦੀ CBI ਹਿਰਾਸਤ ’ਚ ਭੇਜਿਆ
Published : Jun 26, 2024, 9:48 pm IST
Updated : Jun 26, 2024, 9:48 pm IST
SHARE ARTICLE
Arvind Kejriwal
Arvind Kejriwal

CBI ਨੇ ਪੁੱਛ-ਪੜਤਾਲ ਲਈ ਕੇਜਰੀਵਾਲ ਦੀ ਪੰਜ ਦਿਨਾਂ ਲਈ ਹਿਰਾਸਤ ਮੰਗੀ ਸੀ

ਮੈਂ ਬੇਕਸੂਰ ਹਾਂ, CBI ਇਸ ਮਾਮਲੇ ਨੂੰ ਸਨਸਨੀਖੇਜ਼ ਬਣਾ ਰਹੀ ਹੈ : ਕੇਜਰੀਵਾਲ 

ਨਵੀਂ ਦਿੱਲੀ: ਕੇਂਦਰੀ ਜਾਂਚ ਬਿਊਰੋ (CBI) ਨੇ ਬੁਧਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਰਸਮੀ ਤੌਰ ’ਤੇ ਗ੍ਰਿਫਤਾਰ ਕਰ ਲਿਆ। ਕੇਂਦਰੀ ਏਜੰਸੀ ਨੇ ਅਦਾਲਤ ਨੂੰ ਕਥਿਤ ਆਬਕਾਰੀ ਘਪਲੇ ਨਾਲ ਜੁੜੇ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਪੁੱਛ-ਪੜਤਾਲ ਲਈ ਕੇਜਰੀਵਾਲ ਨੂੰ ਪੰਜ ਦਿਨਾਂ ਲਈ ਹਿਰਾਸਤ ’ਚ ਭੇਜਣ ਦੀ ਵੀ ਬੇਨਤੀ ਕੀਤੀ, ਪਰ ਅਦਾਲਤ ਨੇ ਤਿੰਨ ਦਿਨਾਂ ਦੀ ਹਿਰਾਸਤ ਹੀ ਦਿਤੀ। 

ਵਿਸ਼ੇਸ਼ ਜੱਜ ਅਮਿਤਾਭ ਰਾਵਤ ਨੇ ਹਿਰਾਸਤ ਦੀ ਅਰਜ਼ੀ ’ਤੇ ਫੈਸਲਾ ਰਾਖਵਾਂ ਰੱਖ ਲਿਆ। ਕੇਜਰੀਵਾਲ ਨੇ ਅਦਾਲਤ ਦੇ ਸਾਹਮਣੇ ਦਾਅਵਾ ਕੀਤਾ ਕਿ ਉਹ ਇਸ ਮਾਮਲੇ ’ਚ ਬੇਕਸੂਰ ਹਨ। ਉਨ੍ਹਾਂ ਕਿਹਾ ਕਿ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਆਮ ਆਦਮੀ ਪਾਰਟੀ ਬੇਕਸੂਰ ਹਨ। ਜੱਜ ਤੋਂ ਇਜਾਜ਼ਤ ਮਿਲਣ ਤੋਂ ਬਾਅਦ ਕੇਂਦਰੀ ਏਜੰਸੀ ਨੇ ‘ਆਪ’ ਦੇ ਕੌਮੀ ਕਨਵੀਨਰ ਨੂੰ ਰਸਮੀ ਤੌਰ ’ਤੇ ਗ੍ਰਿਫਤਾਰ ਕਰ ਲਿਆ। 

ਕੇਜਰੀਵਾਲ ਨੂੰ ਤਿਹਾੜ ਕੇਂਦਰੀ ਜੇਲ੍ਹ ਤੋਂ ਅਦਾਲਤ ’ਚ ਪੇਸ਼ ਕੀਤਾ ਗਿਆ ਸੀ, ਜਿਸ ਤੋਂ ਬਾਅਦ CBI ਨੇ ਉਨ੍ਹਾਂ ਦੀ ਗ੍ਰਿਫਤਾਰੀ ਲਈ ਅਰਜ਼ੀ ਦਾਇਰ ਕੀਤੀ ਸੀ। ‘ਆਪ’ ਆਗੂ ਆਬਕਾਰੀ ਨੀਤੀ ‘ਘਪਲੇ’ ਨਾਲ ਜੁੜੇ ਮਨੀ ਲਾਂਡਰਿੰਗ (ਕਾਲੇ ਧਨ ਨੂੰ ਚਿੱਟਾ ਕਰਨ) ਦੇ ਮਾਮਲੇ ’ਚ ਜੇਲ੍ਹ ’ਚ ਹਨ, ਜਿਸ ਦੀ ਜਾਂਚ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਕਰ ਰਹੀ ਹੈ। 

