
ਕਿਹਾ, ਜੰਮੂ-ਕਸ਼ਮੀਰ, ਲੱਦਾਖ, ਉਤਰਾਖੰਡ ਅਤੇ ਹਿਮਾਚਲ ’ਚ ਮਾਨਸੂਨ ਦੌਰਾਨ ਆਮ ਨਾਲੋਂ ਘੱਟ ਮੀਂਹ ਪੈਣ ਦੀ ਸੰਭਾਵਨਾ
ਨਵੀਂ ਦਿੱਲੀ: ਭਾਰਤੀ ਮੌਸਮ ਵਿਭਾਗ (ਆਈ.ਐੱਮ.ਡੀ.) ਨੇ ਸੋਮਵਾਰ ਨੂੰ ਦੇਸ਼ ’ਚ ‘ਆਮ ਤੋਂ ਵੱਧ’ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਪਰ ਨਾਲ ਹੀ ਕਿਹਾ ਕਿ ਜੰਮੂ-ਕਸ਼ਮੀਰ, ਲੱਦਾਖ, ਉਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਦੇ ਕੁੱਝ ਹਿੱਸਿਆਂ ’ਚ ਆਮ ਤੋਂ ਘੱਟ ਮੀਂਹ ਪੈਣ ਦੀ ਸੰਭਾਵਨਾ ਹੈ।
ਇੱਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਈ.ਐਮ.ਡੀ. ਮੁਖੀ ਮ੍ਰਿਤਿਊਂਜੈ ਮਹਾਪਾਤਰਾ ਨੇ ਕਿਹਾ ਕਿ ਜੂਨ ਅਤੇ ਸਤੰਬਰ ਦੇ ਵਿਚਕਾਰ ਦੱਖਣ-ਪਛਮੀ ਮਾਨਸੂਨ ਦੇ ਤਹਿਤ ਪੂਰੇ ਦੇਸ਼ ’ਚ ਆਮ ਨਾਲੋਂ ਵੱਧ ਬਾਰਸ਼ ਹੋਣ ਦੀ ਸੰਭਾਵਨਾ ਹੈ।
ਉਨ੍ਹਾਂ ਕਿਹਾ ਕਿ ਇਨ੍ਹਾਂ ਚਾਰ ਮਹੀਨਿਆਂ ਦੌਰਾਨ ਮੀਂਹ ਲੰਬੀ ਮਿਆਦ ਦੇ ਔਸਤ (ਐਲ.ਪੀ.ਏ.) ਦਾ 106 ਫ਼ੀ ਸਦੀ ਹੋਣ ਦੀ ਸੰਭਾਵਨਾ ਹੈ। ਹਾਲਾਂਕਿ, ਉਨ੍ਹਾਂ ਕਿਹਾ ਕਿ ਦਿੱਲੀ, ਹਰਿਆਣਾ, ਰਾਜਸਥਾਨ, ਪੰਜਾਬ ਅਤੇ ਪਛਮੀ ਉੱਤਰ ਪ੍ਰਦੇਸ਼ ਸਮੇਤ ਉੱਤਰ-ਪਛਮੀ ਭਾਰਤ ’ਚ ਆਮ ਜਿੰਨਾ ਮੀਂਹ ਪੈਣ ਦੀ ਸੰਭਾਵਨਾ ਹੈ।
ਉਨ੍ਹਾਂ ਅਨੁਸਾਰ, ਇਨ੍ਹਾਂ ਖੇਤਰਾਂ ’ਚ ਐਲ.ਪੀ.ਏ. ਦੇ 92 ਤੋਂ 108 ਫ਼ੀ ਸਦੀ ਦੇ ਵਿਚਕਾਰ ਮੀਂਹ ਹੋਣ ਦੀ ਸੰਭਾਵਨਾ ਹੈ, ਜੋ ਆਮ ਸ਼੍ਰੇਣੀ ’ਚ ਆਉਂਦੀ ਹੈ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ, ਲੱਦਾਖ, ਉਤਰਾਖੰਡ ਅਤੇ ਹਿਮਾਚਲ ਦੇ ਕੁੱਝ ਹਿੱਸਿਆਂ ’ਚ ਆਮ ਨਾਲੋਂ ਘੱਟ ਮੀਂਹ ਪੈਣ ਦੀ ਸੰਭਾਵਨਾ ਹੈ।
ਉਨ੍ਹਾਂ ਕਿਹਾ ਕਿ ਰਾਜਸਥਾਨ, ਗੁਜਰਾਤ, ਮੱਧ ਪ੍ਰਦੇਸ਼, ਮਹਾਰਾਸ਼ਟਰ, ਬਿਹਾਰ, ਝਾਰਖੰਡ ਅਤੇ ਓਡੀਸ਼ਾ ਦੇ ਕੁੱਝ ਹਿੱਸਿਆਂ ਸਮੇਤ ਮੀਂਹ ਆਧਾਰਤ ਖੇਤੀਬਾੜੀ ਇਲਾਕਿਆਂ ’ਚ ਵੀ ਮੀਂਹ ਆਮ ਨਾਲੋਂ ਵੱਧ ਹੋਣ ਦੀ ਸੰਭਾਵਨਾ ਹੈ।
ਮਹਾਪਾਤਰਾ ਨੇ ਕਿਹਾ ਕਿ ਜੇਕਰ ਮੀਂਹ ਐਲ.ਪੀ.ਏ. ਦੇ 90 ਫੀ ਸਦੀ ਤੋਂ ਘੱਟ ਹੁੰਦੀ ਹੈ ਤਾਂ ਇਸ ਨੂੰ ਘੱਟ ਮੰਨਿਆ ਜਾਂਦਾ ਹੈ। 90 ਤੋਂ 95 ਫ਼ੀ ਸਦੀ ਦੇ ਵਿਚਕਾਰ ਆਮ ਤੋਂ ਘੱਟ, 96 ਤੋਂ 104 ਫ਼ੀ ਸਦੀ ਦੇ ਵਿਚਕਾਰ ਆਮ ਅਤੇ 105 ਤੋਂ 110 ਫ਼ੀ ਸਦੀ ਦੇ ਵਿਚਕਾਰ ਆਮ ਮੰਨਿਆ ਜਾਂਦਾ ਹੈ।