
ਕਿਹਾ, ਸਰਕਾਰ ਨੇ ਇਕ ਕਮੇਟੀ ਦਾ ਗਠਨ ਕੀਤਾ ਹੈ, ਜੋ ਕਿਸਾਨਾਂ MSP ਦੀ ਕਾਨੂੰਨੀ ਗਰੰਟੀ ਦੇਣ ਸਮੇਤ ਵੱਖ-ਵੱਖ ਮੁੱਦਿਆਂ ’ਤੇ ਵਿਚਾਰ ਕਰਨ ਲਈ ਨਿਯਮਤ ਤੌਰ ’ਤੇ ਬੈਠਕ ਕਰਦੀ ਹੈ
ਨਵੀਂ ਦਿੱਲੀ: ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵਿਰੋਧੀ ਧਿਰ ’ਤੇ ਕਿਸਾਨਾਂ ਦੇ ਮੁੱਦਿਆਂ ਦਾ ਸਿਆਸੀਕਰਨ ਕਰਨ ਦਾ ਦੋਸ਼ ਲਗਾਉਂਦੇ ਹੋਏ ਸ਼ੁਕਰਵਾਰ ਨੂੰ ਰਾਜ ਸਭਾ ’ਚ ਕਿਹਾ ਕਿ ਕਿਸਾਨਾਂ ਦੀ ਭਲਾਈ ਸਰਕਾਰ ਦੀ ਪਹਿਲੀ ਤਰਜੀਹ ਹੈ ਅਤੇ ਇਸ ਲਈ ਉਹ ਪੂਰੀ ਜ਼ਿੰਮੇਵਾਰੀ ਨਾਲ ਅਣਥੱਕ ਕੰਮ ਕਰਦੀ ਰਹੇਗੀ।
ਰਾਜ ਸਭਾ ’ਚ ਪ੍ਰਸ਼ਨ ਕਾਲ ਦੌਰਾਨ ਪੂਰਕ ਸਵਾਲਾਂ ਦੇ ਜਵਾਬ ’ਚ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਸਰਕਾਰ ਨੇ ਇਕ ਕਮੇਟੀ ਦਾ ਗਠਨ ਕੀਤਾ ਹੈ, ਜੋ ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ਦੀ ਕਾਨੂੰਨੀ ਗਰੰਟੀ ਦੇਣ ਸਮੇਤ ਵੱਖ-ਵੱਖ ਮੁੱਦਿਆਂ ’ਤੇ ਵਿਚਾਰ ਕਰਨ ਲਈ ਨਿਯਮਤ ਤੌਰ ’ਤੇ ਬੈਠਕ ਕਰਦੀ ਹੈ। ਉਨ੍ਹਾਂ ਕਿਹਾ ਕਿ 22 ਜੁਲਾਈ, 2022 ਤੋਂ ਲੈ ਕੇ ਹੁਣ ਤਕ ਕਮੇਟੀ ਦੀਆਂ 6 ਮੀਟਿੰਗਾਂ ਹੋ ਚੁਕੀਆਂ ਹਨ ਅਤੇ ਵੱਖ-ਵੱਖ ਸਬ-ਕਮੇਟੀਆਂ ਦੀਆਂ 35 ਮੀਟਿੰਗਾਂ ਹੋ ਚੁਕੀਆਂ ਹਨ।
ਉਨ੍ਹਾਂ ਕਿਹਾ ਕਿ ਕਮੇਟੀ ਨੂੰ ਖੇਤੀਬਾੜੀ ਲਾਗਤ ਅਤੇ ਮੁੱਲ ਕਮਿਸ਼ਨ (ਸੀ.ਏ.ਸੀ.ਪੀ.) ਨੂੰ ਵਧੇਰੇ ਖੁਦਮੁਖਤਿਆਰੀ ਦੇਣ ਅਤੇ ਇਸ ਨੂੰ ਹੋਰ ਵਿਗਿਆਨਕ ਬਣਾਉਣ ਦੀ ਸੰਭਾਵਨਾ ’ਤੇ ਵਿਚਾਰ ਕਰਨ ਲਈ ਕਿਹਾ ਗਿਆ ਹੈ।
