
ਉਨ੍ਹਾਂ ਨੌਜਵਾਨਾਂ ਨੂੰ ਪ੍ਰਸ਼ਾਸਨ ਵਿਚ ਸੁਧਾਰ ਲਈ ਤਕਨਾਲੋਜੀ ਦੀ ਵੱਧ ਤੋਂ ਵੱਧ ਵਰਤੋਂ ਕਰਨ ਲਈ ਕਿਹਾ।
ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕਿਹਾ ਕਿ ਸੰਸਦ ਦੀ ਨਵੀਂ ਇਮਾਰਤ ਵਿਚ ਮਹਿਲਾ ਰਿਜ਼ਰਵੇਸ਼ਨ ਬਿੱਲ ਦੇ ਪਾਸ ਹੋਣ ਨਾਲ ਦੇਸ਼ ਲਈ ਇਕ ਨਵੇਂ ਭਵਿੱਖ ਦੀ ਸ਼ੁਰੂਆਤ ਹੋਈ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਲੜਕੀਆਂ ਲਈ ਭਵਿੱਖ ਦੇ ਨਵੇਂ ਦਰਵਾਜ਼ੇ ਖੋਲ੍ਹਣਾ ਉਨ੍ਹਾਂ ਦੀ ਸਰਕਾਰ ਦੀ ਨੀਤੀ ਹੈ। ਵੱਖ-ਵੱਖ ਸਰਕਾਰੀ ਵਿਭਾਗਾਂ ਵਿਚ 51,000 ਤੋਂ ਵੱਧ ਨਵ-ਨਿਯੁਕਤ ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਵੰਡਣ ਤੋਂ ਬਾਅਦ ਵੀਡੀਓ ਕਾਨਫਰੰਸ ਰਾਹੀਂ ਇੱਕ ਨੌਕਰੀ ਮੇਲੇ ਨੂੰ ਸੰਬੋਧਨ ਕਰਦਿਆਂ, ਪੀਐੱਮ ਮੋਦੀ ਨੇ ਪ੍ਰਸ਼ਾਸਨ ਵਿਚ ਤਕਨਾਲੋਜੀ ਦੀ ਵੱਧ ਰਹੀ ਵਰਤੋਂ 'ਤੇ ਵੀ ਜ਼ੋਰ ਦਿੱਤਾ।
ਉਨ੍ਹਾਂ ਨਵ-ਨਿਯੁਕਤ ਕਰਮਚਾਰੀਆਂ ਨੂੰ ਕਿਹਾ ਕਿ ਸਰਕਾਰੀ ਸਕੀਮਾਂ ਵਿਚ ਤਕਨਾਲੋਜੀ ਦੀ ਵਰਤੋਂ ਨਾਲ ਭ੍ਰਿਸ਼ਟਾਚਾਰ ਅਤੇ ਗੁੰਝਲਾਂ ਨੂੰ ਨੱਥ ਪਾਈ ਗਈ ਹੈ ਅਤੇ ਭਰੋਸੇਯੋਗਤਾ ਅਤੇ ਆਰਾਮ ਵਿਚ ਵਾਧਾ ਹੋਇਆ ਹੈ। ਤਕਨਾਲੋਜੀ ਦੀ ਵਰਤੋਂ ਰਾਹੀਂ ਵੱਖ-ਵੱਖ ਸਕੀਮਾਂ ਦੇ ਲਾਭਪਾਤਰੀਆਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਹੋਰ ਸਹੂਲਤਾਂ ਦੇ ਨਾਲ-ਨਾਲ ਡਾਇਰੈਕਟ ਬੈਨੀਫਿਟ ਟਰਾਂਸਫਰ (ਡੀ.ਬੀ.ਟੀ.), ਰੇਲ ਟਿਕਟ ਬੁਕਿੰਗ ਅਤੇ ਡਿਜੀਟਲ ਲਾਕਰ ਦੇ ਲਾਭਾਂ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੇ ਨਵ-ਨਿਯੁਕਤ ਕਰਮਚਾਰੀਆਂ ਨੂੰ 'ਨਾਗਰਿਕ-ਪਹਿਲਾਂ' ਦੀ ਭਾਵਨਾ ਨਾਲ ਕੰਮ ਕਰਨ ਦੀ ਸਲਾਹ ਦਿੱਤੀ।
