ਇਕ ਵਾਰ ਬਾਹਰ ਆ ਗਿਆ ਤਾਂ ਮੈਂ ਉਸ ਨੂੰ ਇੱਥੇ ਕਦੇ ਵੀ ਕੰਮ ਨਹੀਂ ਕਰਨ ਦੇਵਾਂਗਾ: ਸੁਰੰਗ ’ਚ ਫਸੇ ਮਜ਼ਦੂਰ ਦਾ ਪਿਤਾ
Uttarakhand Tunnel Collapse: ਪਿਛਲੇ ਦੋ ਹਫਤਿਆਂ ਤੋਂ 40 ਹੋਰ ਮਜ਼ਦੂਰਾਂ ਨਾਲ ਸਿਲਕੀਆਰਾ ਸੁਰੰਗ ’ਚੋਂ ਅਪਣੇ ਪੁੱਤਰ ਦੇ ਬਾਹਰ ਆਉਣ ਦੀ ਉਡੀਕ ਕਰ ਰਹੇ ਚੌਧਰੀ ਨੇ ਐਤਵਾਰ ਨੂੰ ਕਿਹਾ ਕਿ ਇਕ ਵਾਰ ਜਦੋਂ ਉਸ ਦਾ ਪੁੱਤਰ ਬਾਹਰ ਆ ਗਿਆ ਤਾਂ ਉਹ ਉਸ ਨੂੰ ਮੁੜ ਕਦੇ ਵੀ ਇੱਥੇ ਕੰਮ ਨਹੀਂ ਕਰਨ ਦੇਵੇਗਾ। ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਦੇ ਖੇਤ ਮਜ਼ਦੂਰ ਚੌਧਰੀ, ਜਿਨ੍ਹਾਂ ਨੇ ਪਹਿਲਾਂ ਮੁੰਬਈ ’ਚ ਇਕ ਹਾਦਸੇ ’ਚ ਅਪਣੇ ਇਕ ਪੁੱਤਰ ਨੂੰ ਗੁਆ ਦਿਤਾ ਸੀ, ਇਸ ਸਮੇਂ ਅਪਣੇ ਦੂਜੇ ਪੁੱਤਰ ਦੀ ਸੁਰੱਖਿਅਤ ਵਾਪਸੀ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ।
ਬਚਾਅ ਕਾਰਜਾਂ ਦੀ ਹੌਲੀ ਰਫਤਾਰ ਦਰਮਿਆਨ ਉਨ੍ਹਾਂ ਕਿਹਾ, ‘‘ਮਨਜੀਤ ਮੇਰਾ ਇਕੋ-ਇਕ ਪੁੱਤਰ ਹੈ। ਜੇ ਉਸ ਨੂੰ ਕੁਝ ਹੋ ਜਾਂਦਾ ਹੈ, ਤਾਂ ਮੈਂ ਅਤੇ ਮੇਰੀ ਪਤਨੀ ਕਿਵੇਂ ਜੀਵਾਂਗੇ?’’ 22 ਸਾਲਾ ਮਨਜੀਤ ਉਨ੍ਹਾਂ 41 ਮਜ਼ਦੂਰਾਂ ’ਚ ਸ਼ਾਮਲ ਹੈ ਜੋ 12 ਨਵੰਬਰ ਨੂੰ ਮਲਬਾ ਡਿੱਗਣ ਕਾਰਨ ਬੰਦ ਹੋਈ ਸੁਰੰਗ ਅੰਦਰ ਫਸੇ ਹੋਏ ਹਨ।