ਐਮ.ਐਸ.ਪੀ. ਦਰਾਂ ’ਚ ਲਗਾਤਾਰ ਵਾਧੇ ਦਾ ਦਾਅਵਾ ਕਰਦਿਆਂ ਸ਼ਿਵਰਾਜ ਚੌਹਾਨ ਨੇ ਕਿਹਾ ਕਿ ਕਮੇਟੀ ਨੂੰ ਅਪਣੀ ਰੀਪੋਰਟ ਮਿਲਣ ਤੋਂ ਬਾਅਦ ਸਰਕਾਰ ਇਸ ’ਤੇ ਵਿਚਾਰ ਕਰੇਗੀ। ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਲਗਾਤਾਰ ਕਿਸਾਨਾਂ ਦੀ ਭਲਾਈ ’ਚ ਲੱਗੀ ਹੋਈ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਛੇ-ਪੱਖੀ ਰਣਨੀਤੀ ’ਤੇ ਕੰਮ ਕਰ ਰਹੀ ਹੈ ਜਿਸ ’ਚ ਉਤਪਾਦਨ ਵਧਾਉਣਾ, ਉਤਪਾਦਨ ਦੀ ਲਾਗਤ ਘਟਾਉਣਾ, ਉਪਜ ਦਾ ਉਚਿਤ ਮੁੱਲ ਦੇਣਾ, ਕੁਦਰਤੀ ਆਫ਼ਤਾਂ ਦੀ ਸੂਰਤ ’ਚ ਹੋਏ ਨੁਕਸਾਨ ਦੀ ਮੁਆਵਜ਼ਾ, ਖੇਤੀਬਾੜੀ ਦੀ ਵੰਨ-ਸੁਵੰਨਤਾ ਅਤੇ ਕੁਦਰਤੀ ਖੇਤੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਤੋਂ ਵੱਡਾ ਕੋਈ ਕਿਸਾਨ ਪੱਖੀ ਵਿਅਕਤੀ ਨਹੀਂ ਹੈ।’’
ਉਨ੍ਹਾਂ ਕਿਹਾ ਕਿ ਪਿਛਲੀ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਦੇ ਮੁਕਾਬਲੇ ਐਨ.ਡੀ.ਏ. ਸਰਕਾਰ ਨੇ ਅੱਜ ਕਿਸਾਨਾਂ ਨੂੰ ਦੁੱਗਣਾ ਘੱਟੋ-ਘੱਟ ਸਮਰਥਨ ਮੁੱਲ ਦਿਤਾ ਹੈ। ਕਿਸਾਨਾਂ ਦੀ ਭਲਾਈ ਨੂੰ ਸਰਕਾਰ ਦੀ ਪਹਿਲੀ ਤਰਜੀਹ ਦੱਸਦਿਆਂ ਚੌਹਾਨ ਨੇ ਕਿਹਾ ਕਿ ਉਤਪਾਦਨ ਲਾਗਤ ਦਾ 50 ਫ਼ੀ ਸਦੀ ਕਿਸਾਨਾਂ ਨੂੰ ਜੋੜਿਆ ਜਾਂਦਾ ਹੈ ਅਤੇ ਸਰਕਾਰ ਉਨ੍ਹਾਂ ਦੀ ਉਪਜ ਵੀ ਖਰੀਦ ਰਹੀ ਹੈ।
