
ਦਿੱਲੀ ਦੇ ਉੱਤਮ ਨਗਰ ਥਾਣੇ 'ਚ ਪੀਪੀ ਮਾਧਵਨ ਦੇ ਖਿਲਾਫ਼ ਨੌਕਰੀ ਅਤੇ ਵਿਆਹ ਦਾ ਝਾਂਸਾ ਦੇ ਕੇ ਬਲਾਤਕਾਰ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਨਵੀਂ ਦਿੱਲੀ - ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਨਿੱਜੀ ਸਕੱਤਰ 'ਤੇ ਬਲਾਤਕਾਰ ਦਾ ਦੋਸ਼ ਲੱਗਾ ਹੈ। ਇਹ ਦੋਸ਼ ਉਨ੍ਹਾਂ ਦੇ ਨਿੱਜੀ ਸਕੱਤਰ ਪੀਪੀ ਮਾਧਵਨ 'ਤੇ ਲੱਗੇ ਹਨ। ਦੱਸ ਦਈਏ ਕਿ ਇਹ ਦੋਸ਼ ਇੱਕ ਦਲਿਤ ਔਰਤ ਨੇ ਲਗਾਏ ਹਨ। ਇਨ੍ਹਾਂ ਦੋਸ਼ਾਂ ਤੋਂ ਬਾਅਦ ਕਈ ਸਵਾਲ ਉੱਠ ਰਹੇ ਹਨ। ਦੋਸ਼ ਹੈ ਕਿ ਮਾਧਵਨ ਨੇ ਇਕ ਦਲਿਤ ਔਰਤ ਨੂੰ ਨੌਕਰੀ ਦਿਵਾਉਣ ਦੇ ਨਾਂ 'ਤੇ ਉਸ ਨਾਲ ਬਲਾਤਕਾਰ ਕੀਤਾ ਹੈ। ਦਿੱਲੀ ਦੇ ਉੱਤਮ ਨਗਰ ਥਾਣੇ 'ਚ ਪੀਪੀ ਮਾਧਵਨ ਦੇ ਖਿਲਾਫ਼ ਨੌਕਰੀ ਅਤੇ ਵਿਆਹ ਦਾ ਝਾਂਸਾ ਦੇ ਕੇ ਬਲਾਤਕਾਰ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਗੌਰਤਲਬ ਹੈ ਕਿ ਮਹਿਲਾ ਦਾ ਪਤੀ ਕਾਂਗਰਸ ਦਫ਼ਤਰ ਵਿੱਚ ਹੋਰਡਿੰਗ ਲਗਾਉਂਦਾ ਸੀ। ਔਰਤ ਦੇ ਪਤੀ ਦੀ ਸਾਲ 2020 ਵਿਚ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਔਰਤ ਨੂੰ ਨੌਕਰੀ ਦੇਣ ਦਾ ਵਾਅਦਾ ਕੀਤਾ ਗਿਆ ਸੀ। ਦੱਸ ਦੇਈਏ ਕਿ ਪੀੜਤ ਔਰਤ ਦਲਿਤ ਹੈ। ਬੀਤੇ ਦਿਨ ਯਾਨੀ 26 ਜੂਨ ਨੂੰ ਦਿੱਲੀ ਦੇ ਉੱਤਮ ਨਗਰ ਥਾਣੇ 'ਚ ਬਲਾਤਕਾਰ ਦੀ ਧਾਰਾ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਮਾਮਲਾ ਦਰਜ ਕਰਨ ਦੇ ਨਾਲ ਹੀ ਪੁਲਿਸ ਨੇ ਮਹਿਲਾ ਦਾ ਦਿੱਲੀ ਦੇ ਡੀਡੀਯੂ ਹਸਪਤਾਲ ਵਿੱਚ ਮੈਡੀਕਲ ਵੀ ਕਰਵਾਇਆ। ਔਰਤ ਨੇ ਸ਼ਿਕਾਇਤ 'ਚ ਕਿਹਾ ਕਿ ਫਰਵਰੀ 2022 'ਚ ਉਸ ਨਾਲ ਬਲਾਤਕਾਰ ਹੋਇਆ ਸੀ।