
'ਮੈਂ ਵੀ ਹਰਜੀਤ' ਮੁਹਿੰਮ ਚਲਾ ਕੇ ਕੋਰੋਨਾ ਨਾਲ ਲੜਨ ਵਾਲੇ ਯੋਧਿਆਂ ਨੂੰ ਦਿਤੀ ਸਲਾਮੀ
ਚੰਡੀਗੜ੍ਹ, 27 ਅਪ੍ਰੈਲ (ਸਪੋਕਸਮੈਨ ਸਮਾਚਾਰ ਸੇਵਾ) : ਅੱਜ ਸੋਮਵਾਰ ਨੂੰ ਪੰਜਾਬ ਪੁਲਿਸ ਦੇ ਸਮੂਹ ਅਧਿਕਾਰੀ 'ਹਰਜੀਤ ਸਿੰਘ' ਬਣ ਗਏ। ਇਹ ਹਰਜੀਤ ਸਿੰਘ ਉਹੀ ਹੈ, ਜਿਸ ਦਾ ਪਟਿਆਲਾ ਦੀ ਸਬਜ਼ੀ ਮੰਡੀ 'ਚ ਬੀਤੀ 12 ਅਪ੍ਰੈਲ ਨੂੰ ਡਿਊਟੀ ਦੌਰਾਨ ਇਕ ਸ਼ਰਾਰਤੀ ਅਨਸਰ ਨੇ ਕ੍ਰਿਪਾਨ ਨਾਲ ਹੱਥ ਵੱਢ ਸੁਟਿਆ ਸੀ।
ਅੱਜ ਪੰਜਾਬ ਦੇ ਡੀਜੀਪੀ ਸ੍ਰੀ ਦਿਨਕਰ ਗੁਪਤਾ ਨੇ ਐਸ.ਆਈ ਹਰਜੀਤ ਸਿੰਘ ਨਾਲ ਹੋਏ ਹਾਦਸੇ ਦੇ ਮੱਦੇਨਜ਼ਰ ਕੋਰੋਨਾ-ਜੋਧਿਆਂ ਪ੍ਰਤੀ ਸਤਿਕਾਰ ਵਿਖਾਉਣ ਲਈ 'ਮੈਂ ਵੀ ਹਰਜੀਤ' ਮੁਹਿੰਮ ਚਲਾਈ। ਸ੍ਰੀ ਗੁਪਤਾ ਖ਼ੁਦ ਅੱਜ ਅਪਣੇ ਨਾਂ ਦੀ ਥਾਂ 'ਹਰਜੀਤ ਸਿੰਘ' ਦੇ ਨਾਂ ਦੀ ਪਲੇਟ ਨਾਲ ਦਿਖਾਈ ਦਿਤੇ। ਅੱਜ ਹੀ ਰਸਮੀ ਹੁਕਮ ਜਾਰੀ ਕਰ ਕੇ ਸ੍ਰੀ ਹਰਜੀਤ ਸਿੰਘ ਨੂੰ ਤਰੱਕੀ ਦੇ ਦਿਤੀ ਗਈ ਹੈ ਤੇ ਉਨ੍ਹਾਂ ਨੂੰ ਏਐਸਆਈ ਤੋਂ ਸਬ-ਇੰਸਪੈਕਟਰ ਬਣਾ ਦਿਤਾ ਗਿਆ ਹੈ।
ਇਥੇ ਇਹ ਵੀ ਦਸਣਾ ਬਣਦਾ ਹੈ ਕਿ ਪੰਜਾਬ ਦੇ ਹਰੇਕ ਨਾਕੇ 'ਤੇ ਅਤੇ ਹਰ ਇਕ ਡਿਊਟੀ ਨਿਭਾ ਰਹੇ ਪੁਲਿਸ ਮੁਲਾਜ਼ਮ ਅਤੇ ਅਧਿਕਾਰੀ ਦੀ ਛਾਤੀ 'ਤੇ ਹਰਜੀਤ ਸਿੰਘ ਦੇ ਨਾਂ ਦੀ ਪਲੇਟ ਲੱਗੀ ਦੇਖੀ ਗਈ ਉਥੇ ਹੀ ਹਰਿਆਣਾ ਪੁਲਿਸ ਦੇ ਜਵਾਨਾਂ ਨੇ ਵੀ ਹਰਜੀਤ ਸਿੰਘ ਦੇ ਨਾਂ ਦੀ ਪਲੇਟ ਲਾ ਕੇ ਉਸ ਨੂੰ ਸਨਮਾਨ ਦਿਤਾ। ਡੀ.ਜੀ.ਪੀ. ਦਿਨਕਰ ਗੁਪਤਾ ਸਮੇਤ 80 ਹਜ਼ਾਰ ਪੁਲਿਸ ਜਵਾਨਾਂ ਵਲੋਂ ਹਰਜੀਤ ਸਿੰਘ ਦੇ ਨਾਮ ਵਾਲੀ ਨੇਮਪਲੇਟ ਲਗਾਈ ਗਈ।
ਦਰਅਸਲ, ਸ੍ਰੀ ਹਰਜੀਤ ਸਿੰਘ ਹੁਣ ਬਹਾਦਰੀ ਤੇ ਸ਼ਾਂਤੀ ਦਾ ਸਬੂਤ ਦੇ ਕੇ ਦੇਸ਼ ਵਿਚ ਕੋਰੋਨਾ-ਯੋਧਿਆਂ ਉਤੇ ਹੋ ਰਹੇ ਹਮਲਿਆਂ ਦੇ ਪ੍ਰਤੀਕ ਬਣ ਗਏ ਹਨ। ਉਨ੍ਹਾਂ ਪ੍ਰਤੀ ਆਦਰ-ਸਤਿਕਾਰ ਵਿਖਾਉਣ ਲਈ ਪੰਜਾਬ ਪੁਲਿਸ ਦਾ ਇਹ ਇਕ ਯਤਨ ਦਸਿਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਪਟਿਆਲਾ ਦੇ ਏਐਸਆਈ ਹਰਜੀਤ ਸਿੰਘ ਹੱਥ ਹੁਣ ਪੀਜੀਆਈ-ਚੰਡੀਗੜ੍ਹ ਦੇ ਮਾਹਰ ਡਾਕਟਰ (ਪਲਾਸਟਿਕ ਸਰਜਨ) ਸਫ਼ਲਤਾਪੂਰਬਕ ਜੋੜ ਚੁੱਕੇ ਹਨ। ਪੰਜਾਬ ਪੁਲਿਸ ਦੀ ਇਸ ਮੁਹਿੰਮ ਦੀ ਡਾਢੀ ਚਰਚਾ ਹੋ ਰਹੀ ਹੈ।