ਉਨ੍ਹਾਂ ਕਿਹਾ, ‘‘CBI ਸੂਤਰਾਂ ਦੇ ਹਵਾਲੇ ਨਾਲ ਮੀਡੀਆ ਵਿਚ ਇਹ ਪੇਸ਼ ਕੀਤਾ ਜਾ ਰਿਹਾ ਹੈ ਕਿ ਮੈਂ ਇਕ ਬਿਆਨ ਵਿਚ ਸਾਰਾ ਦੋਸ਼ ਮਨੀਸ਼ ਸਿਸੋਦੀਆ ’ਤੇ ਲਗਾਇਆ ਹੈ। ਮੈਂ ਕੋਈ ਬਿਆਨ ਨਹੀਂ ਦਿਤਾ ਹੈ ਕਿ ਸਿਸੋਦੀਆ ਦੋਸ਼ੀ ਹੈ ਜਾਂ ਕੋਈ ਹੋਰ ਦੋਸ਼ੀ ਹੈ। ਮੈਂ ਕਿਹਾ ਹੈ ਕਿ ਸਿਸੋਦੀਆ ਬੇਕਸੂਰ ਹੈ, ‘ਆਪ’ ਬੇਕਸੂਰ ਹੈ, ਮੈਂ ਬੇਕਸੂਰ ਹਾਂ।’’ ਉਨ੍ਹਾਂ ਕਿਹਾ, ‘‘ਉਨ੍ਹਾਂ ਦੀ ਪੂਰੀ ਯੋਜਨਾ ਮੀਡੀਆ ਦੇ ਸਾਹਮਣੇ ਸਾਨੂੰ ਬਦਨਾਮ ਕਰਨ ਦੀ ਹੈ। ਕਿਰਪਾ ਕਰ ਕੇ ਨੋਟ ਕਰੋ ਕਿ ਇਹ ਸਾਰੀਆਂ ਚੀਜ਼ਾਂ CBI ਸਰੋਤਾਂ ਰਾਹੀਂ ਮੀਡੀਆ ’ਚ ਪ੍ਰਸਾਰਿਤ ਕੀਤੀਆਂ ਗਈਆਂ ਹਨ।’’

ਕੇਜਰੀਵਾਲ ਨੇ ਇਹ ਵੀ ਦਾਅਵਾ ਕੀਤਾ ਕਿ CBI ਇਸ ਮਾਮਲੇ ਨੂੰ ਸਨਸਨੀਖੇਜ਼ ਬਣਾ ਰਹੀ ਹੈ। ਉਨ੍ਹਾਂ ਕਿਹਾ, ‘‘ਇਸ ਨੂੰ ਸਪੱਸ਼ਟ ਕੀਤਾ ਜਾਣਾ ਚਾਹੀਦਾ ਹੈ। ਇਹ ਸਾਰੇ ਅਖਬਾਰਾਂ ਦੀਆਂ ਚੋਟੀ ਦੀਆਂ ਸੁਰਖੀਆਂ ਹੋਣਗੀਆਂ। ਉਨ੍ਹਾਂ ਦਾ ਉਦੇਸ਼ ਮਾਮਲੇ ਨੂੰ ਸਨਸਨੀਖੇਜ਼ ਬਣਾਉਣਾ ਹੈ।’’ ਹਾਲਾਂਕਿ, CBI ਵਲੋਂ ਪੇਸ਼ ਹੋਏ ਵਕੀਲ ਨੇ ਕਿਹਾ ਕਿ ਉਨ੍ਹਾਂ ਨੇ ਤੱਥਾਂ ਦੇ ਅਧਾਰ ’ਤੇ ਬਹਿਸ ਕੀਤੀ ਸੀ ਅਤੇ ਏਜੰਸੀ ਦੇ ਕਿਸੇ ਵੀ ਸੂਤਰ ਨੇ ਕੁੱਝ ਨਹੀਂ ਕਿਹਾ ਸੀ। 

ਜੱਜ ਨੇ ਕਿਹਾ ਕਿ ਮੀਡੀਆ ਸੁਰਖ਼ੀਆਂ ਨੂੰ ਪ੍ਰਮੁੱਖਤਾ ਦਿੰਦਾ ਹੈ। ਉਨ੍ਹਾਂ ਕਿਹਾ, ‘‘ਇਸ ਮਾਮਲੇ ’ਚ ਮੀਡੀਆ ਨੂੰ ਕੰਟਰੋਲ ਕਰਨਾ ਬਹੁਤ ਮੁਸ਼ਕਲ ਹੈ।’’ 

