
ਮੁੰਬਈ ਹਮਲੇ 'ਚ ਜਾਨ ਗਵਾਉਣ ਵਾਲਿਆਂ ਨੂੰ ਸ਼ਰਧਾਂਜਲੀ ਦਿਤੀ
Mann Ki Baat: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕੁੱਝ ਵੱਡੇ ਪਰਿਵਾਰਾਂ ਵਲੋਂ ਵਿਦੇਸ਼ਾਂ 'ਚ ਵਿਆਹ ਕਰਵਾਉਣ ਦੇ ਰੁਝਾਨ 'ਤੇ ਨਾਰਾਜ਼ਗੀ ਜ਼ਾਹਰ ਕੀਤੀ ਅਤੇ ਉਨ੍ਹਾਂ ਨੂੰ ਅਪੀਲ ਕੀਤੀ ਕਿ ਉਹ ਭਾਰਤ ਦੀ ਧਰਤੀ 'ਤੇ ਅਜਿਹੇ ਪ੍ਰੋਗਰਾਮ ਕਰਨ ਤਾਂ ਜੋ ਦੇਸ਼ ਦਾ ਪੈਸਾ ਇਸ ਤੋਂ ਬਾਹਰ ਨਾ ਜਾਵੇ। ਆਲ ਇੰਡੀਆ ਰੇਡੀਉ 'ਤੇ ਪ੍ਰਸਾਰਿਤ ਮਹੀਨਾਵਾਰ ਰੇਡੀਉ ਪ੍ਰੋਗਰਾਮ ‘ਮਨ ਕੀ ਬਾਤ’ ਦੇ 107ਵੇਂ ਐਪੀਸੋਡ 'ਚ ਉਨ੍ਹਾਂ ਨੇ ਦਸਿਆ ਕਿ ਕਿਵੇਂ ਤਿਉਹਾਰਾਂ ਦੇ ਸੀਜ਼ਨ ਦੌਰਾਨ 4 ਲੱਖ ਕਰੋੜ ਰੁਪਏ ਤੋਂ ਵੱਧ ਦਾ ਕਾਰੋਬਾਰ ਹੋਇਆ ਅਤੇ 'ਵੋਕਲ ਫਾਰ ਲੋਕਲ' ਨੂੰ ਹੁਲਾਰਾ ਮਿਲਿਆ।
ਇਸ ਦੌਰਾਨ ’ਚ ਮੋਦੀ ਨੇ ਮੁੰਬਈ ਹਮਲੇ 'ਚ ਜਾਨ ਗਵਾਉਣ ਵਾਲਿਆਂ ਨੂੰ ਸ਼ਰਧਾਂਜਲੀ ਦਿਤੀ ਅਤੇ ਕਿਹਾ ਕਿ ਇਸ ਘਿਨਾਉਣੇ ਹਮਲੇ ਤੋਂ ਉਭਰਨ ਤੋਂ ਬਾਅਦ ਭਾਰਤ ਅੱਜ ਪੂਰੀ ਹਿੰਮਤ ਨਾਲ ਅਤਿਵਾਦ ਨੂੰ ਕੁਚਲ ਰਿਹਾ ਹੈ। ਉਨ੍ਹਾਂ ਕਿਹਾ, ‘‘ਅਸੀਂ 26 ਨਵੰਬਰ ਨੂੰ ਕਦੇ ਨਹੀਂ ਭੁੱਲ ਸਕਦੇ। ਇਸ ਦਿਨ ਦੇਸ਼ 'ਤੇ ਸਭ ਤੋਂ ਘਿਨਾਉਣਾ ਅਤਿਵਾਦੀ ਹਮਲਾ ਹੋਇਆ ਸੀ। ਅਤਿਵਾਦੀਆਂ ਨੇ ਮੁੰਬਈ, ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿਤਾ। ਪਰ ਇਹ ਭਾਰਤ ਦੀ ਤਾਕਤ ਹੈ ਕਿ ਅਸੀਂ ਉਸ ਹਮਲੇ ਤੋਂ ਉਭਰ ਗਏ ਹਾਂ ਅਤੇ ਪੂਰੀ ਹਿੰਮਤ ਨਾਲ ਅਤਿਵਾਦ ਨੂੰ ਕੁਚਲ ਵੀ ਰਹੇ ਹਾਂ।’’