ਸੁਰੰਗ ਡਿੱਗਣ ਤੋਂ ਅਗਲੇ ਦਿਨ ਹੀ ਮੌਕੇ ’ਤੇ ਪਹੁੰਚੇ ਮਨਜੀਤ ਦੇ ਪਿਤਾ ਨੇ ਐਤਵਾਰ ਨੂੰ ਇੱਥੇ ਛੇ ਇੰਚ ਪਾਈਪ ਰਾਹੀਂ ਲਗਾਏ ਗਏ ਸੰਚਾਰ ਚੈਨਲ ਰਾਹੀਂ ਉਸ ਨਾਲ ਗੱਲਬਾਤ ਕੀਤੀ। ਉਸ ਨੇ ਕਿਹਾ, ‘‘ਮੇਰਾ ਬੇਟਾ ਠੀਕ ਹੈ। ਬਚਾਅ ਕਾਰਜਾਂ ’ਚ ਦੇਰੀ ਕਾਰਨ ਮੈਂ ਥੋੜ੍ਹਾ ਚਿੰਤਤ ਹਾਂ। ਅੱਜ ਮੈਂ ਉਸ ਨੂੰ ਕਿਹਾ ਕਿ ਇਹ ਜੰਗ ਹੈ ਪਰ ਉਸ ਨੂੰ ਡਰਨਾ ਨਹੀਂ ਚਾਹੀਦਾ। ਅਸੀਂ ਜਲਦੀ ਹੀ ਸਫਲ ਹੋਵਾਂਗੇ।’’
ਚੌਧਰੀ ਨੇ ਕਿਹਾ, ‘‘ਅਸੀਂ ਬਹੁਤ ਗਰੀਬ ਹਾਂ ਅਤੇ ਅਪਣੀ ਪਤਨੀ ਦੇ ਗਹਿਣੇ ਗਿਰਵੀ ਰੱਖ ਕੇ 9,000 ਰੁਪਏ ਦਾ ਕਰਜ਼ਾ ਲੈ ਕੇ ਇੱਥੇ ਆਏ ਸੀ। ਇੱਥੇ ਪ੍ਰਸ਼ਾਸਨ ਨੇ ਮੈਨੂੰ ਇਕ ਜੈਕੇਟ ਅਤੇ ਜੁੱਤੀਆਂ ਦਿਤੀਆਂ ਅਤੇ ਮੇਰਾ ਕਰਜ਼ਾ ਵੀ ਵਾਪਸ ਕਰ ਦਿਤਾ।’’ ਪ੍ਰਸ਼ਾਸਨ ਨੇ ਇੱਥੇ ਸੁਰੰਗ ਦੇ ਬਾਹਰ ਫਸੇ ਮਜ਼ਦੂਰਾਂ ਦੇ ਪਰਿਵਾਰਾਂ ਲਈ ਇਕ ਕੈਂਪ ਸਥਾਪਤ ਕੀਤਾ ਹੈ। ਉਨ੍ਹਾਂ ਦੀ ਹਰ ਰੋਜ਼ ਸੁਰੰਗ ’ਚ ਫਸੇ ਉਨ੍ਹਾਂ ਦੇ ਰਿਸ਼ਤੇਦਾਰਾਂ ਨਾਲ ਗੱਲ ਵੀ ਕਰਵਾਈ ਜਾ ਰਹੀ ਹੈ।
ਮੁੱਖ ਮੰਤਰੀ ਧਾਮੀ ਨੇ ਸੁਰੰਗ ’ਚ ਫਸੇ ਪੁਸ਼ਕਰ ਸਿੰਘ ਏਰੀ ਦੇ ਘਰ ਜਾ ਕੇ ਰਿਸ਼ਤੇਦਾਰਾਂ ਦਾ ਹੌਸਲਾ ਵਧਾਇਆ
ਦੇਹਰਾਦੂਨ: ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਐਤਵਾਰ ਨੂੰ ਸਿਲਕਿਆਰਾ ਸੁਰੰਗ ’ਚ ਫਸੇ ਪੰਚਾਵਤ ਜ਼ਿਲ੍ਹੇ ਦੇ ਟਕਨਪੁਰ ਵਾਸੀ ਪੁਸ਼ਕਰ ਸਿੰਘ ਏਰੀ ਦੇ ਘਰ ਜਾ ਕੇ ਉਨ੍ਹਾਂ ਦੇ ਰਿਸ਼ਤੇਦਾਰਾਂ ਦਾ ਹੌਸਲਾ ਵਧਾਇਆ ਅਤੇ ਕਿਹਾ ਕਿ ਸੁਰੰਗ ’ਚ ਫਸੇ ਸਾਰੇ 41 ਮਜ਼ਦੂਰਾਂ ਨੂੰ ਸੁਰਖਿਅਤ ਬਾਹਰ ਕੱਢਣ ਲਈ ਪੂਰੀ ਤਾਕਤ ਨਾਲ ਕੰਮ ਕੀਤਾ ਜਾ ਰਿਹਾ ਹੈ।
ਧਾਮੀ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਲਿਖਿਆ, ‘‘ਮੈਂ ਚੰਪਾਵਤ ਦੇ ਟਨਕਪੁਰ ’ਚ ਮਜ਼ਦੂਰ ਭਰਾ ਪੁਸ਼ਕਰ ਸਿੰਘ ਏਰੀ ਜੀ ਦੇ ਘਰ ਗਿਆ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਹੌਸਲਾ ਵਧਾਇਆ।’’ ਮੁੱਖ ਮੰਤਰੀ ਨੇ ਕਿਹਾ ਕਿ ਇਸ ਦੌਰਾਨ ਉਨ੍ਹਾਂ ਨੂੰ ਕੇਂਦਰੀ ਏਜੰਸੀਆਂ ਅਤੇ ਸੂਬਾ ਪ੍ਰਸ਼ਾਸਨ ਵਲੋਂ ਮਜ਼ਦੂਰਾਂ ਨੂੰ ਕੱਢਣ ਲਈ ਕੀਤੇ ਜਾ ਰਹੇ ਅਣਥੱਕ ਯਤਨਾਂ ਬਾਰੇ ਜਾਣਕਾਰੀ ਦਿਤੀ ਗਈ।
ਧਾਮੀ ਨੇ ਕਿਹਾ ਕਿ ਸਾਰੇ ਮਜ਼ਦੂਰ ਸਿਹਤਮੰਦ ਹਨ ਅਤੇ ਉਨ੍ਹਾਂ ਨੂੰ ਜਲਦੀ ਹੀ ਬਾਹਰ ਕੱਢ ਲਿਆ ਜਾਵੇਗਾ। ਇਸ ਮੌਕੇ ਲੋਕ ਸਭਾ ਮੈਂਬਰ ਅਜੈ ਟਮਟਾ ਵੀ ਮੌਜੂਦ ਸਨ। ਸੁਰੰਗ ’ਚ ਫਸੇ 41 ਮਜ਼ਦੂਰਾਂ ’ਚੋਂ ਏਰੀ ਸਮੇਤ ਦੋ ਮਜ਼ਦੂਰ ਉਤਰਾਖੰਡ ਦੇ ਰਹਿਣ ਵਾਲੇ ਹਨ। ਇਕ ਹੋਰ ਮਜ਼ਦੂਰ ਗੱਬਰ ਸਿੰਘ ਨੇਗੀ ਉਤਰਾਖੰਡ ਦੇ ਪੌੜੀ ਜ਼ਿਲ੍ਹੇ ਦੇ ਕੋਟਦੁਆਰ ਦਾ ਰਹਿਣ ਵਾਲਾ ਹੈ। ਇਸ ਤੋਂ ਇਲਾਵਾ ਝਾਰਖੰਡ ਤੋਂ 15, ਉੱਤਰ ਪ੍ਰਦੇਸ਼ ਤੋਂ 8, ਬਿਹਾਰ ਅਤੇ ਓਡੀਸ਼ਾ ਤੋਂ 5-5, ਪੱਛਮੀ ਬੰਗਾਲ ਤੋਂ 3, ਅਸਾਮ ਤੋਂ 2 ਅਤੇ ਹਿਮਾਚਲ ਪ੍ਰਦੇਸ਼ ਦਾ 1 ਮਜ਼ਦੂਰ ਹੈ।
(For more news apart from Champions Trophy 2025, stay tuned to Rozana Spokesman)