ਖੇਤੀਬਾੜੀ ਮੰਤਰੀ ਨੇ ਕਿਹਾ ਕਿ ਕਿਸਾਨਾਂ ਦੇ ਮੁੱਦੇ ’ਤੇ ਗਠਿਤ ਸਵਾਮੀਨਾਥਨ ਕਮੇਟੀ ਦੀ ਰੀਪੋਰਟ ’ਚ ਕਿਹਾ ਗਿਆ ਹੈ ਕਿ ਲਾਗਤ ’ਤੇ 50 ਫੀ ਸਦੀ ਮੁਨਾਫਾ ਦੇ ਕੇ ਸਮਰਥਨ ਮੁੱਲ ਐਲਾਨਿਆ ਜਾਵੇ। ਪਰ ਤਤਕਾਲੀ ਯੂ.ਪੀ.ਏ. ਸਰਕਾਰ ਨੇ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਮਨਜ਼ੂਰ ਨਹੀਂ ਕੀਤਾ।
ਉਨ੍ਹਾਂ ਕਿਹਾ, ‘‘ਉਹ (ਵਿਰੋਧੀ ਧਿਰ) ਸਿਰਫ ਕਿਸਾਨਾਂ ਦੇ ਨਾਂ ’ਤੇ ਸਿਆਸਤ ਕਰਨਾ ਚਾਹੁੰਦੇ ਹਨ ਪਰ ਮੈਂ ਪੂਰੀ ਜ਼ਿੰਮੇਵਾਰੀ ਨਾਲ ਕਹਿੰਦਾ ਹਾਂ ਕਿ ਕਿਸਾਨਾਂ ਦੀ ਭਲਾਈ ਐਨ.ਡੀ.ਏ. ਸਰਕਾਰ ਦੀ ਪਹਿਲੀ ਤਰਜੀਹ ਹੈ ਅਤੇ ਇਸ ਲਈ ਉਹ ਪੂਰੀ ਜ਼ਿੰਮੇਵਾਰੀ ਨਾਲ ਅਣਥੱਕ ਕੰਮ ਕਰਦੀ ਰਹੇਗੀ।’’
ਕਾਂਗਰਸ ਦੇ ਰਣਦੀਪ ਸੁਰਜੇਵਾਲਾ ਅਤੇ ਜੈਰਾਮ ਰਮੇਸ਼ ਸਮੇਤ ਹੋਰ ਮੈਂਬਰਾਂ ਨੇ ਮੰਤਰੀ ਦੇ ਜਵਾਬ ’ਤੇ ਅਸੰਤੁਸ਼ਟੀ ਜ਼ਾਹਰ ਕੀਤੀ ਅਤੇ ਸਰਕਾਰ ’ਤੇ ਕਿਸਾਨ ਵਿਰੋਧੀ ਹੋਣ ਦਾ ਦੋਸ਼ ਲਾਇਆ। ਸੱਤਾਧਾਰੀ ਬੈਂਚਾਂ ਨੇ ਜਵਾਬੀ ਕਾਰਵਾਈ ਕੀਤੀ ਅਤੇ ਫਿਰ ਸਦਨ ’ਚ ਹੰਗਾਮਾ ਹੋਇਆ।
ਚੇਅਰਮੈਨ ਜਗਦੀਪ ਧਨਖੜ ਨੇ ਮੈਂਬਰਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ। ਹੰਗਾਮਾ ਨਾ ਰੁਕਣ ’ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤ ਕਿਸਾਨ ਮੁਖੀ ਅਤੇ ਖੇਤੀਬਾੜੀ ਮੁਖੀ ਦੇਸ਼ ਹੈ ਅਤੇ ਸਦਨ ’ਚ ਕਿਸਾਨਾਂ ਦੀਆਂ ਸਮੱਸਿਆਵਾਂ ’ਤੇ ਚਰਚਾ ਹੋ ਰਹੀ ਹੈ ਪਰ ਹੰਗਾਮਾ ਕਰ ਕੇ ਇਸ ’ਚ ਵਿਘਨ ਪਾਇਆ ਜਾ ਰਿਹਾ ਹੈ।