ਮੋਦੀ ਨੇ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ‘ਵੋਕਲ ਫਾਰ ਲੋਕਲ’ ਮੁਹਿੰਮ ਨੂੰ ਸਿਰਫ ਤਿਉਹਾਰਾਂ ਤਕ ਸੀਮਤ ਨਾ ਰੱਖਣ ਅਤੇ ਉਨ੍ਹਾਂ ਨੂੰ ਵਿਆਹਾਂ ਦੇ ਸੀਜ਼ਨ ਦੌਰਾਨ ਵੀ ਸਥਾਨਕ ਉਤਪਾਦਾਂ ਨੂੰ ਮਹੱਤਵ ਦੇਣ ਦੀ ਅਪੀਲ ਕੀਤੀ। ‘ਮਨ ਕੀ ਬਾਤ’ ਦੇ ਪਿਛਲੇ ਐਪੀਸੋਡ 'ਚ ਲੋਕਾਂ ਨੂੰ ਸਥਾਨਕ ਉਤਪਾਦ ਖਰੀਦਣ 'ਤੇ ਧਿਆਨ ਕੇਂਦਰਿਤ ਕਰਨ ਦੀ ਅਪੀਲ ਦਾ ਜ਼ਿਕਰ ਕਰਦੇ ਹੋਏ ਮੋਦੀ ਨੇ ਕਿਹਾ, ‘‘ਪਿਛਲੇ ਕੁੱਝ ਦਿਨਾਂ 'ਚ ਦੀਵਾਲੀ, ਭਾਈ ਦੂਜ ਅਤੇ ਛੱਠ 'ਤੇ ਦੇਸ਼ 'ਚ ਚਾਰ ਲੱਖ ਕਰੋੜ ਰੁਪਏ ਤੋਂ ਵੱਧ ਦਾ ਕਾਰੋਬਾਰ ਹੋਇਆ ਹੈ ਅਤੇ ਇਸ ਦੌਰਾਨ ਲੋਕਾਂ 'ਚ ਭਾਰਤ 'ਚ ਬਣੇ ਉਤਪਾਦਾਂ ਨੂੰ ਖਰੀਦਣ ਲਈ ਭਾਰੀ ਉਤਸ਼ਾਹ ਸੀ।’’
ਉਨ੍ਹਾਂ ਕਿਹਾ ਕਿ ਹੁਣ ਤਾਂ ਘਰ ਦੇ ਬੱਚਿਆਂ ਨੇ ਵੀ ਦੁਕਾਨ 'ਤੇ ਕੁਝ ਖਰੀਦਦੇ ਸਮੇਂ ਚੈਕਿੰਗ ਕਰਨੀ ਸ਼ੁਰੂ ਕਰ ਦਿੱਤੀ ਹੈ ਕਿ ਉਸ 'ਤੇ ‘ਮੇਡ ਇਨ ਇੰਡੀਆ’ ਲਿਖਿਆ ਹੈ ਜਾਂ ਨਹੀਂ। ਉਨ੍ਹਾਂ ਕਿਹਾ, ‘‘ਇੰਨਾ ਹੀ ਨਹੀਂ, ਆਨਲਾਈਨ ਸਾਮਾਨ ਖਰੀਦਦੇ ਸਮੇਂ ਵੀ ਲੋਕ ਹੁਣ ਇਹ ਵੇਖਣਾ ਨਹੀਂ ਭੁਲਦੇ ਕਿ ਉਤਪਾਦ ਕਿਸ ਦੇਸ਼ 'ਚ ਬਣਦਾ ਹੈ।’’ ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਸਵੱਛ ਭਾਰਤ ਅਭਿਆਨ ਦੀ ਸਫਲਤਾ ਇਸ ਦੀ ਪ੍ਰੇਰਣਾ ਬਣ ਰਹੀ ਹੈ, ਉਸੇ ਤਰ੍ਹਾਂ ‘ਵੋਕਲ ਫਾਰ ਲੋਕਲ’ ਦੀ ਸਫਲਤਾ ਵਿਕਸਤ ਭਾਰਤ ਅਤੇ ਖੁਸ਼ਹਾਲ ਭਾਰਤ ਦੇ ਦਰਵਾਜ਼ੇ ਖੋਲ੍ਹ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਵੋਕਲ ਫਾਰ ਲੋਕਲ’ ਮੁਹਿੰਮ ਪੂਰੇ ਦੇਸ਼ ਦੀ ਆਰਥਿਕਤਾ ਨੂੰ ਮਜ਼ਬੂਤ ਕਰਦੀ ਹੈ।
