
MBBS student commits suicide: ਭਰਾ ਨੂੰ ਆਡੀਉ ਸੰਦੇਸ਼ ਭੇਜ ਕੇ ਡਾਕਟਰ ਬਣਨ ਲਈ ਕਿਹਾ
MBBS student commits suicide: ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਜ਼)-ਭੁਵਨੇਸ਼ਵਰ ’ਚ ਐਮਬੀਬੀਐਸ ਦੂਜੇ ਸਾਲ ਦੇ ਵਿਦਿਆਰਥੀ ਨੇ ਕਥਿਤ ਤੌਰ ’ਤੇ ਖ਼ੁਦਕੁਸ਼ੀ ਕਰ ਲਈ। ਪੁਲਿਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿਤੀ। ਉਨ੍ਹਾਂ ਦਸਿਆ ਕਿ ਅਸਾਮ ਦੇ ਡਿਬਰੂਗੜ੍ਹ ਦੇ ਰਹਿਣ ਵਾਲੇ ਰਤਨੇਸ਼ ਕੁਮਾਰ ਮਿਸ਼ਰਾ (21) ਦੀ ਲਾਸ਼ ਬੁਧਵਾਰ ਨੂੰ ਹੋਸਟਲ ਦੇ ਕਮਰੇ ’ਚ ਪੱਖੇ ਨਾਲ ਲਟਕਦੀ ਮਿਲੀ। ਪੁਲਿਸ ਨੂੰ ਸ਼ੱਕ ਹੈ ਕਿ ਮਿਸ਼ਰਾ ਨੇ ਪਰਵਾਰ ’ਚ ਆਰਥਕ ਤੰਗੀ ਕਾਰਨ ਖ਼ੁਦਕੁਸ਼ੀ ਕੀਤੀ ਹੈ।
ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਉਸਨੇ ਅਪਣੇ ਛੋਟੇ ਭਰਾ ਨੂੰ ਇਕ ਆਡੀਉ ਸੰਦੇਸ਼ ਭੇਜਿਆ ਸੀ, ਜਿਸ ਵਿਚ ਉਸਨੇ ਅਪਣੇ ਪਿਤਾ ਨੂੰ ਅਪਣੀ ਜ਼ਮੀਨ ਨਾ ਵੇਚਣ ਦੀ ਬੇਨਤੀ ਕੀਤੀ ਸੀ। ਉਸਨੇ ਅਪਣੇ ਭਰਾ ਨੂੰ ਡਾਕਟਰ ਬਣਨ ਅਤੇ ਅਸਾਮ ਵਿਚ ਰਹਿਣ ਲਈ ਵੀ ਕਿਹਾ। ਪੁਲਿਸ ਮੁਤਾਬਕ ਮਿਸ਼ਰਾ ਦੇ ਕਮਰੇ ’ਚੋਂ ਮਿਲੇ ਖ਼ੁਦਕੁਸ਼ੀ ਨੋਟ ’ਚ ਉਸ ਨੇ ਲਿਖਿਆ ਹੈ ਕਿ ਉਸ ਦੀ ਮੌਤ ਲਈ ਕੋਈ ਵੀ ਜ਼ਿੰਮੇਵਾਰ ਨਹੀਂ ਹੈ।