ਅੰਨਦਾਤਾ ਦੀ ਇੱਜ਼ਤ ਕਰੋ, ਉਸ ਦੀ ਸੇਵਾ ਕਰੋ, ਹੰਗਾਮਾ ਕਰ ਕੇ ਉਸ ਦਾ ਅਪਮਾਨ ਨਾ ਕਰੋ : ਧਨਖੜ
ਨਵੀਂ ਦਿੱਲੀ: ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਵਲੋਂ ਸ਼ੁਕਰਵਾਰ ਨੂੰ ਰਾਜ ਸਭਾ ’ਚ ਕਿਸਾਨਾਂ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ’ਤੇ ਵਿਰੋਧੀ ਧਿਰ ਦੇ ਮੈਂਬਰਾਂ ਵਲੋਂ ਕੀਤੇ ਗਏ ਹੰਗਾਮੇ ’ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਚੇਅਰਮੈਨ ਜਗਦੀਪ ਧਨਖੜ ਨੇ ਕਿਹਾ ਕਿ ‘ਅੰਨਦਾਤਾ ਦਾ ਸਨਮਾਨ ਕਰੋ, ਉਨ੍ਹਾਂ ਦੀ ਸੇਵਾ ਕਰੋ, ਹੰਗਾਮਾ ਕਰ ਕੇ ਉਨ੍ਹਾਂ ਦਾ ਅਪਮਾਨ ਨਾ ਕਰੋ।’
ਖੇਤੀਬਾੜੀ ਮੰਤਰੀ ਚੌਹਾਨ ਨੇ ਰਾਜ ਸਭਾ ’ਚ ਪ੍ਰਸ਼ਨ ਕਾਲ ਦੌਰਾਨ ਘੱਟੋ ਘੱਟ ਸਮਰਥਨ ਮੁੱਲ ਬਾਰੇ ਪੁੱਛੇ ਗਏ ਇਕ ਪੂਰਕ ਸਵਾਲ ਦਾ ਜਵਾਬ ਦਿਤਾ। ਉਨ੍ਹਾਂ ਦੇ ਜਵਾਬ ’ਤੇ ਅਸੰਤੁਸ਼ਟੀ ਜ਼ਾਹਰ ਕਰਦਿਆਂ ਵਿਰੋਧੀ ਧਿਰ ਦੇ ਮੈਂਬਰਾਂ ਨੇ ਪੁਛਿਆ ਕਿ ਜੇਕਰ ਕਿਸਾਨਾਂ ਦੀ ਭਲਾਈ ਲਈ ਢੁਕਵੇਂ ਕਦਮ ਚੁਕੇ ਜਾ ਰਹੇ ਹਨ ਤਾਂ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੇ ਮਾਮਲੇ ਕਿਉਂ ਨਹੀਂ ਰੁਕ ਰਹੇ। ਕੁੱਝ ਮੈਂਬਰਾਂ ਨੇ ਸਰਕਾਰ ’ਤੇ ਕਿਸਾਨ ਵਿਰੋਧੀ ਹੋਣ ਦਾ ਦੋਸ਼ ਲਾਇਆ। ਸੱਤਾਧਾਰੀ ਬੈਂਚ ਦੇ ਮੈਂਬਰਾਂ ਨੇ ਇਸ ’ਤੇ ਵਿਰੋਧ ਕੀਤਾ ਅਤੇ ਫਿਰ ਸਦਨ ’ਚ ਹੰਗਾਮਾ ਹੋਇਆ।
