
ਯਾਤਰੀ ਹੁਣ ਬਿਨਾਂ ਕਿਸੇ ਪਾਬੰਦੀ ਦੇ ਮੈਟਰੋ ਵਿਚ ਸਫ਼ਰ ਕਰ ਸਕਣਗੇ
ਨਵੀਂ ਦਿੱਲੀ - ਕੋਵਿਡ-19 ਦੇ ਮਾਮਲਿਆਂ ਵਿਚ ਆਈ ਗਿਰਾਵਟ ਦੇ ਮੱਦੇਨਜ਼ਰ ਸਾਰੀਆਂ ਪਾਬੰਦੀਆਂ ਵਿਚ ਢਿੱਲ ਦੇ ਕੇ, ਦਿੱਲੀ ਮੈਟਰੋ ਨੇ ਸੋਮਵਾਰ ਤੋਂ ਯਾਤਰੀਆਂ ਨੂੰ ਖੜ੍ਹੇ ਹੋ ਕੇ ਰੇਲ ਗੱਡੀਆਂ ਵਿਚ ਸਫ਼ਰ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਸ਼ੁੱਕਰਵਾਰ ਨੂੰ ਹੋਈ ਦਿੱਲੀ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ (ਡੀਡੀਐੱਮਏ) ਦੀ ਬੈਠਕ 'ਚ ਫੈਸਲਾ ਲਿਆ ਗਿਆ ਕਿ ਸੋਮਵਾਰ ਤੋਂ ਸਾਰੀਆਂ ਪਾਬੰਦੀਆਂ ਹਟਾ ਦਿੱਤੀਆਂ ਜਾਣ, ਮਾਸਕ ਨਾ ਪਾਉਣ 'ਤੇ ਜੁਰਮਾਨੇ ਦੀ ਰਕਮ 2,000 ਰੁਪਏ ਤੋਂ ਘਟਾ ਕੇ 500 ਰੁਪਏ ਕਰ ਦਿੱਤੀ ਜਾਵੇ ਅਤੇ ਦਿੱਲੀ ਦੇ ਸਕੂਲਾਂ ਨੂੰ 1 ਅਪ੍ਰੈਲ ਨੂੰ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇਗੀ।
ਮੀਟਿੰਗ ਦੀ ਪ੍ਰਧਾਨਗੀ ਉਪ ਰਾਜਪਾਲ ਅਨਿਲ ਬੈਜਲ ਨੇ ਕੀਤੀ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਇਸ ਵਿਚ ਸ਼ਾਮਲ ਹੋਏ। ਦਿੱਲੀ ਮੈਟਰੋ ਨੇ ਕਿਹਾ ਕਿ ਡੀਡੀਐਮਏ ਦੇ ਨਵੀਨਤਮ ਦਿਸ਼ਾ-ਨਿਰਦੇਸ਼ਾਂ ਦੇ ਮੱਦੇਨਜ਼ਰ, ਦਿੱਲੀ ਮੈਟਰੋ ਦੀਆਂ ਸੇਵਾਵਾਂ ਸੋਮਵਾਰ ਤੋਂ ਸੋਧੇ ਹੋਏ ਨਿਯਮਾਂ ਅਨੁਸਾਰ ਹੋਣਗੀਆਂ। ਯਾਤਰੀ ਹੁਣ ਬਿਨਾਂ ਕਿਸੇ ਪਾਬੰਦੀ ਦੇ ਮੈਟਰੋ ਵਿਚ ਸਫ਼ਰ ਕਰ ਸਕਣਗੇ ਅਤੇ ਮੈਟਰੋ ਸਟੇਸ਼ਨਾਂ ਦੇ ਸਾਰੇ ਗੇਟ ਦਿਨ ਭਰ ਖੁੱਲ੍ਹੇ ਰਹਿਣਗੇ।