
ਤਿੰਨ ਰਿਕਾਰਡਾਂ ਵਿੱਚ ਇੱਕ ਮਹਿਲਾ ਇੰਸਪੈਕਟਰ ਦਾ ਨਾਂਅ ਵੀ ਸ਼ਾਮਲ
ਕੋਲਕਾਤਾ - ਬੀ.ਐੱਸ.ਐਫ਼. ਵਜੋਂ ਜਾਣੇ ਜਾਂਦੇ ਸੀਮਾ ਸੁਰੱਖਿਆ ਬਲ ਦੀ ਮੋਟਰਸਾਈਕਲ ਸਟੰਟ ਟੀਮ ਨੇ ਰਾਇਲ ਐਨਫ਼ੀਲਡ ਮੋਟਰਸਾਈਕਲਾਂ ਦੀ ਸਵਾਰੀ ਤਹਿਤ ਕਈ ਰਿਕਾਰਡ ਬਣਾਏ ਕੀਤੇ ਹਨ। ਜਿੱਥੇ 12 ਫੁੱਟ 9 ਇੰਚ ਦੀ ਪੌੜੀ ਦੇ ਸਿਖਰ 'ਤੇ ਦੋ ਵਿਅਕਤੀਆਂ ਵੱਲੋਂ ਸਭ ਤੋਂ ਲੰਬੀ ਸਵਾਰੀ ਦਾ ਰਿਕਾਰਡ ਇਸ ਜਾਂਬਾਜ਼ ਟੀਮ ਨੇ ਬਣਾਇਆ ਹੈ, ਉੱਥੇ ਹੀ ਇਸ ਟੀਮ ਦੀ ਮੈਂਬਰ ਇੱਕ ਮਹਿਲਾ ਇੰਸਪੈਕਟਰ ਨੇ ਵੀ 175 ਕਿਲੋਮੀਟਰ ਤੋਂ ਵੱਧ ਦਾ ਸਫ਼ਰ ਛੇ ਘੰਟੇ ਤੋਂ ਵੱਧ ਸਮੇਂ ਤੱਕ ਖੜ੍ਹੇ ਹੋ ਕੇ ਸਫ਼ਰ ਕਰਨ ਦਾ ਰਿਕਾਰਡ ਬਣਾਇਆ, ਜੋ ਇਤਿਹਾਸ ਵਿੱਚ ਹੁਣ ਤੱਕ ਦਾ ਸਭ ਤੋਂ ਲੰਬਾ ਸਫ਼ਰ ਹੈ।
ਬੀ.ਐੱਸ.ਐਫ਼. ਦੇ ਦੋ ਬਾਈਕਰਾਂ ਨੇ ਬਿਨਾਂ ਰੁਕੇ ਦੋ ਘੰਟਿਆਂ ਤੱਕ 80 ਕਿਲੋਮੀਟਰ ਤੋਂ ਵੱਧ ਦੀ ਦੂਰੀ ਤੱਕ ਲੇਟਣ ਦੀ ਸਥਿਤੀ ਵਿੱਚ ਸਵਾਰੀ ਕੀਤੀ। ਇਹ ਸਾਰੀਆਂ ਪ੍ਰਾਪਤੀਆਂ ਲਿਮਕਾ ਬੁੱਕ ਆਫ਼ ਰਿਕਾਰਡਜ਼ ਵਿੱਚ ਦਰਜ ਹਨ।
ਤਾਜ਼ਾ ਬਣਾਏ ਰਿਕਾਰਡਾਂ ਵਿੱਚ ਪਹਿਲਾ ਰਿਕਾਰਡ ਬੀ.ਐੱਸ.ਐਫ਼. ਦੀ ਜਾਂਬਾਜ਼ ਡੇਅਰਡੇਵਿਲ ਮੋਟਰਸਾਈਕਲ ਟੀਮ ਦੇ ਇੰਸਪੈਕਟਰ ਅਵਧੇਸ਼ ਕੁਮਾਰ ਸਿੰਘ ਅਤੇ ਕੈਪਟਨ ਸੁਧਾਕਰ ਨੇ ਬਣਾਇਆ। ਉਨ੍ਹਾਂ ਨੇ ਰਾਇਲ ਐਨਫੀਲਡ 350 ਸੀ.ਸੀ. ਮੋਟਰਸਾਈਕਲ 'ਤੇ ਬੰਨ੍ਹੀ 12.9 ਫੁੱਟ ਦੀ ਪੌੜੀ 'ਤੇ ਦੋ ਵਿਅਕਤੀਆਂ ਦੀ ਸਭ ਤੋਂ ਲੰਬੀ ਸਵਾਰੀ ਦਾ ਰਿਕਾਰਡ ਬਣਾਇਆ। 16 ਦਸੰਬਰ ਨੂੰ 25 ਬੀ.ਐੱਨ. ਬੀ.