ਚੇਅਰਮੈਨ ਜਗਦੀਪ ਧਨਖੜ ਨੇ ਮੈਂਬਰਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ। ਹੰਗਾਮਾ ਨਾ ਰੁਕਣ ’ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਉਨ੍ਹਾਂ ਕਿਹਾ, ‘‘ਭਾਰਤ ਕਿਸਾਨ ਮੁਖੀ ਅਤੇ ਖੇਤੀਬਾੜੀ ਮੁਖੀ ਦੇਸ਼ ਹੈ ਅਤੇ ਸਦਨ ’ਚ ਕਿਸਾਨਾਂ ਦੀਆਂ ਸਮੱਸਿਆਵਾਂ ’ਤੇ ਚਰਚਾ ਹੋ ਰਹੀ ਹੈ ਪਰ ਹੰਗਾਮਾ ਕਰ ਕੇ ਇਸ ’ਚ ਵਿਘਨ ਪਾਇਆ ਜਾ ਰਿਹਾ ਹੈ।’’
ਉਨ੍ਹਾਂ ਕਿਹਾ, ‘‘ਮੈਂ ਖੁਦ ਇਕ ਕਿਸਾਨ ਪਰਵਾਰ ਤੋਂ ਹਾਂ ਅਤੇ ਮੈਂ ਉਨ੍ਹਾਂ ਦੀਆਂ ਸਮੱਸਿਆਵਾਂ ਬਾਰੇ ਜਾਣਦਾ ਹਾਂ। ਮੈਂਬਰਾਂ ਨੇ ਸਵਾਲ ਪੁੱਛੇ ਹਨ ਅਤੇ ਖੇਤੀਬਾੜੀ ਮੰਤਰੀ ਨੇ ਜਵਾਬ ਦਿਤਾ ਹੈ। ਜੇ ਮੈਂਬਰ ਉਨ੍ਹਾਂ ਦੇ ਜਵਾਬ ’ਤੇ ਇਤਰਾਜ਼ ਕਰਦੇ ਹਨ, ਤਾਂ ਇਸ ਨੂੰ ਉਚਿਤ ਤਰੀਕੇ ਨਾਲ ਉਠਾਇਆ ਜਾਣਾ ਚਾਹੀਦਾ ਹੈ। ਹੰਗਾਮਾ ਕਰਨਾ ਸਹੀ ਨਹੀਂ ਹੈ। ਅੰਨਦਾਤਾ ਦਾ ਸਤਿਕਾਰ ਕਰੋ, ਉਸ ਦੀ ਸੇਵਾ ਕਰੋ, ਹੰਗਾਮਾ ਕਰ ਕੇ ਉਸ ਦਾ ਅਪਮਾਨ ਨਾ ਕਰੋ।’’
ਉਨ੍ਹਾਂ ਕਿਹਾ, ‘‘ਮੈਂ ਜਾਣਦਾ ਹਾਂ ਕਿ ਤੁਸੀਂ ਕਿਸਾਨਾਂ ਦੀ ਚਿੰਤਾ ਨਹੀਂ ਕਰ ਰਹੇ, ਸਗੋਂ ਰਾਜਨੀਤੀ ਕਰ ਰਹੇ ਹੋ। ਤੁਸੀਂ ਕਿਸਾਨਾਂ ਦੇ ਮੁੱਦਿਆਂ ’ਤੇ ਚਰਚਾ ਦੀ ਆਗਿਆ ਨਹੀਂ ਦੇ ਰਹੇ ਹੋ। ਕਿਸਾਨਾਂ ਪ੍ਰਤੀ ਤੁਹਾਡੀ ਨਫ਼ਰਤ ਕੀ ਹੈ? ਅਪਣੇ ਪਿਛੋਕੜ ’ਚ ਦੇਖੋ। ਮੈਂ ਬਹੁਤ ਕੁੱਝ ਬੋਲ ਸਕਦਾ ਹਾਂ।’’
ਉਨ੍ਹਾਂ ਅੰਦੋਲਨਕਾਰੀ ਮੈਂਬਰਾਂ ਨੂੰ ਸ਼ਾਂਤ ਹੋਣ ਦੀ ਅਪੀਲ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਕਾਂਗਰਸ ਮੈਂਬਰ ਰਣਦੀਪ ਸੁਰਜੇਵਾਲਾ ਨੂੰ ਵਾਰ-ਵਾਰ ਚੇਤਾਵਨੀ ਦਿਤੀ ਕਿ ਉਹ ਅਪਣੀ ਸੀਟ ’ਤੇ ਬੈਠਣ ਅਤੇ ਕਾਰਵਾਈ ਜਾਰੀ ਰੱਖਣ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਨਾ ਹੋਇਆ ਤਾਂ ਉਹ ਮੈਂਬਰ ਦਾ ਨਾਂ ਲੈਣ ਲਈ ਮਜਬੂਰ ਹੋਣਗੇ।
ਖੇਤੀਬਾੜੀ ਮੰਤਰੀ ਚੌਹਾਨ ਦੇ ਬਿਆਨ ਨੇ ਮੋਦੀ ਸਰਕਾਰ ਦੀ ਕਿਸਾਨ ਵਿਰੋਧੀ ਸਾਜ਼ਸ਼ ਦਾ ਪਰਦਾਫਾਸ਼ ਕੀਤਾ: ਕਾਂਗਰਸ
ਨਵੀਂ ਦਿੱਲੀ: ਕਾਂਗਰਸ ਨੇ ਸ਼ੁਕਰਵਾਰ ਨੂੰ ਰਾਜ ਸਭਾ ’ਚ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ’ਤੇ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੇ ਬਿਆਨ ਨੂੰ ‘ਜਲੇਬੀ ਭਾਸ਼ਣ’ ਕਰਾਰ ਦਿਤਾ ਅਤੇ ਕਿਹਾ ਕਿ ਇਸ ਨਾਲ ਕਿਸਾਨਾਂ ਵਿਰੁਧ ਮੋਦੀ ਸਰਕਾਰ ਦੀ ਸਾਜ਼ਸ਼ ਦਾ ਪਰਦਾਫਾਸ਼ ਹੋਇਆ ਹੈ। ਪਾਰਟੀ ਦੇ ਜਨਰਲ ਸਕੱਤਰ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਦੇਸ਼ ਦਾ ਅੰਨਦਾਤਾ ਐਮ.ਐਸ.ਪੀ. ਤੋਂ ਇਨਕਾਰ ਕਰਨ ਲਈ ਇਸ ਸਰਕਾਰ ਨੂੰ ਕਦੇ ਮੁਆਫ ਨਹੀਂ ਕਰੇਗਾ।
ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ‘ਐਕਸ’ ’ਤੇ ਪੋਸਟ ਕੀਤਾ, ‘‘ਅੱਜ ਰਾਜ ਸਭਾ ’ਚ ਕੇਂਦਰੀ ਖੇਤੀਬਾੜੀ ਮੰਤਰੀ ਨੂੰ ਸਿੱਧਾ ਅਤੇ ਸਪੱਸ਼ਟ ਸਵਾਲ ਪੁਛਿਆ ਗਿਆ ਕਿ ਕੀ ਭਾਰਤ ਸਰਕਾਰ ਕਿਸਾਨ ਯੂਨੀਅਨਾਂ ਦੀ ਮੰਗ ਅਨੁਸਾਰ ਐਮ.ਐਸ.ਪੀ. ਦੀ ਕਾਨੂੰਨੀ ਗਰੰਟੀ ਦੇਵੇਗੀ। ਤਕਰੀਬਨ 30 ਮਿੰਟ ਤਕ ਉਹ ਸਵਾਲ ਦਾ ਜਵਾਬ ਦੇਣ ਤੋਂ ਬਚਣ ਲਈ ਇੱਧਰ-ਉੱਧਰ ਗੱਲਾਂ ਕਰਦੇ ਰਹੇ।’’