ਵੱਡੀ ਸਾਜ਼ਸ਼ ਦਾ ਪਰਦਾਫ਼ਾਸ਼ ਕਰਨ ਲਈ ਕੇਜਰੀਵਾਲ ਤੋਂ ਪੁੱਛ-ਪੜਤਾਲ ਜ਼ਰੂਰੀ : CBI

CBI ਨੇ ਕੇਜਰੀਵਾਲ ਦੀ ਹਿਰਾਸਤ ਦੀ ਮੰਗ ਕਰਦਿਆਂ ਅਪਣੀ ਅਰਜ਼ੀ ’ਚ ਕਿਹਾ ਕਿ ਇਸ ਮਾਮਲੇ ’ਚ ਵੱਡੀ ਸਾਜ਼ਸ਼ ਦਾ ਪਰਦਾਫਾਸ਼ ਕਰਨ ਲਈ ਉਨ੍ਹਾਂ ਤੋਂ ਪੁੱਛ-ਪੜਤਾਲ ਜ਼ਰੂਰੀ ਹੈ। ਏਜੰਸੀ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਨੂੰ ਇਸ ਮਾਮਲੇ ਵਿਚ ਸਬੂਤਾਂ ਅਤੇ ਹੋਰ ਮੁਲਜ਼ਮਾਂ ਨਾਲ ਵੀ ਸਾਹਮਣਾ ਕਰਨ ਦੀ ਜ਼ਰੂਰਤ ਹੈ। 

ਉਨ੍ਹਾਂ ਕਿਹਾ, ‘‘ਸਾਨੂੰ ਉਨ੍ਹਾਂ ਨੂੰ ਹਿਰਾਸਤ ’ਚ ਲੈ ਕੇ ਪੁੱਛ-ਪੜਤਾਲ ਕਰਨੀ ਹੋਵੇਗੀ। ਉਹ ਸਹਿ-ਦੋਸ਼ੀ ਵਿਜੇ ਨਾਇਰ ਨੂੰ ਵੀ ਨਹੀਂ ਪਛਾਣ ਰਹੇ ਹਨ, ਜੋ ਉਨ੍ਹਾਂ ਅਧੀਨ ਕੰਮ ਕਰਦਾ ਸੀ। ਉਹ ਕਹਿ ਰਹੇ ਹਨ ਕਿ ਨਾਇਰ ਆਤਿਸ਼ੀ ਅਤੇ ਸੌਰਭ ਭਾਰਦਵਾਜ ਦੇ ਅਧੀਨ ਕੰਮ ਕਰਦਾ ਹੈ। ਉਹ ਸਾਰਾ ਦੋਸ਼ ਮਨੀਸ਼ ਸਿਸੋਦੀਆ (ਮਾਮਲੇ ਦੇ ਸਹਿ-ਦੋਸ਼ੀ) ’ਤੇ ਪਾ ਰਹੇ ਹਨ। ਉਨ੍ਹਾਂ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਨੂੰ ਦਸਤਾਵੇਜ਼ ਵਿਖਾ ਉਣੇ ਪੈਣਗੇ।’’

ਕੇਂਦਰੀ ਏਜੰਸੀ ਨੇ ਦਾਅਵਾ ਕੀਤਾ ਕਿ ‘ਦੱਖਣ ਦੀ ਲਾਬੀ’ ਨੇ ਅਜਿਹੇ ਸਮੇਂ ਦਿੱਲੀ ਦਾ ਦੌਰਾ ਕੀਤਾ ਜਦੋਂ ਕੋਵਿਡ-19 ਮਹਾਂਮਾਰੀ ਅਪਣੇ ਸਿਖਰ ’ਤੇ ਸੀ। ਸੰਘੀ ਏਜੰਸੀ ਨੇ ਪਹਿਲਾਂ ਦਾਅਵਾ ਕੀਤਾ ਸੀ ਕਿ ਕਥਲ਼ਤ ‘ਦੱਖਣ ਦੀ ਲਾਬੀ’ ਨੇ ਹੁਣ ਰੱਦ ਕੀਤੀ ਗਈ ਆਬਕਾਰੀ ਨੀਤੀ ਦਾ ਢਾਂਚਾ ਤਿਆਰ ਕੀਤਾ ਸੀ ਅਤੇ ਮੁੱਖ ਮੰਤਰੀ ਇਸ ਵਿਚ ਸ਼ਾਮਲ ਸਨ। 

CBI ਨੇ ਹੁਣ ਰੱਦ ਕੀਤੀ ਗਈ ਦਿੱਲੀ ਆਬਕਾਰੀ ਨੀਤੀ ਦਾ ਹਵਾਲਾ ਦਿੰਦੇ ਹੋਏ ਅਦਾਲਤ ਨੂੰ ਦਸਿਆ , ‘‘ਮੌਤਾਂ ਹੋ ਰਹੀਆਂ ਸਨ। ਉਸ ਨੇ ਰੀਪੋਰਟ ਤਿਆਰ ਕੀਤੀ ਅਤੇ ਅਭਿਸ਼ੇਕ ਬੋਇਨਪੱਲੀ ਨੂੰ ਦਿਤੀ। ਇਹ ਵਿਜੇ ਨਾਇਰ ਰਾਹੀਂ ਮਨੀਸ਼ ਸਿਸੋਦੀਆ ਨੂੰ ਭੇਜਿਆ ਗਿਆ ਸੀ। ਕੋਈ ਮੀਟਿੰਗ ਨਹੀਂ ਹੋਈ। ਉਸੇ ਦਿਨ ਇਸ ’ਤੇ ਦਸਤਖਤ ਕੀਤੇ ਗਏ ਸਨ। ਇਸ ਨੂੰ ਉਸੇ ਦਿਨ ਸੂਚਿਤ ਕੀਤਾ ਗਿਆ ਸੀ। ਇਸ ਬਾਰੇ ਇਕ ਕਾਹਲੀ ਸੀ... ਜਦੋਂ ਕੋਵਿਡ ਸੀ ਤਾਂ ਮੁੱਖ ਮੰਤਰੀ ਨਾਲ ਮਾਮਲਿਆਂ ਦਾ ਇੰਚਾਰਜ ਕੌਣ ਸੀ? ਉਨ੍ਹਾਂ ਦੇ ਨਿਰਦੇਸ਼ਾਂ ’ਤੇ ਦਖਣੀ ਲਾਬੀ ਦਿੱਲੀ ’ਚ ਬੈਠੀ ਸੀ ਅਤੇ ਇਹ ਯਕੀਨੀ ਬਣਾਇਆ ਕਿ ਨੀਤੀ ਨੂੰ ਨੋਟੀਫਾਈ ਕੀਤਾ ਜਾਵੇ।’’