ਐੱਸ.ਐਫ਼. ਕੈਂਪਸ, ਛਾਵਲਾ, ਨਵੀਂ ਦਿੱਲੀ ਵਿਖੇ ਬੀ.ਐੱਸ.ਐਫ਼. ਦੇ ਵਿਜੇ ਦਿਵਸ ਦੇ ਜਸ਼ਨਾਂ ਦੌਰਾਨ, ਉਨ੍ਹਾਂ ਨੇ 5 ਘੰਟੇ 26 ਮਿੰਟ ਦੀ ਸਵਾਰੀ ਦੌਰਾਨ 174.1 ਕਿਲੋਮੀਟਰ ਦੀ ਦੂਰੀ ਤੈਅ ਕੀਤੀ।
ਦੂਜਾ ਰਿਕਾਰਡ, ਬਾਈਕ ਸਵਾਰ ਵੱਲੋਂ ਰਾਇਲ ਐਨਫੀਲਡ ਬਾਈਕ 'ਤੇ ਲੇਟ ਕੇ ਸਫ਼ਰ ਕਰਨ ਤਹਿਤ ਬਣਾਇਆ ਗਿਆ, ਜਿਸ 'ਚ ਬੀ.ਐੱਸ.ਐਫ਼.ਜਾਂਬਾਜ਼ ਡੇਅਰਡੇਵਿਲ ਮੋਟਰਸਾਈਕਲ ਟੀਮ ਦੇ ਮੈਂਬਰ ਇੰਸਪੈਕਟਰ ਵਿਸ਼ਵਜੀਤ ਭਾਟੀਆ ਨੇ 70.2 ਕਿਲੋਮੀਟਰ ਦੀ ਦੂਰੀ 2 ਘੰਟੇ 6 ਮਿੰਟ ਤੱਕ ਬਿਨਾਂ ਰੁਕੇ ਪੂਰੀ ਕੀਤੀ। ਭਾਟੀਆ ਨੇ ਰਾਇਲ ਐਨਫ਼ੀਲਡ ਬਾਈਕ ਦੀ ਸੀਟ 'ਤੇ ਲੇਟਣ ਵਾਲੀ ਸਥਿਤੀ ਵਿੱਚ ਲੰਬੀ ਰਾਈਡ ਦਾ ਰਿਕਾਰਡ ਬਣਾਇਆ।
ਤੀਜਾ ਰਿਕਾਰਡ ਬੀ.ਐੱਸ.ਐਫ਼. ਦੀ ਸੀਮਾ ਭਵਾਨੀ ਆਲ ਵੂਮੈਨ ਮੋਟਰਸਾਈਕਲ ਟੀਮ ਦੀ ਕਪਤਾਨ ਇੰਸਪੈਕਟਰ ਹਿਮਾਂਸ਼ੂ ਸਿਰੋਹੀ ਨੇ ਬਣਾਇਆ। ਉਸ ਨੇ ਰਾਇਲ ਐਨਫ਼ੀਲਡ 350 ਸੀ.ਸੀ. ਮੋਟਰਸਾਈਕਲ ਦੇ ਸਾਈਡ ਬਰੈਕਟ 'ਤੇ ਸਭ ਤੋਂ ਲੰਬੇ ਸਮੇਂ ਤੱਕ ਖੜ੍ਹੇ ਰਹਿ ਕੇ ਸਫ਼ਰ ਕਰਨ ਦਾ ਕਾਰਨਾਮਾ ਕਰ ਦਿਖਾਇਆ। ਸਿਰੋਹੀ ਨੇ 6 ਘੰਟੇ 3 ਮਿੰਟ ਦੇ ਸਮੇਂ 'ਚ ਇਸ ਸਥਿਤੀ ਵਿੱਚ 178.6 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ।
ਹਰ ਸਾਲ 26 ਜਨਵਰੀ ਨੂੰ ਹੋਣ ਵਾਲੀ ਗਣਤੰਤਰ ਦਿਵਸ ਪਰੇਡ ਦੀਆਂ ਵਿਸ਼ੇਸ਼ਤਾਵਾਂ ਵਿੱਚ ਬੀ.ਐੱਸ.ਐਫ਼. ਦੀ ਬਾਈਕ ਸਟੰਟ ਟੀਮ ਹਰ ਸਾਲ ਸ਼ਾਮਲ ਹੁੰਦੀ ਹੈ। ਇਸ ਜਾਂਬਾਜ਼ ਟੀਮ ਦਾ ਗਠਨ 1990 ਵਿੱਚ ਕੀਤਾ ਗਿਆ ਸੀ।