ਉਨ੍ਹਾਂ ਕਿਹਾ, ‘‘ਮੁੱਦਾ ਚਾਵਲ, ਕਣਕ ਅਤੇ ਹੋਰ ਖੇਤੀਬਾੜੀ ਉਤਪਾਦਾਂ ਲਈ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਰੰਟੀ ਦਾ ਸੀ। ਪਰ ਮੰਤਰੀ ਸਿਰਫ ਜਲੇਬੀ ਭਾਸ਼ਣ ਦਿੰਦੇ ਰਹੇ।’’ ਸੁਰਜੇਵਾਲਾ ਨੇ ਪੱਤਰਕਾਰਾਂ ਨੂੰ ਕਿਹਾ ਕਿ ਦੇਸ਼ ਦੇ ਅੰਨਦਾਤਾ ਦੀ ਰੋਟੀ ਖੋਹਣ ਦੀ ਭਾਜਪਾ ਦੀ ਸਾਜ਼ਸ਼ ਅੱਜ ਸੰਸਦ ’ਚ ਸਾਹਮਣੇ ਆ ਗਈ।
ਸੁਰਜੇਵਾਲਾ ਨੇ ਕਿਹਾ, ‘‘ਭਾਜਪਾ ਦੀ ਕਿਸਾਨ ਵਿਰੋਧੀ ਮਾਨਸਿਕਤਾ ਅੱਜ ਜਨਤਕ ਤੌਰ ’ਤੇ ਸਾਹਮਣੇ ਆ ਗਈ ਹੈ। ਮੋਦੀ ਸਰਕਾਰ ਨੇ ਦੇਸ਼ ਦੇ ਕਿਸਾਨਾਂ ਲਈ ਐਮ.ਐਸ.ਪੀ. ਦੀ ਗਰੰਟੀ ਦੇਣ ਵਾਲਾ ਕਾਨੂੰਨ ਬਣਾਉਣ ਤੋਂ ਇਨਕਾਰ ਕਰ ਦਿਤਾ। ਇਸ ਨੇ ਫਸਲ ਦੀ ਔਸਤ ਲਾਗਤ ਨਾਲੋਂ 50 ਫ਼ੀ ਸਦੀ ਵੱਧ ਐਮ.ਐਸ.ਪੀ. ਨਿਰਧਾਰਤ ਕਰਨ ਤੋਂ ਵੀ ਇਨਕਾਰ ਕਰ ਦਿਤਾ। ਫਸਲ ਦੀ ਔਸਤ ਲਾਗਤ ’ਚ ਪਰਵਾਰਕ ਮਜ਼ਦੂਰੀ ਅਤੇ ਜ਼ਮੀਨ ਦਾ ਕਿਰਾਇਆ ਵੀ ਸ਼ਾਮਲ ਹੈ। ਮੋਦੀ ਜੀ ਨੇ 50 ਫੀ ਸਦੀ ਮੁਨਾਫਾ ਦੇਣ ਦਾ ਵਾਅਦਾ ਕੀਤਾ ਸੀ ਪਰ ਸਰਕਾਰ ਨੇ ਇਨਕਾਰ ਕਰ ਦਿਤਾ।’’
ਉਨ੍ਹਾਂ ਦਾਅਵਾ ਕੀਤਾ ਕਿ 72 ਕਰੋੜ ਕਿਸਾਨ ਮੋਦੀ ਸਰਕਾਰ ਦੇ ਇਸ ਹੰਕਾਰ ਨੂੰ ਕਦੇ ਮੁਆਫ ਨਹੀਂ ਕਰਨਗੇ। ਸੁਰਜੇਵਾਲਾ ਨੇ ਕਿਹਾ, ‘‘ਅੱਜ ਸੰਸਦ ’ਚ ਜੋ ਹੋਇਆ, ਉਹ ਭਾਰਤ ਦੇ ਇਤਿਹਾਸ ’ਚ ਕਾਲਾ ਦਿਨ ਹੈ। ਦੇਸ਼ ਦੇ ਕਿਸਾਨ ਅਤੇ ਖੇਤ ਮਜ਼ਦੂਰ ਮੋਦੀ ਸਰਕਾਰ ਦੇ ਇਸ ਕਾਲੇ ਦਿਨ ਨੂੰ ਯਾਦ ਰਖਣਗੇ ਅਤੇ ਉਨ੍ਹਾਂ ਦੀ ਹਉਮੈ ਵੀ ਤੋੜ ਦੇਣਗੇ।’’