
ਬੁਰੀ ਤਰ੍ਹਾਂ ਰੋ ਰਹੇ ਉਸ ਵਿਅਕਤੀ ਦਾ ਵਿਸ਼ਵਾਸ ਵੇਖ ਕੇ ਡਾਕਟਰਾਂ ਨੇ ਲੱਡੂ ਗੋਪਾਲ ਦੀ ਡਾਕਟਰੀ ਜਾਂਚ ਕੀਤੀ ਅਤੇ ਇਲਾਜ ਕੀਤਾ
ਸ਼ਾਹਜਹਾਂਪੁਰ: ਸ਼ਾਹਜਹਾਂਪੁਰ ਜ਼ਿਲ੍ਹੇ ’ਚ ਵਾਪਰੀ ਇਕ ਅਜੀਬੋ-ਗ਼ਰੀਬ ਘਟਨਾ ’ਚ ਇਕ ਸ਼ਰਧਾਲੂ ਲੱਡੂ ਗੋਪਾਲ ਦੀ ਮੂਰਤੀ ਨੂੰ ‘ਜ਼ਖਮੀ’ ਹੋਣ ਤੋਂ ਬਾਅਦ ਐਂਬੂਲੈਂਸ ਰਾਹੀਂ ਹਸਪਤਾਲ ਲੈ ਗਿਆ। ਬੁਰੀ ਤਰ੍ਹਾਂ ਰੋ ਰਹੇ ਉਸ ਵਿਅਕਤੀ ਦਾ ਵਿਸ਼ਵਾਸ ਵੇਖ ਕੇ ਡਾਕਟਰਾਂ ਨੇ ਲੱਡੂ ਗੋਪਾਲ ਦੀ ਡਾਕਟਰੀ ਜਾਂਚ ਕੀਤੀ ਅਤੇ ਇਲਾਜ ਕੀਤਾ। ਜ਼ਿਲ੍ਹੇ ਦੇ ਖੁਟਾਰ ਥਾਣਾ ਖੇਤਰ ਦੇ ਪਿੰਡ ਸੁਜਾਨਪੁਰ ਦਾ ਵਸਨੀਕ ਰਿੰਕੂ ਮੰਗਲਵਾਰ ਸ਼ਾਮ ਨੂੰ ਸਰਕਾਰੀ ਐਂਬੂਲੈਂਸ ’ਚ ਸਵਾਰ ਹੋ ਕੇ ਲੱਡੂ ਗੋਪਾਲ ਦੀ ਛੋਟੀ ਮੂਰਤੀ ਨਾਲ ਸਥਾਨਕ ਸਰਕਾਰੀ ਹਸਪਤਾਲ ਪਹੁੰਚਿਆ ਅਤੇ ਡਾਕਟਰ ਨੂੰ ਦਸਿਆ ਕਿ ਲੱਡੂ ਗੋਪਾਲ ਨੂੰ ਨਹਾਉਂਦੇ ਸਮੇਂ ਉਹ ਉਸ ਦੇ ਹੱਥ ’ਚੋਂ ਤਿਲਕ ਗਏ, ਜਿਸ ਕਾਰਨ ਮੂਰਤੀ ਨੂੰ ਸੱਟ ਲੱਗ ਗਈ। ਉਸ ਨੇ ਅਪੀਲ ਕੀਤੀ ਕਿ ਡਾਕਟਰ ਉਸ ਦਾ ਤੁਰਤ ਇਲਾਜ ਕਰਨ।
ਖੁਟਾਰ ਦੇ ਸਰਕਾਰੀ ਹਸਪਤਾਲ ਦੇ ਡਾਕਟਰ ਅੰਕਿਤ ਵਰਮਾ ਨੇ ਬੁਧਵਾਰ ਨੂੰ ਦਸਿਆ ਕਿ ਰਿੰਕੂ ਮੰਗਲਵਾਰ ਸ਼ਾਮ ਨੂੰ 108 ਸੇਵਾ ਦੀ ਐਂਬੂਲੈਂਸ ਰਾਹੀਂ ਖੁਤਰ ਦੇ ਸਰਕਾਰੀ ਹਸਪਤਾਲ ਪਹੁੰਚਿਆ। ਉਨ੍ਹਾਂ ਦਸਿਆ ਕਿ ਰਿੰਕੂ ਦੀ ਭਗਤੀ ਵੇਖ ਕੇ ਡਾਕਟਰਾਂ ਨੇ ਲੱਡੂ ਗੋਪਾਲ ਦੀ ਮੂਰਤੀ ਦੀ ਜਾਂਚ ਕੀਤੀ ਅਤੇ ਉਸ ਨੂੰ ਸੰਤੁਸ਼ਟ ਕਰਨ ਲਈ ਦਵਾਈ ਲਗਾਈ।
ਪਰ ਰਿੰਕੂ ਲੱਡੂ ਗੋਪਾਲ ਨੂੰ ਹਸਪਤਾਲ ’ਚ ਦਾਖਲ ਕਰਨ ਦੀ ਜ਼ਿੱਦ ਕਰਦਾ ਰਿਹਾ। ਹਾਲਾਂਕਿ, ਬਾਅਦ ’ਚ ਡਾਕਟਰਾਂ ਨੇ ਉਸ ਨੂੰ ਸਮਝਾਇਆ ਕਿ ਲੱਡੂ ਗੋਪਾਲ ਹੁਣ ਬਿਲਕੁਲ ਠੀਕ ਹੈ। ਕਰੀਬ ਦੋ ਘੰਟੇ ਬਾਅਦ ਲੱਡੂ ਗੋਪਾਲ ਨੂੰ ਹਸਪਤਾਲ ਤੋਂ ਛੁੱਟੀ ਦੇ ਦਿਤੀ ਗਈ। ਹਸਪਤਾਲ ਦਾ ਇਕ ਵੀਡੀਉ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ, ਜਿਸ ’ਚ ਰਿੰਕੂ ਲੱਡੂ ਗੋਪਾਲ ਦੀ ਮੂਰਤੀ ਨੂੰ ਚੁੰਮ ਕੇ ਛਾਤੀ ਨਾਲ ਫੜ ਕੇ ਰੋ ਰਿਹਾ ਹੈ। ਇਲਾਕੇ ’ਚ ਇਸ ਘਟਨਾ ਨੂੰ ਲੈ ਕੇ ਕਾਫੀ ਚਰਚਾ ਹੋ ਰਹੀ ਹੈ।