
ਕਿਹਾ, ਹੁਣ ਕਦੇ ਵੀ 10 ਫ਼ੀ ਸਦੀ ਵਿਕਾਸ ਦਰ ਹਾਸਲ ਕਰਨ ਦੀ ਉਮੀਦ ਛੱਡ ਦੇਵੇ ਭਾਰਤ
ਨਵੀਂ ਦਿੱਲੀ : ਕਾਰੋਬਾਰੀ ਸਾਖ ਨਿਰਧਾਰਿਤ ਕਰਨ ਵਾਲੀ ਕੰਪਨੀ ਕ੍ਰਿਸਿਲ ਨੇ ਮੰਗਲਵਾਰ ਨੂੰ ਕਿਹਾ ਹੈ ਕਿ ਭਾਰਤ ਹੁਣ ਤਕ ਦੀ ਸੱਭ ਤੋਂ ਖ਼ਰਾਬ ਮੰਦੀ ਦੀ ਸਥਿਤੀ ਦਾ ਸਾਹਮਣਾ ਕਰ ਰਿਹਾ ਹੈ। ਉਸ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਇਹ ਚੌਥੀ ਅਤੇ ਉਦਾਰੀਕਰਨ ਤੋਂ ਬਾਅਦ ਪਹਿਲੀ ਮੰਦੀ ਹੈ ਅਤੇ ਇਹ ਸ਼ਾਇਦ ਸੱਭ ਤੋਂ ਮਾੜੀ ਹੈ।
ਰੇਟਿੰਗ ਏਜੰਸੀ ਅਨੁਸਾਰ ਕੋਰੋਨਾ ਵਾਇਰਸ ਮਹਾਂਮਾਰੀ ਅਤੇ ਉਸ ਦੀ ਰੋਕਥਾਮ ਲਈ ਜਾਰੀ ਤਾਲਾਬੰਦੀ ਨਾਲ ਅਰਥਚਾਰੇ 'ਚ ਚਾਲੂ ਵਿੱਤ ਵਰ੍ਹੇ 'ਚ 5 ਫ਼ੀ ਸਦੀ ਕਮੀ ਆਉਣ ਦਾ ਖਦਸ਼ਾ ਹੈ। ਕ੍ਰਿਸਿਲ ਨੇ ਭਾਰਤ ਦੇ ਜੀ.ਡੀ.ਪੀ. ਦੇ ਅੰਦਾਜ਼ੇ ਬਾਰੇ ਕਿਹਾ, ''ਪਹਿਲੀ ਤਿਮਾਹੀ (ਅਪ੍ਰੈਲ ਤੋਂ ਜੂਨ) 'ਚ 25 ਫ਼ੀ ਸਦੀ ਦੀ ਵੱਡੀ ਗਿਰਾਵਟ ਦਾ ਸ਼ੱਕ ਹੈ।''
ਉਸ ਨੇ ਕਿਹਾ, ''ਅਸਲੀਅਤ ਦੀ ਗੱਲ ਕਰੀਏ ਤਾਂ 10 ਫ਼ੀ ਸਦੀ ਦੀ ਜੀ.ਡੀ.ਪੀ. ਪੱਕੇ ਤੌਰ 'ਤੇ ਖ਼ਤਮ ਹੋ ਸਕਦੀ ਹੈ। ਅਜਿਹੇ 'ਚ ਅਸੀਂ ਮਹਾਂਮਾਰੀ ਤੋਂ ਪਹਿਲਾਂ ਜੋ ਵਿਕਾਸ ਵੇਖਿਆ ਹੈ, ਅਗਲੇ ਤਿੰਨ ਵਿੱਤੀ ਵਰ੍ਹਿਆਂ ਤਕ ਉਸ ਨੂੰ ਵੇਖਣਾ ਜਾਂ ਹਾਸਲ ਕਰਨਾ ਮੁਸ਼ਕਲ ਹੋਵੇਗਾ।'' ਪਿਛਲੇ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਪਿਛਲੇ 69 ਸਾਲਾਂ 'ਚ ਦੇਸ਼ ਅੰਦਰ ਸਿਰਫ਼ ਤਿੰਨ ਵਾਰੀ, 1957-58, 1965-66, 1979-80 'ਚ ਮੰਦੀ ਦੀ ਸਥਿਤੀ ਆਈ ਹੈ।
File Photo
ਇਸ ਲਈ ਹਰ ਵਾਰੀ ਕਾਰਨ ਇਕ ਹੀ ਸੀ ਅਤੇ ਉਹ ਸੀ ਮਾਨਸੂਨ ਦਾ ਝਟਕਾ ਜਿਸ ਨਾਲ ਖੇਤੀਬਾੜੀ 'ਤੇ ਅਸਰ ਪਿਆ ਅਤੇ ਨਤੀਜੇ ਵਜੋਂ ਅਰਥਚਾਰੇ ਦਾ ਵੱਡਾ ਹਿੱਸਾ ਪ੍ਰਭਾਵਤ ਹੋਇਆ। ਕ੍ਰਿਸਿਲ ਨੇ ਕਿਹਾ ਕਿ ਚਾਲੂ ਵਿੱਤੀ ਵਰ੍ਹੇ 2020-21 'ਚ ਮੰਦੀ ਕੁੱਝ ਵਖਰੀ ਹੈ ਕਿਉਂਕਿ ਇਸ ਵਾਰੀ ਖੇਤੀਬਾੜੀ ਦੇ ਮੋਰਚੇ 'ਤੇ ਰਾਹਤ ਹੈ ਅਤੇ ਇਹ ਮੰਨਦਿਆਂ ਕਿ ਮਾਨਸੂਨ ਠੀਕ ਰਹੇਗਾ, ਇਹ ਝਟਕੇ ਨੂੰ ਕੁੱਝ ਹਲਕਾ ਕਰ ਸਕਦਾ ਹੈ। (ਪੀਟੀਆਈ)