ਉਨ੍ਹਾਂ ਕਿਹਾ, ‘‘ਇਹ ਰੁਜ਼ਗਾਰ ਦੀ ਗਰੰਟੀ ਹੈ। ਇਹ ਵਿਕਾਸ ਦੀ ਗਰੰਟੀ ਹੈ, ਇਹ ਦੇਸ਼ ਦੇ ਸੰਤੁਲਿਤ ਵਿਕਾਸ ਦੀ ਗਰੰਟੀ ਹੈ। ਇਹ ਸ਼ਹਿਰੀ ਅਤੇ ਪੇਂਡੂ ਦੋਹਾਂ ਨੂੰ ਬਰਾਬਰ ਮੌਕੇ ਪ੍ਰਦਾਨ ਕਰਦਾ ਹੈ। ਇਸ ਨਾਲ ਸਥਾਨਕ ਉਤਪਾਦਾਂ ’ਚ ਗੁਣਾਤਮਕ ਵਾਧਾ ਹੁੰਦਾ ਹੈ ਅਤੇ ਕਈ ਵਾਰ ਜਦੋਂ ਗਲੋਬਲ ਆਰਥਿਕਤਾ ’ਚ ਉਤਰਾਅ-ਚੜ੍ਹਾਅ ਹੁੰਦਾ ਹੈ, ਤਾਂ ‘ਵੋਕਲ ਫਾਰ ਲੋਕਲ’ ਦਾ ਮੰਤਰ ਸਾਡੀ ਆਰਥਿਕਤਾ ਨੂੰ ਵੀ ਸੁਰੱਖਿਅਤ ਰਖਦਾ ਹੈ।’’
ਕੁਝ ਵਪਾਰਕ ਸੰਗਠਨਾਂ ਦੇ ਅਨੁਮਾਨਾਂ ਦਾ ਹਵਾਲਾ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸਾਲ ਵਿਆਹਾਂ ਦੇ ਸੀਜ਼ਨ ਦੌਰਾਨ ਲਗਭਗ 5 ਲੱਖ ਕਰੋੜ ਰੁਪਏ ਦਾ ਕਾਰੋਬਾਰ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਦੇਸ਼ ਵਾਸੀਆ ਨੂੰ ਕਿਹਾ, ‘‘ਭਾਰਤੀ ਉਤਪਾਦਾਂ ਨੂੰ ਖਰੀਦਣ ਦੀ ਭਾਵਨਾ ਸਿਰਫ ਤਿਉਹਾਰਾਂ ਤਕ ਸੀਮਤ ਨਹੀਂ ਹੋਣੀ ਚਾਹੀਦੀ। ਵਿਆਹ ਦਾ ਸੀਜ਼ਨ ਹੁਣੇ ਸ਼ੁਰੂ ਹੋਇਆ ਹੈ... ਵਿਆਹਾਂ ਨਾਲ ਜੁੜੀ ਖਰੀਦਦਾਰੀ ’ਚ ਵੀ ਤੁਹਾਨੂੰ ਭਾਰਤ 'ਚ ਬਣੇ ਸਾਰੇ ਉਤਪਾਦਾਂ ਨੂੰ ਮਹੱਤਵ ਦੇਣਾ ਚਾਹੀਦਾ ਹੈ।’’
ਪ੍ਰਧਾਨ ਮੰਤਰੀ ਨੇ ਕੁਝ ਪਰਿਵਾਰਾਂ ਦੇ ਵਿਦੇਸ਼ਾਂ ’ਚ ਵਿਆਹ ਕਰਨ ਦੇ ਰਿਵਾਜ 'ਤੇ ਸਵਾਲ ਚੁੱਕੇ ਅਤੇ ਉਨ੍ਹਾਂ ਨੂੰ ਕਿਹਾ ਕਿ ਜੇ ਉਹ ਭਾਰਤ ਦੀ ਧਰਤੀ 'ਤੇ ਅਤੇ ਭਾਰਤ ਦੇ ਲੋਕਾਂ ਵਿਚਕਾਰ ਵਿਆਹ ਮਨਾਉਂਦੇ ਹਨ, ਤਾਂ ਦੇਸ਼ ਦਾ ਪੈਸਾ ਦੇਸ਼ ’ਚ ਹੀ ਰਹੇਗਾ। ਉਨ੍ਹਾਂ ਕਿਹਾ, ‘‘ਦੇਸ਼ ਦੇ ਲੋਕਾਂ ਨੂੰ ਤੁਹਾਡੇ ਵਿਆਹ ’ਚ ਕੁੱਝ ਸੇਵਾ ਕਰਨ ਦਾ ਮੌਕਾ ਮਿਲੇਗਾ, ਛੋਟੇ ਗਰੀਬ ਲੋਕ ਵੀ ਅਪਣੇ ਬੱਚਿਆਂ ਨੂੰ ਤੁਹਾਡੇ ਵਿਆਹ ਬਾਰੇ ਦੱਸਣਗੇ। ਕੀ ਤੁਸੀਂ ‘ਵੋਕਲ ਫਾਰ ਲੋਕਲ’ ਦੇ ਇਸ ਮਿਸ਼ਨ ਦਾ ਵਿਸਥਾਰ ਕਰ ਸਕਦੇ ਹੋ?’’
ਮੋਦੀ ਨੇ ਕਿਹਾ, ‘‘ਹੋ ਸਕਦਾ ਹੈ ਕਿ ਅੱਜ ਉਸ ਤਰ੍ਹਾਂ ਦੇ ਪ੍ਰਬੰਧ ਨਾ ਹੋਣ ਜਿਸ ਤਰ੍ਹਾਂ ਤੁਸੀਂ ਅੱਜ ਚਾਹੁੰਦੇ ਹੋ ਪਰ ਜੇਕਰ ਅਸੀਂ ਅਜਿਹੇ ਪ੍ਰੋਗਰਾਮ ਕਰਦੇ ਹਾਂ ਤਾਂ ਇਹ ਪ੍ਰਬੰਧ ਵੀ ਵਿਕਸਿਤ ਹੋਣਗੇ। ਇਹ ਬਹੁਤ ਵੱਡੇ ਪਰਿਵਾਰਾਂ ਨਾਲ ਜੁੜਿਆ ਮਾਮਲਾ ਹੈ। ਮੈਨੂੰ ਉਮੀਦ ਹੈ ਕਿ ਮੇਰਾ ਦਰਦ ਉਨ੍ਹਾਂ ਵੱਡੇ ਪਰਿਵਾਰਾਂ ਤੱਕ ਪਹੁੰਚੇਗਾ।’’ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਵਿਆਹਾਂ ਦੀ ਖਰੀਦਦਾਰੀ ਕਰਦੇ ਸਮੇਂ ਡਿਜੀਟਲ ਭੁਗਤਾਨ ਦੇ ਤਰੀਕਿਆਂ ਦੀ ਵਰਤੋਂ ਕਰਨ ਦੀ ਵੀ ਅਪੀਲ ਕੀਤੀ।
ਇਹ ਟਿਪਣੀ ਕਰਦਿਆਂ ਕਿ ਬੁੱਧੀ, ਵਿਚਾਰ ਅਤੇ ਨਵੀਨਤਾ ਭਾਰਤੀ ਨੌਜਵਾਨਾਂ ਦੀ ਪਛਾਣ ਹਨ, ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਬੌਧਿਕ ਜਾਇਦਾਦ ਲਗਾਤਾਰ ਵਧ ਰਹੀ ਹੈ ਅਤੇ ਇਹ ਅਪਣੇ ਆਪ ’ਚ ਦੇਸ਼ ਦੀ ਸਮਰੱਥਾ ਨੂੰ ਵਧਾਉਣ ’ਚ ਇਕ ਮਹੱਤਵਪੂਰਨ ਵਿਕਾਸ ਹੈ। ਉਨ੍ਹਾਂ ਕਿਹਾ, ‘‘ਸਾਲ 2022 ’ਚ ਭਾਰਤੀਆਂ ਦੀਆਂ ਪੇਟੈਂਟ ਅਰਜ਼ੀਆਂ ’ਚ 31 ਫੀਸਦੀ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ।’’