
ਬ੍ਰਿਗੇਡੀਅਰ ਜਨਰਲ ਮੌਸਾਵੀ ਦੀ ਹੱਤਿਆ ਦੀ ਇਜ਼ਰਾਈਲ ਨੂੰ ਚੁਕਾਉਣੀ ਪਵੇਗੀ ਭਾਰੀ ਕੀਮਤ: ਈਰਾਨ ਦੇ ਰਾਸ਼ਟਰਪਤੀ
ਬੇਰੂਤ/ਤੇਲ ਅਵੀਵ: ਸੀਰੀਆ ਦੀ ਰਾਜਧਾਨੀ ਦਮਿਸ਼ਕ ਦੇ ਇਕ ਇਲਾਕੇ ’ਚ ਇਜ਼ਰਾਈਲ ਵਲੋਂ ਕੀਤੇ ਗਏ ਹਵਾਈ ਹਮਲੇ ’ਚ ਈਰਾਨ ਦਾ ਇਕ ਉੱਚ ਅਧਿਕਾਰੀ ਮਾਰਿਆ ਗਿਆ। ਸੀਰੀਆ ਵਿਚ ਈਰਾਨ ਦੇ ਅਰਧ ਸੈਨਿਕ ‘ਰੈਵੋਲਿਊਸ਼ਨਰੀ ਗਾਰਡ’ ਦੇ ਲੰਮੇ ਸਮੇਂ ਤੋਂ ਸਲਾਹਕਾਰ ਰਹੇ ਸਈਦ ਰਾਜੀ ਮੌਸਾਵੀ ਅਜਿਹੇ ਸਮੇਂ ਮਾਰੇ ਗਏ ਹਨ ਜਦੋਂ ਲੇਬਨਾਨ-ਇਜ਼ਰਾਈਲ ਸਰਹੱਦ ’ਤੇ ਹਿਜ਼ਬੁੱਲਾ ਅਤੇ ਇਜ਼ਰਾਈਲ ਵਿਚਾਲੇ ਝੜਪਾਂ ਤੇਜ਼ ਹੋਣ ਕਾਰਨ ਇਜ਼ਰਾਈਲ-ਹਮਾਸ ਜੰਗ ਦਾ ਘੇਰਾ ਵਧਣ ਦਾ ਡਰ ਪੈਦਾ ਹੋ ਗਿਆ ਹੈ।
ਉਧਰ ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਈਸੀ ਨੇ ਕਿਹਾ ਹੈ ਕਿ ਇਜ਼ਰਾਈਲ ਨੂੰ ਮੌਸਾਵੀ ਦੇ ਕਤਲ ਦੀ ਭਾਰੀ ਕੀਮਤ ਚੁਕਾਉਣੀ ਪਵੇਗੀ। ਈਰਾਨ ਦੇ ਰਾਸ਼ਟਰਪਤੀ ਨੇ ਇਕ ਪ੍ਰੈਸ ਬਿਆਨ ਵਿਚ ਕਿਹਾ ਕਿ ਬਿਨਾਂ ਸ਼ੱਕ ਇਹ ਕਾਰਵਾਈ ਖੇਤਰ ਵਿਚ ਜ਼ਾਇਨਿਸਟ ਸ਼ਾਸਨ ਦੀ ਨਿਰਾਸ਼ਾ, ਬੇਬਸੀ ਅਤੇ ਅਸਮਰੱਥਾ ਦਾ ਇਕ ਹੋਰ ਸੰਕੇਤ ਹੈ। ਆਈ.ਆਰ.ਜੀ.ਸੀ. ਵਿਚ ਉੱਚ ਅਧਿਕਾਰੀ ਮੌਸਾਵੀ ਸੀਰੀਆ ਵਿਚ ਈਰਾਨ ਦੇ ਫੌਜੀ ਅਭਿਆਨਾਂ ਦਾ ਤਾਲਮੇਲ ਕਰ ਰਹੇ ਸਨ।
ਇਜ਼ਰਾਈਲ ਨੇ ਦੋਸ਼ ਲਾਇਆ ਹੈ ਕਿ ਬ੍ਰਿਗੇਡੀਅਰ ਜਨਰਲ ਮੌਸਾਵੀ ਹਿਜ਼ਬੁੱਲਾ ਨੂੰ ਹਥਿਆਰਾਂ ਅਤੇ ਸਮੱਗਰੀ ਦੀ ਸਪਲਾਈ ਦੇ ਤਾਲਮੇਲ ਲਈ ਜ਼ਿੰਮੇਵਾਰ ਸਨ। ਹਾਲਾਂਕਿ, ਇਜ਼ਰਾਈਲ ਰੱਖਿਆ ਬਲਾਂ (ਆਈ.ਡੀ.ਐਫ) ਦੇ ਬੁਲਾਰੇ ਰੀਅਰ ਐਡਮਿਰਲ ਡੈਨੀਅਲ ਹਾਗਾਰੀ ਨੇ ਇਕ ਪ੍ਰੈਸ ਕਾਨਫਰੰਸ ਦੌਰਾਨ ਮੌਸਾਵੀ ਦੇ ਕਤਲ ’ਤੇ ਕੋਈ ਟਿਪਣੀ ਨਹੀਂ ਕੀਤੀ।
ਇਜ਼ਰਾਈਲੀਆਂ ਦਾ ਦੋਸ਼ ਹੈ ਕਿ ਈਰਾਨ ਅਤੇ ਉਸ ਦੀ ਆਈ.ਆਰ.ਜੀ.ਸੀ. ਹਮਾਸ ਅਤੇ ਹਿਜ਼ਬੁੱਲਾ ਦਾ ਸਮਰਥਨ ਕਰ ਰਹੀ ਹੈ ਜੋ ਇਜ਼ਰਾਈਲ ’ਤੇ ਹਮਲਾ ਕਰਨ ਲਈ ਤਾਲਮੇਲ ਨਾਲ ਕੰਮ ਕਰਦੇ ਹਨ। ਉਧਰ ਈਰਾਨ ਦੇ ਵਿਦੇਸ਼ ਮੰਤਰੀ ਹੁਸੈਨ ਅਮੀਰ-ਅਬਦੁੱਲਾਹੀਆਨ ਨੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਸੰਕੇਤ ਕੀਤਾ ਹੈ ਕਿ ਤੇਲ ਅਵੀਵ ਹਮਲੇ ਲਈ ਤਿਆਰ ਹੋ ਜਾਵੇ।
ਪਹਿਲਾਂ ਵੀ ਇਜ਼ਰਾਈਲ ਹੱਥੋਂ ਮਾਰੇ ਜਾ ਚੁਕੇ ਹਨ ਇਰਾਨੀ ਜਰਨੈਲ
ਇਸ ਤੋਂ ਪਹਿਲਾਂ ਇਸ ਮਹੀਨੇ ਦੀ ਸ਼ੁਰੂਆਤ ’ਚ ਸੀਰੀਆ ’ਚ ਇਜ਼ਰਾਇਲੀ ਹਵਾਈ ਹਮਲੇ ’ਚ ਦੋ ਹੋਰ ਜਨਰਲ ਵੀ ਮਾਰੇ ਗਏ ਸਨ। ਈਰਾਨ ਦੀ ਅਧਿਕਾਰਤ ਇਰਨਾ ਸਮਾਚਾਰ ਏਜੰਸੀ ਅਤੇ ਬਰਤਾਨੀਆਂ ਦੀ ਜੰਗ ਨਿਗਰਾਨੀ ਸੰਸਥਾ ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ ਨੇ ਕਿਹਾ ਕਿ ਇਜ਼ਰਾਈਲ ਨੇ ਇਹ ਹਮਲਾ ਇਕ ਸ਼ੀਆ ਮੁਸਲਿਮ ਮਸਜਿਦ ਦੇ ਨੇੜੇ ਸੈਦਾ ਜ਼ੈਨਾਬ ਇਲਾਕੇ ਵਿਚ ਕੀਤਾ।
ਇਰਨਾ ਨੇ ਮੌਸਾਵੀ ਨੂੰ ਈਰਾਨ ਦੇ ਜਨਰਲ ਕਾਸਿਮ ਸੁਲੇਮਾਨੀ ਦਾ ਕਰੀਬੀ ਦਸਿਆ, ਜੋ ਜਨਵਰੀ 2020 ਵਿਚ ਇਰਾਕ ਵਿਚ ਅਮਰੀਕੀ ਡਰੋਨ ਹਮਲੇ ਵਿਚ ਮਾਰਿਆ ਗਿਆ ਸੀ। ਇਜ਼ਰਾਈਲੀ ਫੌਜ ਅਤੇ ਸੀਰੀਆ ਦੇ ਸਰਕਾਰੀ ਮੀਡੀਆ ਨੇ ਹਮਲੇ ਬਾਰੇ ਕੋਈ ਬਿਆਨ ਨਹੀਂ ਦਿਤਾ ਹੈ। ਇਰਨਾ ਨਿਊਜ਼ ਏਜੰਸੀ ਨੇ ਵੀ ਹਮਲੇ ਬਾਰੇ ਕੋਈ ਹੋਰ ਵੇਰਵਾ ਨਹੀਂ ਦਿਤਾ। ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ ਨੇ ਕਿਹਾ ਕਿ ਮੌਸਾਵੀ ਨੂੰ ਇਜ਼ਰਾਇਲੀ ਬਲਾਂ ਨੇ ਇਲਾਕੇ ਦੇ ਇਕ ਫਾਰਮ ਵਿਚ ਦਾਖਲ ਹੋਣ ਤੋਂ ਬਾਅਦ ਨਿਸ਼ਾਨਾ ਬਣਾਇਆ। ਇਹ ਫਾਰਮ ਕਥਿਤ ਤੌਰ ’ਤੇ ਹਿਜ਼ਬੁੱਲਾ ਦੇ ਕਈ ਦਫਤਰਾਂ ਵਿਚੋਂ ਇਕ ਸੀ।