ਉਨਾਓ ਜਬਰ ਜਨਾਹ ਮਾਮਲਾ
ਨਵੀਂ ਦਿੱਲੀ: ਉਨਾਓ ਜਬਰ ਜਨਾਹ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਪ੍ਰਾਪਤ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸਾਬਕਾ ਵਿਧਾਇਕ ਕੁਲਦੀਪ ਸੇਂਗਰ ਨੂੰ ਦਿੱਲੀ ਹਾਈ ਕੋਰਟ ਤੋਂ ਸਜ਼ਾ ਦੀ ਮੁਅੱਤਲੀ ਅਤੇ ਜ਼ਮਾਨਤ ਦੇਣ ਵਿਰੁਧ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਸੁਪਰੀਮ ਕੋਰਟ ਵਿਚ ਅਪੀਲ ਦਾਇਰ ਕੀਤੀ ਹੈ। ਦਿੱਲੀ ਹਾਈ ਕੋਰਟ ਨੇ ਮੰਗਲਵਾਰ ਨੂੰ ਸੇਂਗਰ ਨੂੰ ਦਸੰਬਰ 2019 ’ਚ ਹੇਠਲੀ ਅਦਾਲਤ ਵਲੋਂ ਦੋਸ਼ੀ ਠਹਿਰਾਏ ਜਾਣ ਵਿਰੁਧ ਅਪੀਲ ਦੇ ਨਿਪਟਾਰੇ ਤਕ ਜ਼ਮਾਨਤ ਉਤੇ ਰਿਹਾਅ ਕਰਨ ਦਾ ਹੁਕਮ ਦਿਤਾ ਸੀ। ਇਸ ਮਾਮਲੇ ਵਿਚ ਸੇਂਗਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਹਾਲਾਂਕਿ, ਸੇਂਗਰ ਜੇਲ ਵਿਚ ਰਹੇਗਾ ਕਿਉਂਕਿ ਉਹ ਪੀੜਤਾ ਦੇ ਪਿਤਾ ਦੀ ਹਿਰਾਸਤ ਵਿਚ ਮੌਤ ਦੇ ਮਾਮਲੇ ਵਿਚ 10 ਸਾਲ ਦੀ ਸਜ਼ਾ ਕੱਟ ਰਿਹਾ ਹੈ ਅਤੇ ਉਸ ਮਾਮਲੇ ਵਿਚ ਉਸ ਨੂੰ ਜ਼ਮਾਨਤ ਨਹੀਂ ਦਿਤੀ ਗਈ ਹੈ।
ਸੇਂਗਰ ਦੀ ਸਜ਼ਾ ਮੁਅੱਤਲ ਕਰਨ ਵਿਰੁਧ ਦਿੱਲੀ ਹਾਈ ਕੋਰਟ ਦੇ ਬਾਹਰ ਪ੍ਰਦਰਸ਼ਨ
ਉਨਾਓ ਜਬਰ ਜਨਾਹ ਪੀੜਤਾ ਦੀ ਮਾਂ ਸਮੇਤ ਮਹਿਲਾ ਕਾਰਕੁਨਾਂ ਅਤੇ ਸਮਾਜਕ ਸੰਗਠਨਾਂ ਨੇ ਸ਼ੁਕਰਵਾਰ ਨੂੰ ਦਿੱਲੀ ਹਾਈ ਕੋਰਟ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ। ਇਹ ਵਿਰੋਧ ਪ੍ਰਦਰਸ਼ਨ ਹਾਈ ਕੋਰਟ ਵਲੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸਾਬਕਾ ਵਿਧਾਇਕ ਕੁਲਦੀਪ ਸੇਂਗਰ ਦੀ ਸਜ਼ਾ ਨੂੰ ਮੁਅੱਤਲ ਕਰਨ ਦੇ ਕੁੱਝ ਦਿਨਾਂ ਬਾਅਦ ਹੋਇਆ ਹੈ।
ਪ੍ਰਦਰਸ਼ਨਕਾਰੀਆਂ ਨੇ ਤਖਤੀਆਂ ਫੜੀਆਂ ਹੋਈਆਂ ਸਨ ਅਤੇ ਉਨਾਓ ਜਬਰ ਜਨਾਹ ਪੀੜਤਾ ਦੇ ਸਮਰਥਨ ਵਿਚ ‘ਜਬਰ ਜਨਾਹੀਆਂ ਦੀ ਸਰਪ੍ਰਸਤੀ ਬੰਦ ਕਰੋ‘ ਦੇ ਨਾਅਰੇ ਲਗਾਏ। ਆਲ ਇੰਡੀਆ ਡੈਮੋਕ੍ਰੇਟਿਕ ਵੂਮੈਨ ਕਮੇਟੀ (ਏ.ਆਈ.ਡੀ.ਡਬਲਿਊ.ਏ.) ਦੇ ਕਾਰਕੁਨਾਂ ਨੇ ਸਮਾਜਕ ਕਾਰਕੁਨ ਯੋਗਿਤਾ ਭਯਾਨਾ ਅਤੇ ਪੀੜਤਾ ਦੀ ਮਾਂ ਦੇ ਨਾਲ ਵਿਰੋਧ ਪ੍ਰਦਰਸ਼ਨ ਵਿਚ ਹਿੱਸਾ ਲਿਆ।
ਪੀੜਤਾ ਦੀ ਮਾਂ ਨੇ ਦਸਿਆ ਕਿ ਉਹ ਇੱਥੇ ਅਪਣੀ ਧੀ ਨਾਲ ਹੋਏ ਬੇਇਨਸਾਫੀ ਦੇ ਵਿਰੋਧ ਵਿਚ ਆਈ ਸੀ। ਉਨ੍ਹਾਂ ਕਿਹਾ, ‘‘ਮੈਂ ਪੂਰੀ ਹਾਈ ਕੋਰਟ ਨੂੰ ਦੋਸ਼ੀ ਨਹੀਂ ਠਹਿਰਾਉਂਦੀ ਪਰ ਦੋਹਾਂ ਜੱਜਾਂ ਦੇ ਫੈਸਲੇ ਨੇ ਸਾਡਾ ਭਰੋਸਾ ਤੋੜ ਦਿਤਾ ਹੈ ਅਤੇ ਮੈਨੂੰ ਡੂੰਘਾ ਦੁੱਖ ਪਹੁੰਚਿਆ ਹੈ।’’ ਉਨ੍ਹਾਂ ਕਿਹਾ ਕਿ ਪਹਿਲਾਂ ਜੱਜਾਂ ਨੇ ਉਸ ਦੇ ਪਰਵਾਰ ਨੂੰ ਇਨਸਾਫ ਦਿਤਾ ਸੀ ਪਰ ਹੁਣ ਮੁਲਜ਼ਮ ਨੂੰ ਜ਼ਮਾਨਤ ਮਿਲ ਗਈ ਹੈ।
ਪੀੜਤਾ ਦੀ ਮਾਂ ਨੇ ਕਿਹਾ, ‘‘ਇਹ ਸਾਡੇ ਪਰਵਾਰ ਨਾਲ ਬੇਇਨਸਾਫੀ ਹੈ। ਅਸੀਂ ਸੁਪਰੀਮ ਕੋਰਟ ਪਹੁੰਚ ਕਰਾਂਗੇ, ਮੈਨੂੰ ਇਸ ਉਤੇ ਪੂਰਾ ਭਰੋਸਾ ਹੈ।’’ ਦਿੱਲੀ ਹਾਈ ਕੋਰਟ ਨੇ ਮੰਗਲਵਾਰ ਨੂੰ ਸੇਂਗਰ ਨੂੰ ਦਸੰਬਰ 2019 ’ਚ ਹੇਠਲੀ ਅਦਾਲਤ ਵਲੋਂ ਦੋਸ਼ੀ ਠਹਿਰਾਏ ਜਾਣ ਵਿਰੁਧ ਅਪੀਲ ਦੇ ਨਿਪਟਾਰੇ ਤਕ ਜ਼ਮਾਨਤ ਉਤੇ ਰਿਹਾਅ ਕਰਨ ਦਾ ਹੁਕਮ ਦਿਤਾ ਸੀ। ਇਸ ਮਾਮਲੇ ਵਿਚ ਸੇਂਗਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਹਾਲਾਂਕਿ, ਸੇਂਗਰ ਜੇਲ ਵਿਚ ਰਹੇਗਾ ਕਿਉਂਕਿ ਉਹ ਪੀੜਤਾ ਦੇ ਪਿਤਾ ਦੀ ਹਿਰਾਸਤ ਵਿਚ ਮੌਤ ਦੇ ਮਾਮਲੇ ਵਿਚ 10 ਸਾਲ ਦੀ ਸਜ਼ਾ ਕੱਟ ਰਿਹਾ ਹੈ ਅਤੇ ਉਸ ਮਾਮਲੇ ਵਿਚ ਉਸ ਨੂੰ ਜ਼ਮਾਨਤ ਨਹੀਂ ਦਿਤੀ ਗਈ ਹੈ। (ਪੀਟੀਆਈ)
ਡਰਾਂਗੇ ਨਹੀਂ, ਸੁਪਰੀਮ ਕੋਰਟ ਉਤੇ ਭਰੋਸਾ ਹੈ : ਉਨਾਓ ਜਬਰ ਜਨਾਹ ਪੀੜਤਾ
ਉਨਾਓ ਜਬਰ ਜਨਾਹ ਪੀੜਤਾ ਨੇ ਸ਼ੁਕਰਵਾਰ ਨੂੰ ਕਿਹਾ ਕਿ ਦੋਸ਼ੀ ਕੁਲਦੀਪ ਸੇਂਗਰ ਦੀ ਉਮਰ ਕੈਦ ਮੁਅੱਤਲ ਕੀਤੇ ਜਾਣ ਤੋਂ ਉਹ ਡਰੇਗੀ ਨਹੀਂ ਅਤੇ ਜ਼ੋਰ ਦੇ ਕੇ ਕਿਹਾ ਕਿ ਉਸ ਨੂੰ ਸੁਪਰੀਮ ਕੋਰਟ ’ਚ ‘ਅੰਨ੍ਹਾ ਵਿਸ਼ਵਾਸ’ ਹੈ ਅਤੇ ਉਹ ਨਿਆਂ ਲਈ ਪਹੁੰਚ ਕਰੇਗੀ। ਇਕ ਗੱਲਬਾਤ ਦੌਰਾਨ ਪੀੜਤਾ ਨੇ ਕਿਹਾ ਕਿ ਉਹ ਹਾਈ ਕੋਰਟ ਦੇ ਬਾਹਰ ਪ੍ਰਦਰਸ਼ਨ ਵਿਚ ਦੇਸ਼ ਦੀਆਂ ਔਰਤਾਂ ਨੂੰ ਭੇਜੇ ਜਾ ਰਹੇ ਸੰਦੇਸ਼ ਉਤੇ ਜਨਤਕ ਤੌਰ ਉਤੇ ਸਵਾਲ ਚੁੱਕਣ ਲਈ ਗਈ ਸੀ। ਇਕ ਨਾਗਰਿਕ ਹੋਣ ਦੇ ਨਾਤੇ ਸਵਾਲ ਉਠਾਉਣ ਦੇ ਅਪਣੇ ਅਧਿਕਾਰ ਉਤੇ ਜ਼ੋਰ ਦਿੰਦੇ ਹੋਏ ਉਨ੍ਹਾਂ ਕਿਹਾ, ‘‘ਇਹ ਸਵਾਲ ਪੁੱਛਣਾ ਮੇਰਾ ਅਧਿਕਾਰ ਅਤੇ ਜਨਤਾ ਦਾ ਅਧਿਕਾਰ ਹੈ। ਹਰ ਜੱਜ ਇਸ ਤਰ੍ਹਾਂ ਦਾ ਨਹੀਂ ਹੁੰਦਾ।’’
ਪੀੜਤ ਨੇ ਕਿਹਾ ਕਿ ਜ਼ਮਾਨਤ ਦੇ ਹੁਕਮ ਨੇ ਉਸ ਦੇ ਪਰਵਾਰ ਦੀ ਸੁਰੱਖਿਆ ਅਤੇ ਰੋਜ਼ੀ-ਰੋਟੀ ਨੂੰ ਖਤਰੇ ਵਿਚ ਪਾ ਦਿਤਾ ਹੈ। ਉਨ੍ਹਾਂ ਕਿਹਾ, ‘‘ਇਸ ਹੁਕਮ ਨੇ ਮੈਨੂੰ ਅਤੇ ਮੇਰੇ ਵਰਗੀਆਂ ਬਹੁਤ ਸਾਰੀਆਂ ਔਰਤਾਂ ਨੂੰ ਪਿੰਜਰੇ ਵਿਚ ਬੰਦ ਕਰ ਦਿਤਾ ਹੈ। ਇਹ ਮੇਰੇ ਪਰਵਾਰ ਲਈ ਖ਼ਤਰਾ ਹੈ। ਮੇਰੇ ਪਤੀ ਨੇ ਵੀ ਅਪਣੀ ਨੌਕਰੀ ਗੁਆ ਦਿਤੀ ਹੈ। ਅਸੀਂ ਕੀ ਕਰੀਏ?’’ ਸੁਪਰੀਮ ਕੋਰਟ ਉਤੇ ਭਰੋਸਾ ਜ਼ਾਹਰ ਕਰਦਿਆਂ ਪੀੜਤਾ ਨੇ ਕਿਹਾ ਕਿ ਉਹ ਇਸ ਹੁਕਮ ਨੂੰ ਚੁਨੌਤੀ ਦੇਵੇਗੀ।
