ਕਿਹਾ, ਭਾਰਤੀ ਸਫ਼ਰਤਖ਼ਾਨੇ ’ਤੇ ਹਮਲੇ ਵਿਰੁਧ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ
ਨਵੀਂ ਦਿੱਲੀ: ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਕਿਹਾ ਹੈ ਕਿ ਭਾਰਤ ਲਈ ਕੈਨੇਡਾ ਬਾਰੇ ਸੱਭ ਤੋਂ ਵੱਡਾ ਮੁੱਦਾ ਇਹ ਹੈ ਕਿ ਅਤਿਵਾਦੀਆਂ, ਵੱਖਵਾਦੀਆਂ ਅਤੇ ਭਾਰਤ ਵਿਰੋਧੀ ਤੱਤਾਂ ਨੂੰ ਉੱਥੇ ਜਗ੍ਹਾ ਦਿਤੀ ਗਈ ਹੈ। ਉਨ੍ਹਾਂ ਕਿਹ, ‘‘ਕੈਨੇਡਾ ਦਾ ਕਹਿਣਾ ਹੈ ਕਿ ਲੋਕਤੰਤਰ ’ਚ ਹਰ ਕਿਸੇ ਨੂੰ ਬੋਲਣ ਦਾ ਅਧਿਕਾਰ ਹੈ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਡਿਪਲੋਮੈਟਾਂ ਨੂੰ ਧਮਕਾਇਆ ਜਾਵੇ। ਕਿਸੇ ਦੇਸ਼ ਦੇ ਦੂਤਘਰ ’ਤੇ ਧੂੰਆਂ ਬੰਬ ਸੁੱਟਣਾ ਅਤੇ ਹਿੰਸਾ ਕਰਨਾ ਪ੍ਰਗਟਾਵੇ ਦੀ ਆਜ਼ਾਦੀ ਨਹੀਂ ਹੈ।’’
ਜੈਸ਼ੰਕਰ ਨੇ ਭਾਰਤੀ ਨਿਊਜ਼ ਚੈਨਲ ਟੀ.ਵੀ.9 ਦੇ ਸੰਮੇਲਨ ‘ਰਾਈਜ਼ ਆਫ ਦਿ ਗਲੋਬਲ ਸਾਊਥ’ ’ਚ ਕੈਨੇਡਾ, ਚੀਨ ਅਤੇ ਮਾਲਦੀਵ ਨਾਲ ਸਬੰਧਾਂ ’ਤੇ ਭਾਰਤ ਦਾ ਪੱਖ ਰੱਖਿਆ। ਉਨ੍ਹਾਂ ਕਿਹਾ ਕਿ ਹਮਲਿਆਂ ਦੇ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਉਨ੍ਹਾਂ ਕਿਹਾ, ‘‘ਪਿਛਲੇ ਸਾਲ ਬਰਤਾਨੀਆਂ ’ਚ ਸਾਡੇ ਹਾਈ ਕਮਿਸ਼ਨ ’ਤੇ ਭੀੜ ਨੇ ਹਮਲਾ ਕੀਤਾ ਸੀ। ਉਸ ਸਮੇਂ ਸਾਨੂੰ ਉਸ ਤਰ੍ਹਾਂ ਦੀ ਸੁਰੱਖਿਆ ਨਹੀਂ ਮਿਲੀ ਜਿਸ ਦੀ ਅਸੀਂ ਉਮੀਦ ਕੀਤੀ ਸੀ। ਹਾਲਾਂਕਿ, ਹੁਣ ਚੀਜ਼ਾਂ ਬਿਹਤਰ ਹਨ।’’
