
Kanwar Marg News: ਦਹਾਕਿਆਂ ਤੋਂ, ਕਾਂਵੜੀਏ ਇੱਥੋਂ ਲੰਘਦੇ ਆ ਰਹੇ ਹਨ, ਮਜ਼ਾਰ ਦੇ ਬਾਹਰ ਰੁੱਖਾਂ ਦੀ ਛਾਂ ’ਚ ਆਰਾਮ ਕਰਦੇ ਹਨ ਅਤੇ ਚਾਹ ਆਦਿ ਪੀਂਦੇ ਹਨ....
Curtains were put up in front of mosques, shrines on Kanwar Marg in Haridwar : ਕਾਂਵੜ ਯਾਤਰਾ ਮਾਰਗ ’ਤੇ ਹੋਟਲ ਅਤੇ ਢਾਬਾ ਸੰਚਾਲਕਾਂ ਦੇ ਨਾਮ ਅਤੇ ਪਤੇ ਵਾਲੇ ‘ਸਾਈਨ ਬੋਰਡ’ ਲਗਾਉਣ ਦੇ ਹੁਕਮ ਨੂੰ ਲੈ ਕੇ ਵਿਵਾਦ ਅਜੇ ਖ਼ਤਮ ਨਹੀਂ ਹੋਇਆ ਹੈ ਕਿਉਂਕਿ ਹਰਿਦੁਆਰ ਜ਼ਿਲ੍ਹਾ ਪ੍ਰਸ਼ਾਸਨ ਨੇ ਯਾਤਰਾ ਮਾਰਗ ’ਤੇ ਮਸਜਿਦਾਂ ਅਤੇ ਮਜ਼ਾਰਾਂ ਨੂੰ ਤਿਰਪਾਲ ਅਤੇ ਤੰਬੂ ਲਗਾਉਣ ਲਈ ਵਰਤੇ ਜਾਣ ਵਾਲੇ ਕਪੜੇ ਦੇ ਪਰਦੇ ਨਾਲ ਢੱਕ ਦਿਤਾ ਹੈ।
ਜਵਾਲਾਪੁਰ ਦੀ ਰਾਮਨਗਰ ਕਲੋਨੀ ’ਚ ਸਥਿਤ ਮਸਜਿਦ ਅਤੇ ਦੁਰਗਾ ਚੌਕ ਨੇੜੇ ਸਥਿਤ ਮਜ਼ਾਰ ਦੇ ਗੇਟ ’ਤੇ ਇਕ ਵੱਡਾ ਤਰਪਾਲ ਲਗਾਇਆ ਗਿਆ ਹੈ। ਇਸ ਤੋਂ ਪਹਿਲਾਂ ਕਾਂਵੜ ਯਾਤਰਾ ਦੌਰਾਨ ਮਸਜਿਦਾਂ ਅਤੇ ਮਜ਼ਾਰਾਂ ਨੂੰ ਕਦੇ ਵੀ ਢਕਿਆ ਨਹੀਂ ਕੀਤਾ ਜਾਂਦਾ ਸੀ। ਜਵਾਲਾਪੁਰ ’ਚ ਮਜ਼ਾਰ ਦੇ ਮੈਨੇਜਰ ਸ਼ਕੀਲ ਅਹਿਮਦ ਨੇ ਕਿਹਾ ਕਿ ਉਨ੍ਹਾਂ ਨਾਲ ਇਸ ਸਬੰਧ ’ਚ ਕੋਈ ਗੱਲ ਨਹੀਂ ਕੀਤੀ ਗਈ। ਉਨ੍ਹਾਂ ਕਿਹਾ, ‘‘ਦਹਾਕਿਆਂ ਤੋਂ, ਕਾਂਵੜੀਏ ਇੱਥੋਂ ਲੰਘਦੇ ਆ ਰਹੇ ਹਨ, ਉਹ ਮਜ਼ਾਰ ਦੇ ਬਾਹਰ ਰੁੱਖਾਂ ਦੀ ਛਾਂ ’ਚ ਆਰਾਮ ਕਰਦੇ ਹਨ ਅਤੇ ਚਾਹ ਆਦਿ ਪੀਂਦੇ ਹਨ। ਮੈਨੂੰ ਨਹੀਂ ਪਤਾ ਕਿ ਇਸ ਵਾਰ ਅਜਿਹਾ ਕਿਉਂ ਕੀਤਾ ਗਿਆ।’’