CBI ਨੇ ਕੇਜਰੀਵਾਲ ’ਤੇ ਬੇਲੋੜੇ ਦੋਸ਼ ਲਗਾਉਣ ਦਾ ਵੀ ਦੋਸ਼ ਲਾਇਆ। CBI ਵਲੋਂ ਪੇਸ਼ ਹੋਏ ਵਕੀਲ ਨੇ ਕਿਹਾ, ‘‘ਬਿਨਾਂ ਕਿਸੇ ਕਾਰਨ ਦੇ ਗਲਤ ਦੋਸ਼ ਲਗਾਏ ਜਾ ਰਹੇ ਹਨ। ਅਸੀਂ ਚੋਣਾਂ ਤੋਂ ਪਹਿਲਾਂ ਅਜਿਹਾ ਕਰ ਸਕਦੇ ਸੀ। ਮੈਂ (CBI) ਅਪਣਾ ਕੰਮ ਕਰ ਰਿਹਾ ਹਾਂ, ਹਰ ਅਦਾਲਤ ਨੂੰ ਸੰਤੁਸ਼ਟ ਕਰ ਰਿਹਾ ਹਾਂ।’’ 

ਜਦੋਂ ਅਦਾਲਤ ਨੇ ਪੁਛਿਆ ਕਿ ਕੇਜਰੀਵਾਲ ਨੂੰ ਹੁਣ ਗ੍ਰਿਫਤਾਰ ਕਿਉਂ ਕੀਤਾ ਜਾ ਰਿਹਾ ਹੈ ਤਾਂ CBI ਦੇ ਵਕੀਲ ਨੇ ਕਿਹਾ ਕਿ ਜਾਂਚ ਏਜੰਸੀ ਚੋਣਾਂ ਦੌਰਾਨ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਤੋਂ ਬਚ ਰਹੀ ਸੀ। ਕੇਜਰੀਵਾਲ ਦੀ ਨੁਮਾਇੰਦਗੀ ਕਰਨ ਵਾਲੇ ਵਕੀਲ ਨੇ ਹਿਰਾਸਤ ਦੀ ਮੰਗ ਕਰਨ ਵਾਲੀ CBI ਦੀ ਪਟੀਸ਼ਨ ਦਾ ਵਿਰੋਧ ਕੀਤਾ ਅਤੇ ਇਸ ਨੂੰ ‘ਬਿਲਕੁਲ ਸ਼ੱਕੀ’ ਦਸਿਆ। ਉਨ੍ਹਾਂ ਕਿਹਾ, ‘‘ਇਹ ਸੱਤਾ ਦੀ ਦੁਰਵਰਤੋਂ ਦੀ ਵੱਡੀ ਉਦਾਹਰਣ ਹੈ।’’ (ਪੀਟੀਆਈ)

ਇਹ ਤਾਨਾਸ਼ਾਹੀ ਹੈ, ਇਹ ਐਮਰਜੈਂਸੀ ਹੈ : ਸੁਨੀਤਾ ਕੇਜਰੀਵਾਲ

ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਬੁਧਵਾਰ ਨੂੰ ਦੋਸ਼ ਲਾਇਆ ਕਿ ਪੂਰਾ ਸਿਸਟਮ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਉਨ੍ਹਾਂ ਦਾ ਪਤੀ ਜੇਲ ਤੋਂ ਬਾਹਰ ਨਾ ਆਵੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਸੱਭ ‘ਤਾਨਾਸ਼ਾਹੀ’ ਅਤੇ ‘ਐਮਰਜੈਂਸੀ’ ਦੇ ਬਰਾਬਰ ਹੈ। ਜਦਕਿ ਆਮ ਆਦਮੀ ਪਾਰਟੀ (ਆਪ) ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ’ਤੇ ਕੇਜਰੀਵਾਲ ਨੂੰ ਜਾਅਲੀ ਕੇਸ ’ਚ CBI ਤੋਂ ਗ੍ਰਿਫਤਾਰ ਕਰਵਾਉਣ ਦਾ ਦੋਸ਼ ਲਾਇਆ ਹੈ। 