ਜੈਸ਼ੰਕਰ ਨੇ ਅੱਗੇ ਕਿਹਾ ਕਿ ਭਾਰਤ ਨੂੰ ਉਮੀਦ ਹੈ ਕਿ ਲੰਡਨ ਅਤੇ ਅਮਰੀਕਾ ਦੇ ਸਾਨ ਫਰਾਂਸਿਸਕੋ ਵਿਚ ਭਾਰਤੀ ਸਫ਼ਾਰਤਖ਼ਾਨੇ ’ਤੇ ਹੋਏ ਹਮਲਿਆਂ ਦੇ ਦੋਸ਼ੀਆਂ ਨੂੰ ਸਜ਼ਾ ਮਿਲੇਗੀ। ਉਨ੍ਹਾਂ ਕਿਹਾ, ‘‘ਸਾਨੂੰ ਕੈਨੇਡੀਅਨਾਂ ਲਈ ਵੀਜ਼ਾ ਸੇਵਾ ਮੁਅੱਤਲ ਕਰਨੀ ਪਈ ਕਿਉਂਕਿ ਸਾਡੇ ਡਿਪਲੋਮੈਟਾਂ ਨੂੰ ਉੱਥੇ ਧਮਕਾਇਆ ਜਾ ਰਿਹਾ ਸੀ। ਵਾਰ-ਵਾਰ ਅਜਿਹੀਆਂ ਹਰਕਤਾਂ ਕਰਨ ਦੇ ਬਾਵਜੂਦ ਸਾਨੂੰ ਕੈਨੇਡਾ ਤੋਂ ਜ਼ਿਆਦਾ ਸਮਰਥਨ ਨਹੀਂ ਮਿਲਿਆ।’’
ਚੀਨ ਨਾਲ ਸਬੰਧਾਂ ਬਾਰੇ ਗੱਲ ਕਰਦਿਆਂ ਵਿਦੇਸ਼ ਮੰਤਰੀ ਨੇ ਕਿਹਾ ਕਿ 2018 ’ਚ ਪ੍ਰਧਾਨ ਮੰਤਰੀ ਮੋਦੀ ਚੀਨ ਦੇ ਵੁਹਾਨ ਗਏ ਸਨ। ਇਸ ਤੋਂ ਬਾਅਦ ਜਿਨਪਿੰਗ ਨੇ 2019 ’ਚ ਭਾਰਤ ਦਾ ਦੌਰਾ ਕੀਤਾ ਸੀ। ਉਨ੍ਹਾਂ ਕਿਹਾ, ‘‘ਦੋਹਾਂ ਦੌਰਿਆਂ ਦੌਰਾਨ ਅਸੀਂ ਕੂਟਨੀਤੀ ਰਾਹੀਂ ਚੀਨ ਨਾਲ ਸਬੰਧਾਂ ਨੂੰ ਬਰਾਬਰ ਕਰਨ ਦੀ ਕੋਸ਼ਿਸ਼ ਕੀਤੀ ਪਰ 2020 ’ਚ ਉਨ੍ਹਾਂ ਨੇ ਐਲ.ਏ.ਸੀ. ’ਤੇ ਫੌਜੀ ਨਿਰਮਾਣ ਅਤੇ ਫੌਜੀ ਤਾਇਨਾਤੀ ਵਧਾ ਕੇ ਨਿਰਧਾਰਤ ਨਿਯਮਾਂ ਦੀ ਉਲੰਘਣਾ ਕੀਤੀ।’’
ਵਿਦੇਸ਼ ਮੰਤਰੀ ਨੇ ਕਿਹਾ, ‘‘ਇਸ ਤੋਂ ਬਾਅਦ ਸਾਡੇ ਕੋਲ ਸਿਰਫ ਇਕ ਹੀ ਰਸਤਾ ਬਚਿਆ ਸੀ। ਅਸੀਂ ਐਲ.ਏ.ਸੀ. ’ਤੇ ਫ਼ੌਜੀਆਂ ਦੀ ਤਾਇਨਾਤੀ ਵੀ ਵਧਾ ਦਿਤੀ ਹੈ। ਇਹ ਸਪੱਸ਼ਟ ਹੈ ਕਿ ਇਸ ਨਾਲ ਦੋਹਾਂ ਦੇਸ਼ਾਂ ਦੇ ਸਿਆਸੀ ਸਬੰਧਾਂ ’ਤੇ ਅਸਰ ਪਿਆ ਹੈ। ਇਸ ਤੋਂ ਇਲਾਵਾ ਭਾਰਤ ਨੇ ਚੀਨ ਦੇ ਮੁੱਦੇ ’ਤੇ ਕੁੱਝ ਆਰਥਕ ਫੈਸਲੇ ਵੀ ਲਏ। ਇਹ ਨਵੇਂ ਸੰਤੁਲਨ ਦਾ ਵੀ ਹਿੱਸਾ ਹੈ।’’ ਸਿਖਰ ਸੰਮੇਲਨ ਦੌਰਾਨ ਵਿਦੇਸ਼ ਮੰਤਰੀ ਨੇ ਮਾਲਦੀਵ ਤੋਂ 88 ਭਾਰਤੀ ਫ਼ੌਜੀਆਂ ਨੂੰ ਕੱਢਣ ਦੇ ਮੁੱਦੇ ’ਤੇ ਵੀ ਚਰਚਾ ਕੀਤੀ। ਜੈਸ਼ੰਕਰ ਨੇ ਕਿਹਾ ਕਿ ਦੁਨੀਆਂ ਹਰ ਸਮੇਂ ਪੱਖਪਾਤ ’ਤੇ ਨਹੀਂ ਚੱਲਦੀ। ਅਜਿਹੀ ਸਥਿਤੀ ’ਚ, ਕੂਟਨੀਤੀ ਰਾਹੀਂ ਇਕ ਰਸਤਾ ਲੱਭਿਆ ਜਾਂਦਾ ਹੈ।