ਵੀਰਵਾਰ ਨੂੰ ਉਸ ਦੇ ਦੂਜੇ ਸਾਲ ਦੀਆਂ ਪ੍ਰੀਖਿਆਵਾਂ ਸ਼ੁਰੂ ਹੋਣੀਆਂ ਸਨ ਅਤੇ ਉਹ 10 ਦਿਨਾਂ ਦੀ ਛੁੱਟੀ ਤੋਂ ਬਾਅਦ ਮੰਗਲਵਾਰ ਨੂੰ ਘਰ ਤੋਂ ਕੈਂਪਸ ਪਰਤਿਆ। ਇਸ ਵਾਰ ਉਸ ਦੇ ਪਿਤਾ ਉਸ ਦੇ ਨਾਲ ਭੁਵਨੇਸ਼ਵਰ ਆਏ ਹੋਏ ਸਨ। ਮਿਸ਼ਰਾ ਨੇ ਬੁਧਵਾਰ ਨੂੰ ਅਪਣੇ ਪਿਤਾ ਨਾਲ ਪੁਰੀ ਜਾਣਾ ਸੀ, ਜੋ ਕੈਂਪਸ ਦੇ ਬਾਹਰ ਇਕ ਹੋਟਲ ’ਚ ਠਹਿਰੇ ਹੋਏ ਸਨ।
ਮਿਸ਼ਰਾ ਦੇ ਪਿਤਾ ਨੇ ਪੱਤਰਕਾਰਾਂ ਨੂੰ ਦਸਿਆ ਕਿ ਉਨ੍ਹਾਂ ਨੇ ਸਵੇਰੇ ਅਪਣੇ ਬੇਟੇ ਨਾਲ ਗੱਲ ਕੀਤੀ ਸੀ ਪਰ ਬਾਅਦ ’ਚ ਉਨ੍ਹਾਂ ਦੇ ਮੋਬਾਈਲ ’ਤੇ ਸੰਪਰਕ ਨਹੀਂ ਹੋ ਸਕਿਆ। ਜਦੋਂ ਵਾਰ-ਵਾਰ ਫ਼ੋਨ ਕਰਨ ’ਤੇ ਕੋਈ ਜਵਾਬ ਨਾ ਮਿਲਿਆ ਤਾਂ ਉਹ ਉਸ ਦੇ ਹੋਸਟਲ ਪਹੁੰਚਿਆ ਅਤੇ ਦੇਖਿਆ ਕਿ ਦਰਵਾਜ਼ਾ ਅੰਦਰੋਂ ਬੰਦ ਸੀ।
ਵਾਰ-ਵਾਰ ਫ਼ੋਨ ਕਰਨ ਦੇ ਬਾਵਜੂਦ ਕੋਈ ਜਵਾਬ ਨਾ ਮਿਲਣ ’ਤੇ ਪਿਤਾ ਕੁਝ ਵਿਦਿਆਰਥੀਆਂ ਦੇ ਨਾਲ ਉਸ ਕਮਰੇ ’ਚ ਦਾਖ਼ਲ ਹੋਏ ਜਿੱਥੇ ਮਿਸ਼ਰਾ ਦੀ ਲਾਸ਼ ਪਈ ਸੀ।
ਪੁਲਿਸ ਨੇ ਦਸਿਆ ਕਿ ਮਿਸ਼ਰਾ ਨੂੰ ਤੁਰਤ ਹਸਪਤਾਲ ਦੇ ਐਮਰਜੈਂਸੀ ਰੂਮ ’ਚ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿਤਾ ਗਿਆ।
ਏਮਜ਼-ਭੁਵਨੇਸ਼ਵਰ ਦੇ ਡਾਇਰੈਕਟਰ ਆਸ਼ੂਤੋਸ਼ ਬਿਸਵਾਸ ਬਾਅਦ ਵਿਚ ਹੋਸਟਲ ਦੇ ਕਮਰੇ ਵਿਚ ਪਹੁੰਚੇ ਜਿੱਥੇ ਮਿਸ਼ਰਾ ਨੇ ਖ਼ੁਦਕੁਸ਼ੀ ਕਰ ਲਈ ਸੀ। ਪੁਲਿਸ ਨੇ ਦਸਿਆ ਕਿ ਖੰਡਾਗਿਰੀ ਪੁਲਿਸ ਸਟੇਸ਼ਨ ’ਚ ਗ਼ੈਰ-ਕੁਦਰਤੀ ਮੌਤ ਦਾ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿਤੀ ਗਈ ਹੈ।