ਉਨ੍ਹਾਂ ਨੌਜਵਾਨਾਂ ਨੂੰ ਪ੍ਰਸ਼ਾਸਨ ਵਿਚ ਸੁਧਾਰ ਲਈ ਤਕਨਾਲੋਜੀ ਦੀ ਵੱਧ ਤੋਂ ਵੱਧ ਵਰਤੋਂ ਕਰਨ ਲਈ ਕਿਹਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਲਗਾਤਾਰ ਨਿਗਰਾਨੀ, ਮਿਸ਼ਨ ਮੋਡ ਲਾਗੂ ਕਰਨ ਅਤੇ ਸਰਕਾਰੀ ਯੋਜਨਾਵਾਂ ਵਿਚ ਜਨ ਭਾਗੀਦਾਰੀ ਦੇ ਆਧਾਰ 'ਤੇ ਨਵੀਂ ਮਾਨਸਿਕਤਾ ਨਾਲ ਕੰਮ ਕਰ ਰਹੀ ਹੈ ਅਤੇ ਯੋਜਨਾਵਾਂ ਨੂੰ 100 ਫੀਸਦੀ ਲਾਗੂ ਕਰਨ ਦਾ ਟੀਚਾ ਹੈ।
ਉਨ੍ਹਾਂ ਕਿਹਾ ਕਿ ਇਹ ਦੇਸ਼ ਲਈ ਇਤਿਹਾਸਕ ਫ਼ੈਸਲਿਆਂ ਅਤੇ ਪ੍ਰਾਪਤੀਆਂ ਦਾ ਸਮਾਂ ਹੈ ਅਤੇ ਸੰਸਦ ਵੱਲੋਂ ਹਾਲ ਹੀ ਵਿਚ ਪਾਸ ਕੀਤਾ ਗਿਆ ਮਹਿਲਾ ਰਾਖਵਾਂਕਰਨ ਬਿੱਲ ਦੇਸ਼ ਦੀ 50 ਫ਼ੀਸਦੀ ਆਬਾਦੀ ਨੂੰ ਵੱਡਾ ਹੁਲਾਰਾ ਦੇਵੇਗਾ। ਉਨ੍ਹਾਂ ਕਿਹਾ ਕਿ 30 ਸਾਲਾਂ ਤੋਂ ਲਟਕਿਆ ਇਹ ਮੁੱਦਾ ਲੋਕ ਸਭਾ ਅਤੇ ਰਾਜ ਸਭਾ ਦੋਵਾਂ ਵਿਚ ਰਿਕਾਰਡ ਵੋਟਾਂ ਨਾਲ ਪਾਸ ਹੋ ਚੁੱਕਾ ਹੈ।
ਉਨ੍ਹਾਂ ਕਿਹਾ ਕਿ ਅੱਜ ਜਿਨ੍ਹਾਂ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਹਨ, ਉਨ੍ਹਾਂ ਵਿਚੋਂ ਕਈ ਅਜਿਹੇ ਹੋਣਗੇ ਜਿਨ੍ਹਾਂ ਦਾ ਜਨਮ ਵੀ ਨਹੀਂ ਹੋਇਆ ਸੀ ਜਦੋਂ ਇਹ ਬਿੱਲ ਪਹਿਲੀ ਵਾਰ ਸੰਸਦ ਵਿਚ ਪੇਸ਼ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਨਵੇਂ ਭਾਰਤ ਦਾ ਸੁਪਨਾ ਵੱਡਾ ਹੈ ਅਤੇ ਪੁਲਾੜ ਤੋਂ ਖੇਡਾਂ ਤੱਕ ਲੜਕੀਆਂ ਦੀ ਮੌਜੂਦਗੀ ਵਧ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਨੂੰ ਹਥਿਆਰਬੰਦ ਸੈਨਾਵਾਂ ਵਿਚ ਸ਼ਾਮਲ ਕੀਤਾ ਜਾ ਰਿਹਾ ਹੈ।
ਦੇਸ਼ ਭਰ ਵਿਚ 46 ਥਾਵਾਂ ’ਤੇ ਰੁਜ਼ਗਾਰ ਮੇਲੇ ਲਾਏ ਗਏ। ਇਸ ਵਿਚ ਡਾਕ ਵਿਭਾਗ, ਪਰਮਾਣੂ ਊਰਜਾ, ਮਾਲੀਆ, ਉੱਚ ਸਿੱਖਿਆ ਅਤੇ ਰੱਖਿਆ ਵਿਭਾਗ ਸਮੇਤ ਵੱਖ-ਵੱਖ ਮੰਤਰਾਲਿਆਂ ਅਤੇ ਵਿਭਾਗਾਂ ਦੇ ਚੋਣਵੇਂ ਕਰਮਚਾਰੀਆਂ ਨੇ ਭਾਗ ਲਿਆ। ਰੁਜ਼ਗਾਰ ਮੇਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੁਜ਼ਗਾਰ ਸਿਰਜਣ ਨੂੰ ਪ੍ਰਮੁੱਖ ਤਰਜੀਹ ਦੇਣ ਦੀ ਵਚਨਬੱਧਤਾ ਵੱਲ ਇੱਕ ਪਹਿਲ ਹੈ।