
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸਰਕਾਰ ’ਤੇ ਆਫ਼ਤ ਦੇ ਸਮੇਂ ਵੀ ਕਮਾਈ ਕਰਨ ਦਾ ਦੋਸ਼ ਲਗਾਇਆ ਹੈ।
ਨਵੀਂ ਦਿੱਲੀ, 25 ਜੁਲਾਈ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸਰਕਾਰ ’ਤੇ ਆਫ਼ਤ ਦੇ ਸਮੇਂ ਵੀ ਕਮਾਈ ਕਰਨ ਦਾ ਦੋਸ਼ ਲਗਾਇਆ ਹੈ। ਰਾਹੁਲ ਨੇ ਕਿਹਾ ਕਿ ਸਰਕਾਰ ਨੂੰ ਆਫ਼ਤ ਦੇ ਇਸ ਸਮੇਂ ਜਨਤਾ ਦੀ ਨਹੀਂ ਸਿਰਫ਼ ਅਪਣੇ ਹਿੱਤਾਂ ਦੀ ਚਿੰਤਾ ਸਤਾ ਰਹੀ ਹੈ। ਉਨ੍ਹਾਂ ਨੇ ਇਕ ਖ਼ਬਰ ਪੋਸਟ ਕਰਦੇ ਹੋਏ ਸਨਿਚਰਵਾਰ ਨੂੰ ਕਿਹਾ,‘‘ਬੀਮਾਰੀ ਦੇ ਬੱਦਲ ਛਾਏ ਹਨ, ਲੋਕ ਮੁਸੀਬਤ ’ਚ ਹਨ। ਆਫ਼ਤ ਨੂੰ ਮੁਨਾਫ਼ੇ ’ਚ ਬਦਲ ਕੇ ਕਮਾ ਰਹੀ ਹੈ ਗਰੀਬ ਵਿਰੋਧੀ ਸਰਕਾਰ।’’ ਇਸ ਦੇ ਨਾਲ ਹੀ ਉਨਾਂ ਨੇ ਇਕ ਖਬਰ ਵੀ ਪੋਸਟ ਕੀਤੀ ਹੈ, ਜਿਸ ’ਚ ਕਿਹਾ ਗਿਆ ਹੈ ਕਿ ਮਜ਼ਦੂਰ ਟਰੇਨਾਂ ਤੋਂ ਵੀ ਰੇਲਵੇ ਨੇ ਜੰਮ ਕੇ ਕਮਾਈ ਕੀਤੀ ਹੈ ਅਤੇ ਜੂਨ ਤਕ ਰੇਲਵੇ ਨੇ 428 ਕਰੋੜ ਰੁਪਏ ਦੀ ਆਮਦਨੀ ਕੀਤੀ ਹੈ।
File Photo
ਜ਼ਿਕਰਯੋਗ ਹੈ ਕਿ ਕੋਰੋਨਾ ਲਾਗ ਕਾਰਨ ਜਦੋਂ 24 ਮਾਰਚ ਨੂੰ ਦੇਸ਼ ’ਚ ਅਚਾਨਕ ਰਾਸ਼ਟਰਵਿਆਪੀ ਤਾਲਾਬੰਦੀ ਲਗਾਈ ਗਈ ਸੀ ਤਾਂ ਬਿਹਾਰ, ਝਾਰਖੰਡ, ਉੱਤਰ ਪ੍ਰਦੇਸ਼, ਪਛਮੀ ਬੰਗਾਲ ਅਤੇ ਓਡੀਸ਼ਾ ਦੇ ਲੱਖਾਂ ਮਜ਼ਦੂਰ ਦਿੱਲੀ, ਮੁੰਬਈ, ਪੁਣੇ, ਸੂਰਤ, ਅਹਿਮਦਾਬਾਦ ਵਰਗੇ ਸ਼ਹਿਰਾਂ ’ਚ ਫਸ ਗਏ ਸਨ। ਇਨਾਂ ਮਜ਼ਦੂਰਾਂ ਨੂੰ ਘਰ ਤਕ ਪਹੁੰਚਾਉਣ ਲਈ ਸਰਕਾਰ ਨੇ ਬਾਅਦ ’ਚ ਮਜ਼ਦੂਰ ਸਪੈਸ਼ਲ ਟਰੇਨਾਂ ਦੀ ਵਿਵਸਥਾ ਕੀਤੀ ਸੀ। ਇਨਾਂ ਟਰੇਨਾਂ ਤੋਂ ਲੱਖਾਂ ਲੋਕ ਅਪਣੇ ਘਰਾਂ ਨੂੰ ਆਏ। (ਪੀਟੀਆਈ)