ਸੁਨੀਤਾ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਇਕ ਪੋਸਟ ’ਚ ਕਿਹਾ, ‘‘ਮੇਰੇ ਦੇ ਪਤੀ ਨੂੰ ਆਬਕਾਰੀ ਨੀਤੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ’ਚ 20 ਜੂਨ ਨੂੰ ਜ਼ਮਾਨਤ ਮਿਲ ਗਈ ਸੀ ਪਰ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਤੁਰਤ ਇਸ ’ਤੇ ਰੋਕ ਦਾ ਹੁਕਮ ਲੈ ਲਿਆ। ਅਗਲੇ ਹੀ ਦਿਨ CBI ਨੇ ਉਨ੍ਹਾਂ ਨੂੰ ਮੁਲਜ਼ਮ ਬਣਾਇਆ ਅਤੇ ਅੱਜ ਗ੍ਰਿਫਤਾਰ ਕਰ ਲਿਆ ਗਿਆ। ਪੂਰਾ ਸਿਸਟਮ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਉਹ ਬੰਦਾ (ਕੇਜਰੀਵਾਲ) ਜੇਲ੍ਹ ਤੋਂ ਬਾਹਰ ਨਾ ਆਵੇ। ਇਹ ਕੋਈ ਕਾਨੂੰਨ ਨਹੀਂ ਹੈ। ਇਹ ਤਾਨਾਸ਼ਾਹੀ ਹੈ, ਇਹ ਐਮਰਜੈਂਸੀ ਹੈ।’’

‘ਆਪ’ ਨੇ ਵੀ ਕੇਜਰੀਵਾਲ ਦੀ ਗ੍ਰਿਫਤਾਰੀ ਦੀ ਨਿੰਦਾ ਕੀਤੀ ਹੈ। ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਇਕ ਪੋਸਟ ਵਿਚ ‘ਆਪ’ ਨੇ ਕਿਹਾ, ‘‘ਤਾਨਾਸ਼ਾਹ ਨੇ ਜ਼ੁਲਮ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿਤੀਆਂ ਹਨ। ਅੱਜ ਜਦੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਮਿਲਣ ਦੀ ਪੂਰੀ ਸੰਭਾਵਨਾ ਸੀ ਤਾਂ ਗੁੱਸੇ ’ਚ ਭਾਜਪਾ ਨੇ ਕੇਜਰੀਵਾਲ ਨੂੰ ਫਰਜ਼ੀ ਕੇਸ ’ਚ CBI ਤੋਂ ਗ੍ਰਿਫਤਾਰ ਕਰਵਾ ਦਿਤਾ।’’ 

ਉਨ੍ਹਾਂ ਕਿਹਾ, ‘‘CBI ਕੇਜਰੀਵਾਲ ਜੀ ਨੂੰ ਰਾਊਜ਼ ਐਵੇਨਿਊ ਕੋਰਟ ਲੈ ਗਈ, ਜਿੱਥੇ ਉਨ੍ਹਾਂ ਦੇ ਬਲੱਡ ਸ਼ੂਗਰ ਦਾ ਪੱਧਰ ਬਹੁਤ ਘੱਟ ਗਿਆ। ਤਾਨਾਸ਼ਾਹ, ਤੁਸੀਂ ਭਾਵੇਂ ਕਿੰਨੇ ਵੀ ਜ਼ੁਲਮ ਕਰ ਲਵੋ, ਕੇਜਰੀਵਾਲ ਨਾ ਤਾਂ ਝੁਕਣਗੇ ਅਤੇ ਨਾ ਹੀ ਟੁੱਟਣਗੇ।’’ ‘ਆਪ’ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਕਿਹਾ ਕਿ ਇਸ ਤੋਂ ਵੱਡੀ ਐਮਰਜੈਂਸੀ ਹੋਰ ਕੋਈ ਨਹੀਂ ਹੋ ਸਕਦੀ। 

ਰਾਊਜ਼ ਐਵੇਨਿਊ ਅਦਾਲਤ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਜੇ ਸਿੰਘ ਨੇ ਕਿਹਾ, ‘‘ਕੇਜਰੀਵਾਲ ਨਾ ਤਾਂ ਅਤਿਵਾਦੀ ਹਨ ਅਤੇ ਨਾ ਹੀ ਅਪਰਾਧੀ। CBI ਨੇ ਚਾਰ ਚਾਰਜਸ਼ੀਟ ਦਾਇਰ ਕੀਤੀਆਂ ਸਨ ਪਰ ਕੇਜਰੀਵਾਲ ਦਾ ਕੋਈ ਜ਼ਿਕਰ ਨਹੀਂ ਸੀ। ਉਹ ਕੇਜਰੀਵਾਲ ਨੂੰ ਉਦੋਂ ਯਾਦ ਕਰਦੇ ਹਨ ਜਦੋਂ ਉਹ ਰਿਹਾਅ ਹੋਣ ਵਾਲੇ ਹੁੰਦੇ ਹਨ। ਪੂਰਾ ਦੇਸ਼ ਜਾਣਦਾ ਹੈ ਕਿ ਕੀ ਹੋ ਰਿਹਾ ਹੈ।’’

