
ਖੇਤੀ ਦੀ ਭਾਰੀ ਮਸ਼ੀਨ ਨਾਲ ਭਾਰਤੀ ਮਜ਼ਦੂਰ ਦੀ ਬਾਂਹ ਕੱਟਣ ਤੋਂ ਬਾਅਦ ਉਸ ਦਾ ਮਾਲਕ ਇਲਾਜ ਕਰਵਾਉਣ ਦੀ ਥਾਂ ਉਸ ਨੂੰ ਸੜਕ ਕੰਢੇ ਸੁੱਟ ਕੇ ਫ਼ਰਾਰ ਹੋ ਗਿਆ ਸੀ
Satnam Singh death : ਭਾਰਤ ਨੇ ਬੁਧਵਾਰ ਨੂੰ ਇਟਲੀ ਨੂੰ ਇਕ ਪੰਜਾਬੀ ਮਜ਼ਦੂਰ ਦੀ ਮੌਤ ਲਈ ਜ਼ਿੰਮੇਵਾਰ ਲੋਕਾਂ ਵਿਰੁਧ ਤੁਰਤ ਕਾਰਵਾਈ ਕਰਨ ਲਈ ਕਿਹਾ ਹੈ, ਜਿਸ ਦੀ ਉਸ ਦੇ ਮਾਲਕ ਵਲੋਂ ਬਿਨਾਂ ਡਾਕਟਰੀ ਸਹਾਇਤਾ ਦੇ ਸੜਕ ’ਤੇ ਸੁੱਟੇ ਜਾਣ ਕਾਰਨ ਮੌਤ ਹੋ ਗਈ ਸੀ।
ਇਟਲੀ ’ਚ ਭਾਰਤੀ ਸਫ਼ਾਰਤਖ਼ਾਨੇ ਨੇ ਬੁਧਵਾਰ ਨੂੰ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਕਿਹਾ ਕਿ ਵਿਦੇਸ਼ ਮੰਤਰਾਲੇ ’ਚ ਕੌਂਸਲਰ, ਪਾਸਪੋਰਟ, ਵੀਜ਼ਾ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਦੇ ਸਕੱਤਰ ਮੁਕਤੇਸ਼ ਪਰਦੇਸੀ ਨੇ 31 ਸਾਲ ਦੇ ਸਤਨਾਮ ਸਿੰਘ ਦੀ ਮੌਤ ’ਤੇ ਭਾਰਤ ਦੀ ਡੂੰਘੀ ਚਿੰਤਾ ਤੋਂ ਇਟਲੀ ਦੀ ਵਿਦੇਸ਼ੀ ਨਾਗਰਿਕਾਂ ਲਈ ਨਾਗਰਿਕਤਾ ਅਤੇ ਪ੍ਰਵਾਸ ਨੀਤੀ ਦੀ ਡਾਇਰੈਕਟਰ ਜਨਰਲ ਲੁਈਗੀ ਮਾਰੀਆ ਵਿਗਨਾਲੀ ਨੂੰ ਦਸਿਆ।
ਸਫ਼ਾਰਤਖ਼ਾਨੇ ਨੇ ਕਿਹਾ, ‘‘ਜ਼ਿੰਮੇਵਾਰ ਲੋਕਾਂ ਵਿਰੁਧ ਤੁਰਤ ਕਾਰਵਾਈ ਦੀ ਮੰਗ ਕੀਤੀ ਹੈ। ਸਫ਼ਾਰਤਖ਼ਾਨਾ ਮਦਦ ਅਤੇ ਲਾਸ਼ ਨੂੰ ਵਾਪਸ ਲਿਆਉਣ ਲਈ ਸਤਨਾਮ ਸਿੰਘ ਦੇ ਪਰਵਾਰ ਦੇ ਸੰਪਰਕ ’ਚ ਹੈ।’’
ਯੂਰਪੀਅਨ ਕੌਂਸਲ ਦੀ ਬੈਠਕ ਤੋਂ ਪਹਿਲਾਂ ਚੈਂਬਰ ਵਿਚ ਬੋਲਦਿਆਂ ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਨੇ ਬੁਧਵਾਰ ਨੂੰ ਸਤਨਾਮ ਸਿੰਘ ਦੀ ਭਿਆਨਕ ਅਤੇ ਅਣਮਨੁੱਖੀ ਮੌਤ ਨੂੰ ਯਾਦ ਕੀਤਾ। ਜਦੋਂ ਮੈਲੋਨੀ ਨੇ ਸਤਨਾਮ ਸਿੰਘ ਦੀ ਮੌਤ ਨੂੰ ਯਾਦ ਕੀਤਾ ਤਾਂ ਸਦਨ ਵਿਚ ਮੌਜੂਦ ਸਾਰੇ ਸੰਸਦ ਮੈਂਬਰਾਂ ਨੇ ਖੜ੍ਹੇ ਹੋ ਕੇ ਉਨ੍ਹਾਂ ਦਾ ਸਮਰਥਨ ਕੀਤਾ।
ਸਤਨਾਮ ਸਿੰਘ ਦਾ ਹੱਥ ਲਾਤੀਨਾ ’ਚ ਇਕ ਸਟ੍ਰਾਬੇਰੀ ਪੈਕਿੰਗ ਮਸ਼ੀਨ ’ਚ ਕੰਮ ਕਰਨ ਦੌਰਾਨ ਕੱਟਿਆ ਗਿਆ ਸੀ। ਪੋਸਟਮਾਰਟਮ ਦੇ ਮੁੱਢਲੇ ਨਤੀਜਿਆਂ ਦਾ ਹਵਾਲਾ ਦਿੰਦੇ ਹੋਏ, ਏ.ਐਨ.ਐਸ.ਏ. ਨੇ ਵੱਖਰੇ ਤੌਰ ’ਤੇ ਦਸਿਆ ਕਿ ਉਸ ਦੀ ਮੌਤ ਬਹੁਤ ਜ਼ਿਆਦਾ ਖੂਨ ਵਗਣ ਕਾਰਨ ਹੋਈ ਸੀ।