ਇਪੋਰਟਿਡ ਲਗਜ਼ਰੀ ਕਾਰਾਂ 'ਤੇ ਟੈਰਿਫ 110 ਫ਼ੀਸਦੀ ਤੋਂ ਘਟਾ ਕੇ 10 ਫ਼ੀਸਦੀ ਕੀਤਾ
ਨਵੀਂ ਦਿੱਲੀ : ਭਾਰਤ ਅਤੇ ਯੂਰਪੀਅਨ ਯੂਨੀਅਨ ਦਰਮਿਆਨ ਫਰੀ ਵਪਾਰ ਸਮਝੌਤਾ ਹੋ ਗਿਆ ਹੈ। ਇਸ ਸਬੰਧੀ ਐਲਾਨ 16ਵੇਂ ਭਾਰਤ-ਯੂਰਪੀ ਸੰਮੇਲਨ ਦੌਰਾਨ ਕੀਤਾ ਗਿਆ, ਜਿਸ ਦੀ ਸਹਿ-ਪ੍ਰਧਾਨਗੀ ਯੂਰਪੀਅਨ ਕੌਂਸਲ ਦੇ ਪ੍ਰਧਾਨ ਐਂਟੋਨੀਓ ਲੁਈਸ ਸੈਂਟੋਸ ਡੀਕੋਸਟਾ ਅਤੇ ਯੂਰਪੀਅਨ ਕਮਿਸ਼ਨ ਦੇ ਪ੍ਰਧਾਨ ਉਰਸੁਲਾ ਵਾਨ ਡੇਰ ਲੇਅਨ ਨੇ ਕੀਤੀ। ਦੋਵੇਂ ਆਗੂ ਇਸ ਸਮੇਂ ਭਾਰਤ ਦੌਰੇ 'ਤੇ ਹਨ ਅਤੇ ਉਨ੍ਹਾਂ ਬੀਤੇ ਕੱਲ੍ਹ ਮੁੱਖ ਮਹਿਮਾਨਾਂ ਵਜੋਂ 77ਵੇਂ ਗਣਤੰਤਰ ਦਿਵਸ ਸਮਾਰੋਹ ਵਿੱਚ ਸ਼ਿਰਕਤ ਕੀਤੀ ਸੀ। ਇਹ ਸਮਝੌਤਾ ਵਪਾਰ, ਸੁਰੱਖਿਆ ਅਤੇ ਸਾਫ਼ ਊਰਜਾ ਵਰਗੇ ਖੇਤਰਾਂ ਵਿੱਚ ਸਹਿਯੋਗ ਨੂੰ ਮਜ਼ਬੂਤ ਕਰੇਗਾ।
ਸਮਾਗਮ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਐਲਾਨ ਕੀਤਾ ਕਿ ਭਾਰਤ ਅਤੇ ਯੂਰਪੀਅਨ ਯੂਨੀਅਨ ਦਰਮਿਆਨ ਫਰੀ ਵਪਾਰ ਸਮਝੌਤੇ 'ਤੇ ਸਹਿਮਤੀ ਬਣ ਗਈ ਹੈ। ਉਨ੍ਹਾਂ ਕਿਹਾ ਕਿ ਇਸ ਸਮਝੌਤੇ ਦੀ ਚਰਚਾ ਦੁਨੀਆ ਭਰ ਵਿੱਚ ‘ਮਦਰ ਆਫ਼ ਡੀਲ’ ਦੇ ਨਾਮ ਵਜੋਂ ਹੋ ਰਹੀ ਹੈ।
ਯੂਰਪੀਅਨ ਕੌਂਸਲ ਦੇ ਪ੍ਰਧਾਨ ਐਂਟੋਨੀਓ ਕੋਸਟਾ ਨੇ ਆਪਣੇ ਆਪ ਨੂੰ ਇੱਕ ਭਾਰਤੀ ਪ੍ਰਵਾਸੀ ਦੱਸਿਆ । ਉਨ੍ਹਾਂ ਕਿਹਾ ਕਿ ਕੱਲ੍ਹ ਸਾਨੂੰ ਭਾਰਤ ਦੇ ਗਣਤੰਤਰ ਦਿਵਸ ਦੇ ਸਮਾਰੋਹ ਵਿੱਚ ਮੁੱਖ ਮਹਿਮਾਨ ਬਣਨ ਦਾ ਸੁਭਾਗ ਪ੍ਰਾਪਤ ਹੋਇਆ। ਇਹ ਭਾਰਤ ਦੀ ਵਿਭਿੰਨਤਾ ਦਾ ਸੱਚਮੁੱਚ ਪ੍ਰਭਾਵਸ਼ਾਲੀ ਪ੍ਰਦਰਸ਼ਨ ਸੀ । ਅੱਜ ਇੱਕ ਇਤਿਹਾਸਕ ਦਿਨ ਵੀ ਹੈ । ਅੱਜ ਅਸੀਂ ਆਪਣੇ ਸਬੰਧਾਂ ਵਿੱਚ ਇੱਕ ਨਵਾਂ ਅਧਿਆਇ ਖੋਲ੍ਹ ਰਹੇ ਹਾਂ, ਜੋ ਵਪਾਰ, ਸੁਰੱਖਿਆ ਅਤੇ ਲੋਕਾਂ-ਤੋਂ-ਲੋਕਾਂ ਦੇ ਸਬੰਧਾਂ 'ਤੇ ਕੇਂਦਰਤ ਹੈ।
ਕੋਸਟਾ ਨੇ ਕਿਹਾ ਕਿ ਮੈਂ ਯੂਰਪੀਅਨ ਕੌਂਸਲ ਦਾ ਪ੍ਰਧਾਨ ਹਾਂ, ਪਰ ਮੈਂ ਇੱਕ ਵਿਦੇਸ਼ੀ ਭਾਰਤੀ ਨਾਗਰਿਕ ਵੀ ਹਾਂ। ਇਸ ਲਈ ਜਿਵੇਂ ਕਿ ਤੁਸੀਂ ਸਮਝ ਸਕਦੇ ਹੋ, ਇਸ ਦਾ ਮੇਰੇ ਲਈ ਇੱਕ ਵਿਸ਼ੇਸ਼ ਭਾਵਨਾਤਮਕ ਅਰਥ ਹੈ। ਮੈਨੂੰ ਆਪਣੀ ਗੋਆ ਪਛਾਣ 'ਤੇ ਬਹੁਤ ਮਾਣ ਹੈ, ਜਿੱਥੋਂ ਮੇਰੇ ਪਿਤਾ ਦਾ ਪਰਿਵਾਰ ਆਉਂਦਾ ਹੈ। ਯੂਰਪ ਅਤੇ ਭਾਰਤ ਵਿਚਕਾਰ ਸਬੰਧ ਸਿਰਫ਼ ਅਧਿਕਾਰਤ ਨਹੀਂ ਸਗੋਂ ਮੇਰੇ ਲਈ ਨਿੱਜੀ ਵੀ ਹਨ।