ਕੇਜਰੀਵਾਲ ਨੇ ਜ਼ਮਾਨਤ ’ਤੇ ਅੰਤਰਿਮ ਰੋਕ ਵਿਰੁਧ ਸੁਪਰੀਮ ਕੋਰਟ ’ਚ ਪਟੀਸ਼ਨ ਵਾਪਸ ਲਈ 

ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਥਿਤ ਆਬਕਾਰੀ ਘਪਲੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ’ਚ ਹੇਠਲੀ ਅਦਾਲਤ ਦੇ ਜ਼ਮਾਨਤ ਹੁਕਮ ’ਤੇ ਦਿੱਲੀ ਹਾਈ ਕੋਰਟ ਦੇ ਅੰਤਰਿਮ ਰੋਕ ਨੂੰ ਚੁਨੌਤੀ ਦੇਣ ਵਾਲੀ ਅਪਣੀ ਪਟੀਸ਼ਨ ਬੁਧਵਾਰ ਨੂੰ ਸੁਪਰੀਮ ਕੋਰਟ ਤੋਂ ਵਾਪਸ ਲੈ ਲਈ। 

ਜਸਟਿਸ ਮਨੋਜ ਮਿਸ਼ਰਾ ਅਤੇ ਜਸਟਿਸ ਐਸ.ਵੀ.ਐਨ. ਭੱਟੀ ਦੀ ਛੁੱਟੀ ਵਾਲੇ ਬੈਂਚ ਨੇ ਕੇਜਰੀਵਾਲ ਨੂੰ ਅਪਣੀ ਪਟੀਸ਼ਨ ਵਾਪਸ ਲੈਣ ਦੀ ਇਜਾਜ਼ਤ ਦੇ ਦਿਤੀ। ਕੇਜਰੀਵਾਲ ਵਲੋਂ ਪੇਸ਼ ਹੋਏ ਸੀਨੀਅਰ ਵਕੀਲ ਅਭਿਸ਼ੇਕ ਸਿੰਘਵੀ ਨੇ ਬੈਂਚ ਨੂੰ ਦਸਿਆ ਕਿ ਹਾਈ ਕੋਰਟ ਨੇ 25 ਜੂਨ ਨੂੰ ਵਿਸਥਾਰਤ ਹੁਕਮ ਜਾਰੀ ਕੀਤਾ ਹੈ, ਇਸ ਲਈ ਉਹ ਠੋਸ ਅਪੀਲ ਦਾਇਰ ਕਰਨਾ ਚਾਹੁੰਦੇ ਹਨ।

ਸਿੰਘਵੀ ਨੇ ਬੈਂਚ ਨੂੰ ਦਸਿਆ ਕਿ ਘਟਨਾਕ੍ਰਮ ਹਰ ਦਿਨ ਨਵਾਂ ਰੂਪ ਲੈ ਰਿਹਾ ਹੈ ਅਤੇ ਹੁਣ ਕੇਜਰੀਵਾਲ ਨੂੰ ਕੇਂਦਰੀ ਜਾਂਚ ਬਿਊਰੋ (CBI) ਨੇ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਕਿਹਾ, ‘‘ਅਸੀਂ ਸਾਰੀ ਸਬੰਧਤ ਜਾਣਕਾਰੀ ਰੀਕਾਰਡ ’ਤੇ ਰਖਣਾ ਚਾਹੁੰਦੇ ਹਾਂ ਅਤੇ ਹਾਈ ਕੋਰਟ ਦੇ 25 ਜੂਨ ਦੇ ਹੁਕਮ ਨੂੰ ਚੁਨੌਤੀ ਦਿੰਦੇ ਹੋਏ ਠੋਸ ਅਪੀਲ ਦਾਇਰ ਕਰਨਾ ਚਾਹੁੰਦੇ ਹਾਂ।’’

ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਦਿੱਲੀ ਭਾਜਪਾ ਨੇ ਕਿਹਾ, ‘ਇਹ ਤਾਂ ਹੋਣਾ ਹੀ ਸੀ’

ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਦਿੱਲੀ ਇਕਾਈ ਨੇ ਬੁਧਵਾਰ ਨੂੰ ਕਿਹਾ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਆਬਕਾਰੀ ਨੀਤੀ ਮਾਮਲੇ ’ਚ CBI ਗ੍ਰਿਫਤਾਰ ਕਰਨਾ ਤੈਅ ਸੀ ਕਿਉਂਕਿ ਏਜੰਸੀ ਨੇ ਉਨ੍ਹਾਂ ਵਿਰੁਧ ਅਦਾਲਤ ’ਚ ਅਪਰਾਧਕ ਦਸਤਾਵੇਜ਼ ਪੇਸ਼ ਕੀਤੇ ਸਨ। ਦਿੱਲੀ ਭਾਜਪਾ ਦੇ ਪ੍ਰਧਾਨ ਵਰਿੰਦਰ ਸਚਦੇਵਾ ਨੇ ਕਿਹਾ, ‘‘ਆਬਕਾਰੀ ਨੀਤੀ ਘਪਲੇ ’ਚ ਅਦਾਲਤ ’ਚ ਪੇਸ਼ ਕੀਤੇ ਗਏ ਦਸਤਾਵੇਜ਼ ਸਾਬਤ ਕਰਦੇ ਹਨ ਕਿ ਕੇਜਰੀਵਾਲ ਇਸ ਦੇ ਪਿੱਛੇ ਮੁੱਖ ਸਾਜ਼ਸ਼ਕਰਤਾ ਸਨ। ਆਬਕਾਰੀ ਨੀਤੀ ਉਸ ਦੀ ਨਿਗਰਾਨੀ ਹੇਠ ਬਣਾਈ ਗਈ ਸੀ ਅਤੇ ਇਕ ਵੱਡਾ ਘਪਲਾ ਕੀਤਾ ਗਿਆ ਸੀ।’’

ਕੇਜਰੀਵਾਲ ਨੂੰ ਫਸਾਉਣ ਲਈ ਕੇਂਦਰ ਸੀ.ਬੀ.ਆਈ. ਦੀ ਵਰਤੋਂ ਕਰ ਰਿਹਾ ਹੈ: ਅਖਿਲੇਸ਼ ਯਾਦਵ 

ਨਵੀਂ ਦਿੱਲੀ: ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਬੁਧਵਾਰ ਨੂੰ ਦੋਸ਼ ਲਾਇਆ ਕਿ ਕੇਂਦਰ ਸਰਕਾਰ ਨੇ ਦਿੱਲੀ ਸਰਕਾਰ ਨਾਲ ਸੱਭ ਤੋਂ ਵੱਧ ਵਿਤਕਰਾ ਕੀਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕੇਂਦਰ ਉਨ੍ਹਾਂ ਨੂੰ ਆਬਕਾਰੀ ਘਪਲੇ ਦੇ ਕੇਸ ’ਚ ਫਸਾਉਣ ਲਈ ਸੀ.ਬੀ.ਆਈ. ਦੀ ਵਰਤੋਂ ਕਰ ਰਿਹਾ ਹੈ ਤਾਂ ਜੋ ਆਮ ਆਦਮੀ ਪਾਰਟੀ (ਆਪ) ਸਰਕਾਰ ਦੇ ਕੰਮਕਾਜ ’ਚ ਰੁਕਾਵਟ ਪਾਈ ਜਾ ਸਕੇ। 

ਲੋਕ ਨਾਇਕ ਜੈ ਪ੍ਰਕਾਸ਼ ਹਸਪਤਾਲ ’ਚ ਆਮ ਆਦਮੀ ਪਾਰਟੀ (ਆਪ) ਅਤੇ ਦਿੱਲੀ ਦੀ ਜਲ ਮੰਤਰੀ ਆਤਿਸ਼ੀ ਦਾ ਹਾਲ-ਚਾਲ ਪੁੱਛਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਖਿਲੇਸ਼ ਯਾਦਵ ਨੇ ਕਿਹਾ ਕਿ ਜਦੋਂ ਤੋਂ ਕੇਂਦਰ ’ਚ ਭਾਰਤੀ ਜਨਤਾ ਪਾਰਟੀ (ਭਾਜਪਾ) ਸੱਤਾ ’ਚ ਆਈ ਹੈ, ਮੁੱਖ ਮੰਤਰੀਆਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਆਤਿਸ਼ੀ ਪਾਣੀ ਦੀ ਕਮੀ ਨਾਲ ਜੂਝ ਰਹੀ ਕੌਮੀ ਰਾਜਧਾਨੀ ਲਈ ਪਾਣੀ ਛੱਡਣ ਦੀ ਮੰਗ ਨੂੰ ਲੈ ਕੇ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ’ਤੇ ਬੈਠੇ ਸਨ। ਐਲ.ਐਨ.ਜੇ.ਪੀ. ਦੇ ਡਾਕਟਰਾਂ ਨੇ ਕਿਹਾ ਕਿ ਆਤਿਸ਼ੀ ਦੀ ਹਾਲਤ ਸਥਿਰ ਹੈ ਅਤੇ ਉਨ੍ਹਾਂ ਨੂੰ ਆਈ.ਸੀ.ਯੂ. ਤੋਂ ਵਾਰਡ ’ਚ ਤਬਦੀਲ ਕਰ ਦਿਤਾ ਗਿਆ ਹੈ। 

