
26 ਜਨਵਰੀ ਦੀ ਟਰੈਕਟਰ ਪਰੇਡ ਤੋਂ ਬਾਅਦ ਕਿਸਾਨ ਜਥੇਬੰਦੀ ਦੇ ਆਗੂ ਪ੍ਰੇਮ ਸਿੰਘ ਭੰਗੂ...
ਨਵੀਂ ਦਿੱਲੀ: 26 ਜਨਵਰੀ ਦੀ ਟਰੈਕਟਰ ਪਰੇਡ ਤੋਂ ਬਾਅਦ ਕਿਸਾਨ ਜਥੇਬੰਦੀ ਦੇ ਆਗੂ ਪ੍ਰੇਮ ਸਿੰਘ ਭੰਗੂ ਨੇ ਅੱਜ ਕਿਸਾਨੀ ਸਟੇਜ ਤੋਂ ਲੋਕਾਂ ਨੂੰ ਸੰਬੰਧਿਤ ਕੀਤਾ, ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ 26 ਜਨਵਰੀ ਦੇ ਦਿਨ ਨੂੰ ਅਸੀਂ ਬੇਸਬਰੀ ਨਾਲ ਉਡੀਕ ਰਹੇ ਸੀ, ਜਿਵੇਂ ਪੂਰੇ ਪੰਜਾਬ ਦੇ ਸਾਰੇ ਪਿੰਡਾਂ ਵਿਚ 26 ਜਨਵਰੀ ਦੀਆਂ ਤਿਆਰੀਆਂ ਚਲ ਰਹੀਆਂ ਸਨ ਤਾਂ ਦੂਜੇ ਪਾਸੇ ਸਰਕਾਰ ਵੀ ਬਹੁਤ ਵੱਡੀ ਕਿਸਾਨਾਂ ਖਿਲਾਫ਼ ਤਿਆਰੀ ਕਰ ਰਹੀ ਸੀ ਤੇ ਜਿਸਦਾ ਨਤੀਜਾ ਅਸੀਂ ਕੱਲ੍ਹ ਲਾਲ ਕਿਲੇ ‘ਤੇ ਦੇਖ ਚੁੱਕੇ ਹਾਂ।
ਉਨ੍ਹਾਂ ਕਿਹਾ ਕਿ 22 ਜਨਵਰੀ ਨੂੰ ਸਾਡੀ ਸਰਕਾਰ ਨਾਲ ਗੱਲਬਾਤ ਹੋ ਰਹੀ ਸੀ, ਸਰਕਾਰ ਵੱਲੋਂ ਇਕ-ਇਕ ਦਲੀਲ ਤੋਂ ਭੱਜਿਆ ਜਾ ਰਿਹਾ ਸੀ ਤਾਂ ਸਰਕਾਰ ਨੇ ਕਿਹਾ ਕਿ ਤੁਸੀਂ 26 ਜਨਵਰੀ ਦੀ ਰੈਲੀ ਦੀ ਤਿਆਰੀ ਕਰੋ ਅਤੇ ਸਰਕਾਰ ਅਪਣੀ ਤਿਆਰੀ ਕਰੇਗੀ ਜਿਸਦਾ ਨਤੀਜਾ ਕੱਲ੍ਹ ਤੁਹਾਡੇ ਸਾਹਮਣੇ ਆ ਚੁੱਕਾ ਹੈ ਪਰ ਇਸ ਇਮਤਿਹਾਨ ਵਿਚ ਕਿਸਾਨ ਆਗੂਆਂ, ਨੌਜਵਾਨ, ਭੈਣਾਂ , ਬੀਬੀਆਂ ਨੇ ਫ਼ਤਿਹ ਹਾਸਲ ਕੀਤੀ ਹੈ।
Red fort
ਪ੍ਰੇਮ ਸਿੰਘ ਨੇ ਕਿਹਾ ਕਿ ਕੇਂਦਰ ਦੀ ਜਾਬਰ ਸਰਕਾਰ ਅਤੇ ਉਸਦੀਆਂ ਪਿੱਠੂ ਜਥੇਬੰਦੀਆਂ ਦੀ ਹਾਰ ਹੋਈ ਹੈ ਅਤੇ ਤੁਹਾਡੇ ਵਿਚ ਬੈਠੇ ਲੋਕ ਵੀ ਬੇਨਕਾਬ ਹੋ ਗਏ ਹਨ। ਰੂਸ ਇਨਕਲਾਬ ਦੇ ਮੋਢੀ ਨੇ ਕਿਹਾ ਸੀ ਕਿ ਜੇਕਰ ਆਪਣੇ ਅੰਦਰ ਬੈਠੇ ਦੁਸ਼ਮਣਾਂ ਨੂੰ ਤੁਸੀਂ ਨਹੀਂ ਪਛਾਣਿਆ ਤਾਂ ਉਹ ਬਾਹਰਲੇ ਦੁਸ਼ਮਣਾਂ ਤੋਂ ਵੀ ਘਾਤਕ ਸਾਬਤ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਬਾਹਰਲਾ ਦੁਸ਼ਮਣ ਸਾਡਾ ਸਰਕਾਰ ਸੀ ਉਨ੍ਹਾਂ ਦਾ ਸਾਨੂੰ ਪਹਿਲਾਂ ਤੋ ਹੀ ਪਤਾ ਸੀ ਪਰ ਅੰਦਰਲੇ ਦੁਸ਼ਮਣ ਸਾਡੇ ਲਾਲ ਕਿਲੇ ਦੀ ਘਟਨਾ ਨੂੰ ਅੰਜ਼ਾਮ ਦੇ ਚੁੱਕੇ ਹਨ।
Farmers
ਪ੍ਰੇਮ ਸਿੰਘ ਨੇ ਕਿਹਾ ਕਿ ਇਹ ਘਟਨਾ ਸਰਕਾਰ ਵੱਲੋਂ ਹੀ ਕਰਵਾਈ ਗਈ ਕਿਉਂਕਿ ਸਰਕਾਰ ਨੇ ਲਾਲ ਕਿਲੇ ਦੀ ਰਾਖੀ ਕਰਨ ਦੀ ਬਜਾਏ ਦੇਸ਼ ਵਿਰੋਧੀ ਤਾਕਤਾਂ ਦੇ ਹੱਥਾਂ ਵਿਚ ਦਿੱਤਾ ਸੀ, ਕਿਸਾਨ ਅੰਦੋਲਨ ਵਿਰੁੱਧ ਇਸਤੋਂ ਵੱਡੀ ਸਾਜਿਸ਼ ਹੋਰ ਕੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਇਹ ਕਿਆਸ ਲਗਾਏ ਜਾ ਰਹੇ ਸੀ ਕਿ 26 ਜਨਵਰੀ ਤੋਂ ਬਾਅਦ ਕਿਸਾਨ ਆਪਣੇ ਘਰਾਂ ਨੂੰ ਵਾਪਸ ਪਰਤ ਜਾਣਗੇ ਪਰ ਇਸ ਅੰਦੋਲਨ ਵਿਚ ਠਾਠਾਂ ਮਾਰਦੇ ਇਕੱਠ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਕਿਸਾਨ ਜਥੇਬੰਦੀਆਂ ਦੀ ਰਹਿਨੁਮਾਈ ਹੇਠ ਇਹ ਸ਼ਾਂਤਮਈ ਅੰਦੋਲਨ ਨੂੰ ਬੁਲੰਦ ਕਰ ਰਹੇ ਹਨ।