ਇਸ ਮਾਮਲੇ ’ਚ ਪ੍ਰਸ਼ਾਸਨਿਕ ਅਧਿਕਾਰੀ ਮੀਡੀਆ ਨਾਲ ਗੱਲ ਕਰਨ ਤੋਂ ਬਚਦੇ ਨਜ਼ਰ ਆਏ। ਹਾਲਾਂਕਿ, ਸੂਬੇ ਦੇ ਸੈਰ-ਸਪਾਟਾ ਅਤੇ ਧਰਮ ਬਾਰੇ ਮੰਤਰੀ ਸਤਪਾਲ ਮਹਾਰਾਜ ਨੇ ਕਿਹਾ ਕਿ ਕਾਂਵੜ ਯਾਤਰਾ ਦੇ ਸੁਚਾਰੂ ਸੰਚਾਲਨ ਨੂੰ ਯਕੀਨੀ ਬਣਾਉਣ ਲਈ ਮਸਜਿਦ ਅਤੇ ਮਜ਼ਾਰਾਂ ਨੂੰ ਢਕਿਆ ਗਿਆ ਹੈ। ਉਨ੍ਹਾਂ ਕਿਹਾ, ‘‘ਕੁੱਝ ਚੀਜ਼ਾਂ ’ਤੇ ਪਾਬੰਦੀ ਸਿਰਫ ਇਸ ਤੱਥ ਦੇ ਮੱਦੇਨਜ਼ਰ ਲਗਾਈ ਜਾਂਦੀ ਹੈ ਕਿ ਕੋਈ ਸਮੱਸਿਆ ਨਾ ਹੋਵੇ। ਕਾਂਵੜ ਮਾਰਗ ’ਤੇ ਕਿਸੇ ਵੀ ਤਰ੍ਹਾਂ ਦੀ ਉਕਸਾਵੇ ਤੋਂ ਬਚਣ ਲਈ ਮਸਜਿਦਾਂ ਅਤੇ ਮਜ਼ਾਰਾਂ ਨੂੰ ਢੱਕ ਦਿਤਾ ਗਿਆ ਹੈ।’’
ਕਾਂਗਰਸ ਨੇਤਾ ਅਤੇ ਸਾਬਕਾ ਜ਼ਿਲ੍ਹਾ ਪੰਚਾਇਤ ਪ੍ਰਧਾਨ ਰਾਓ ਅਫਾਕ ਅਲੀ ਨੇ ਕਿਹਾ ਕਿ ਮਸਜਿਦਾਂ ਅਤੇ ਮਜ਼ਾਰਾਂ ਨੂੰ ਢਕਣ ਦਾ ਪ੍ਰਸ਼ਾਸਨ ਦਾ ਫੈਸਲਾ ਹੈਰਾਨੀਜਨਕ ਹੈ। ਅਲੀ ਨੇ ਕਿਹਾ ਕਿ ਅਜਿਹਾ ਪਹਿਲਾਂ ਕਦੇ ਨਹੀਂ ਹੋਇਆ ਅਤੇ ਕੁੱਝ ਕਾਂਵੜੀਏ ਮਸਜਿਦਾਂ ’ਚ ਵੀ ਜਾਂਦੇ ਹਨ। ਉਨ੍ਹਾਂ ਕਿਹਾ ਕਿ ਭਾਰਤ ਇਕ ਅਜਿਹਾ ਦੇਸ਼ ਹੈ ਜਿੱਥੇ ਹਰ ਕੋਈ ਹਰ ਧਰਮ ਅਤੇ ਜਾਤ ਦਾ ਖਿਆਲ ਰੱਖਦਾ ਹੈ। (ਪੀਟੀਆਈ)