ਅਖਿਲੇਸ਼ ਨੇ ਕਿਹਾ, ‘‘ਮੈਂ ਦਿੱਲੀ ਦੀ ਜਲ ਮੰਤਰੀ ਆਤਿਸ਼ੀ ਦਾ ਹਾਲ-ਚਾਲ ਪੁੱਛਣ ਆਇਆ ਸੀ। ਉਹ ਨਾ ਸਿਰਫ ਬਹਾਦਰ ਹਨ ਬਲਕਿ ਇਹ ਵੀ ਜਾਣਦੇ ਹਨ ਕਿ ਲੋਕਾਂ ਲਈ ਕਿਵੇਂ ਲੜਨਾ ਹੈ। ਉਹ ਦਿੱਲੀ ਦੀਆਂ ਸਮੱਸਿਆਵਾਂ ਦੇ ਹੱਲ ਲਈ ਲਗਾਤਾਰ ਲੜ ਰਹੀ ਹੈ।’’ 

ਯਾਦਵ ਨੇ ਇਹ ਵੀ ਦਾਅਵਾ ਕੀਤਾ ਕਿ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਵੱਖ-ਵੱਖ ਮਾਮਲਿਆਂ ’ਚ ਭਾਜਪਾ ਲਈ ਖਤਰਾ ਪੈਦਾ ਕਰਨ ਵਾਲੇ ਲੋਕਾਂ ਨੂੰ ਫਸਾ ਰਹੀ ਹੈ। ਅਖਿਲੇਸ਼ ਯਾਦਵ ਨੇ ਕਿਹਾ, ‘‘ਕੇਂਦਰ ਨੂੰ ਪਤਾ ਹੋਵੇਗਾ ਕਿ ਉਹ (ਕੇਜਰੀਵਾਲ) ਜੇਲ੍ਹ ਤੋਂ ਬਾਹਰ ਆ ਜਾਣਗੇ। ਇਹ ਯਕੀਨੀ ਬਣਾਉਣ ਲਈ ਕਿ ਉਹ ਬਾਹਰ ਨਾ ਆ ਸਕਣ, ਸਰਕਾਰ ਕੰਮ ਨਾ ਕਰ ਸਕੇ ਅਤੇ ਉਹ ਲੋਕਾਂ ਦੇ ਵਿਚਕਾਰ ਨਾ ਜਾ ਸਕਣ, ਉਨ੍ਹਾਂ ਨੂੰ ਸੀ.ਬੀ.ਆਈ. ਵਲੋਂ ਫਸਾਇਆ ਜਾ ਰਿਹਾ ਹੈ।’’

ਭਾਰਤੀ ਕਮਿਊਨਿਸਟ ਪਾਰਟੀ-ਮਾਰਕਸਵਾਦੀ (ਸੀ.ਪੀ.ਆਈ.-ਐਮ) ਦੀ ਨੇਤਾ ਬਰਿੰਦਾ ਕਰਤ ਨੇ ਵੀ ਆਤਿਸ਼ੀ ਦੀ ਸਿਹਤ ਬਾਰੇ ਜਾਣਨ ਲਈ ਐਲ.ਐਨ.ਜੇ.ਪੀ. ਹਸਪਤਾਲ ਦਾ ਦੌਰਾ ਕੀਤਾ। ਆਤਿਸ਼ੀ ਨੇ ਰਾਜਧਾਨੀ ’ਚ ਪਾਣੀ ਦੇ ਸੰਕਟ ਦੇ ਮੱਦੇਨਜ਼ਰ 21 ਜੂਨ ਨੂੰ ਭੁੱਖ ਹੜਤਾਲ ਸ਼ੁਰੂ ਕੀਤੀ ਸੀ ਪਰ ਮੰਗਲਵਾਰ ਤੜਕੇ ਉਨ੍ਹਾਂ ਦੀ ਸਿਹਤ ਵਿਗੜ ਗਈ। ਇਸ ਤੋਂ ਬਾਅਦ ਹਸਪਤਾਲ ’ਚ ਦਾਖਲ ਹੋਣ ਕਾਰਨ ਉਨ੍ਹਾਂ ਦੀ ਭੁੱਖ ਹੜਤਾਲ ਖਤਮ ਕਰ ਦਿਤੀ ਗਈ। 

ਮੰਤਰੀ ਨੇ ਦਾਅਵਾ ਕੀਤਾ ਕਿ ਪਿਛਲੇ ਦੋ ਹਫਤਿਆਂ ਤੋਂ ਹਰਿਆਣਾ ਦਿੱਲੀ ਨੂੰ ਅਪਣੇ ਹਿੱਸੇ ਦੇ 613 ਐਮਜੀਡੀ ਨਾਲੋਂ 100 ਮਿਲੀਅਨ ਗੈਲਨ ਘੱਟ ਪਾਣੀ ਦੀ ਸਪਲਾਈ ਕਰ ਰਿਹਾ ਹੈ, ਜਿਸ ਕਾਰਨ ਦਿੱਲੀ ਦੇ 28 ਲੱਖ ਲੋਕ ਪਾਣੀ ਦੇ ਸੰਕਟ ਦਾ ਸਾਹਮਣਾ ਕਰ ਰਹੇ ਹਨ।

SHARE ARTICLE

ਏਜੰਸੀ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement