
ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ 'ਤੇ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦਾ ਬਿਆਨ
ਨਵੀਂ ਦਿੱਲੀ: ਗਣਤੰਤਰ ਦਿਵਸ ਮੌਕੇ ਕਿਸਾਨ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਤੋਂ ਬਾਅਦ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਮੌਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਲਾਲ ਕਿਲ੍ਹੇ ‘ਤੇ ਹੋਈ ਘਟਨਾ ਲਈ ਦੀਪ ਸਿੱਧੂ ਨੂੰ ਜ਼ਿੰਮੇਵਾਰ ਦੱਸਿਆ ਹੈ।
Sarwan Singh Pandher
ਉਹਨਾਂ ਕਿਹਾ ਕਿ ਇਸ ਹਿੰਸਾ ਲਈ ਦੀਪ ਸਿੱਧੂ ਜਿੰਮੇਵਾਰ ਹੈ ਅਤੇ ਇਸ ਘਟਨਾ ਨਾਲ ਸਾਡਾ ਕੋਈ ਵਾਹ ਵਾਸਤਾ ਨਹੀਂ। ਉਹਨਾਂ ਕਿਹਾ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਦੀਪ ਸਿੱਧੂ ਤੇ ਲੱਖਾ ਸਿਧਾਣਾ ਨਾਲ ਕੋਈ ਸਬੰਧ ਨਹੀਂ ਹੈ। ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਅਸੀਂ ਤੈਅ ਕੀਤਾ ਸੀ ਕਿ ਅਸੀਂ ਰਿੰਗ ਰੋਡ ‘ਤੇ ਟਰੈਕਟਰ ਪਰੇਡ ਕਰਾਂਗੇ ਤੇ ਪਰੇਡ ਤੋਂ ਬਾਅਦ ਵਾਪਸ ਆਵਾਂਗੇ।
Red fort
ਉਹਨਾਂ ਕਿਹਾ ਸਾਡਾ ਲਾਲ ਕਿਲ੍ਹੇ ‘ਤੇ ਜਾਣ ਦਾ ਕੋਈ ਪ੍ਰੋਗਰਾਮ ਨਹੀਂ ਸੀ। ਸਰਵਣ ਸਿੰਘ ਪੰਧੇਰ ਨੇ ਲਾਲ ਕਿਲ੍ਹੇ ‘ਤੇ ਵਾਪਰੇ ਘਟਨਾਕ੍ਰਮ ਦੀ ਨਿੰਦਾ ਕੀਤੀ। ਦੀਪ ਸਿੱਧੂ ਬਾਰੇ ਬੋਲਦਿਆਂ ਕਿਸਾਨ ਆਗੂ ਨੇ ਕਿਹਾ ਕਿ ਉਹ ਐਕਟਰ ਹੈ ਤੇ ਉਸ ਤੋਂ ਪਹਿਲਾਂ ਹੀ ਇਲ਼ਜ਼ਾਮ ਲੱਗਦੇ ਰਹੇ ਹਨ। ਇਸ ਦੌਰਾਨ ਉਹਨਾਂ ਨੇ ਦੀਪ ਸਿੱਧੂ ਦੀਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਸੰਨੀ ਦਿਓਲ ਨਾਲ ਫੋਟੋਆਂ ਮੀਡੀਆ ਨਾਲ ਸ਼ੇਅਰ ਕੀਤੀਆਂ।
Deep sidhu
ਪੰਧੇਰ ਨੇ ਕਿਹਾ ਕਿ ਦੀਪ ਸਿੱਧੂ ਏਜੰਸੀਆਂ ਦਾ ਏਜੰਟ ਹੈ ਤੇ ਉਸ ਦੀ ਰਣਨੀਤੀ ਪਹਿਲਾਂ ਤੋਂ ਹੀ ਤੈਅ ਸੀ। ਉਹਨਾਂ ਕਿਹਾ ਇਸ ਦੌਰਾਨ ਆਮ ਲੋਕਾਂ ਨੂੰ ਵਰਗਲਾਇਆ ਗਿਆ। ਉਹਨਾਂ ਕਿਹਾ ਕਿ ਦੀਪ ਸਿੱਧੂ ਕਾਰਨ ਕਿਸਾਨ ਅੰਦੋਲਨ ਵਿਚੋਂ 0.1 ਫੀਸਦੀ ਕਿਸਾਨ ਲਾਲ ਕਿਲੇ ‘ਤੇ ਗਏ, ਇਸ ਨਾਲ ਅੰਦੋਲਨ ਦਾ ਮਾਹੌਲ ਖਰਾਬ ਹੋਇਆ ਹੈ।
Sarwan Singh Pandher
ਪ੍ਰੈੱਸ ਕਾਨਫਰੰਸ ਦੌਰਾਨ ਇਕ ਹੋਰ ਕਿਸਾਨ ਆਗੂ ਸਤਨਾਮ ਸਿੰਘ ਪੰਨੂ ਨੇ ਕਿਹਾ ਕਿ ਜੋ ਦੀਪ ਸਿੱਧੂ ਨੇ ਕੀਤਾ ਉਸ ਨੂੰ ਲੋਕਾਂ ਨੇ ਚੰਗੀ ਤਰ੍ਹਾਂ ਦੇਖਿਆ ਹੈ। ਉਹਨਾਂ ਸਫਾਈ ਦਿੱਤੀ ਕਿ ਕਰਨਾਲ ਬਾਈਪਾਸ 'ਤੇ ਲੱਖਾ ਸਿਧਾਣਾ ਸਾਡੀ ਜੀਪ ਵਿਚ ਨਹੀਂ ਸੀ। ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਪਹਿਲਾਂ ਦੀ ਤਰ੍ਹਾਂ ਜਾਰੀ ਰਹੇਗਾ।