
ਹਿਮਾਚਲ ਪ੍ਰਦੇਸ਼ ਵਿਚ 150 ਸੜਕਾਂ ਬੰਦ
ਨਵੀਂ ਦਿੱਲੀ - ਕੁਝ ਦਿਨਾਂ ਦੀ ਢਿੱਲ ਤੋਂ ਬਾਅਦ ਮਾਨਸੂਨ ਨੇ ਲਗਭਗ ਪੂਰੇ ਉੱਤਰ ਅਤੇ ਉੱਤਰ ਪੱਛਮੀ ਭਾਰਤ ਨੂੰ ਘੇਰ ਲਿਆ ਹੈ। ਉੱਤਰ-ਪੱਛਮੀ ਸੂਬਿਆਂ ਵਿਚ 24 ਘੰਟਿਆਂ ਵਿਚ ਆਮ ਨਾਲੋਂ 2 ਤੋਂ 12 ਗੁਣਾ ਜ਼ਿਆਦਾ ਮੀਂਹ ਪਿਆ ਹੈ। ਮਾਨਸੂਨ ਸੋਮਵਾਰ ਨੂੰ ਪੰਜਾਬ ਅਤੇ ਗੁਜਰਾਤ ਵਿਚ ਅੱਗੇ ਵਧਿਆ। ਦੇਸ਼ ਦੇ ਪੂਰਬੀ, ਮੱਧ, ਉੱਤਰ-ਪੱਛਮੀ ਅਤੇ ਪੱਛਮੀ ਰਾਜਾਂ ਵਿਚ ਮਾਨਸੂਨ ਪੰਜ ਦਿਨ ਸਰਗਰਮ ਰਹੇਗਾ। ਅਗਲੇ 24 ਘੰਟਿਆਂ 'ਚ 24 ਸੂਬਿਆਂ 'ਚ ਭਾਰੀ ਮੀਂਹ ਦੀ ਸੰਭਾਵਨਾ ਹੈ।
ਦੋ ਦਿਨਾਂ ਵਿਚ ਅੱਠ ਸੂਬਿਆਂ ਵਿਚ ਮੀਂਹ ਅਤੇ ਜ਼ਮੀਨ ਖਿਸਕਣ ਵਰਗੀਆਂ ਘਟਨਾਵਾਂ ਕਾਰਨ 33 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਵਿਚੋਂ 9 ਹਿਮਾਚਲ ਪ੍ਰਦੇਸ਼ ਵਿਚ, 6 ਮੁੰਬਈ ਵਿਚ, 6 ਰਾਜਸਥਾਨ ਵਿਚ, 2 ਹਰਿਆਣਾ ਅਤੇ ਪੰਜਾਬ ਵਿਚ ਹੋਈਆਂ। ਉੱਤਰਾਖੰਡ ਦੇ ਅਲਮੋੜਾ 'ਚ ਮੰਗਲਵਾਰ ਨੂੰ 16 ਅਤੇ 17 ਸਾਲ ਦੀ ਉਮਰ ਦੇ ਭੈਣ-ਭਰਾ ਨਦੀ 'ਚ ਰੁੜ੍ਹ ਗਏ। ਛੱਤੀਸਗੜ੍ਹ 'ਚ ਅਸਮਾਨੀ ਬਿਜਲੀ ਡਿੱਗਣ ਕਾਰਨ 5 ਲੋਕਾਂ ਦੀ ਮੌਤ ਹੋ ਗਈ ਹੈ।
ਦਿੱਲੀ 'ਚ ਕਰੰਟ ਲੱਗਣ ਨਾਲ 1 ਔਰਤ ਦੀ ਮੌਤ ਹੋ ਗਈ ਹੈ। ਹਿਮਾਚਲ ਦੇ ਮੰਡੀ ਜ਼ਿਲ੍ਹੇ ਵਿਚ 48 ਘੰਟਿਆਂ ਵਿਚ ਦੋ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰੀਆਂ। ਇਸ ਕਾਰਨ ਚੰਡੀਗੜ੍ਹ-ਮਨਾਲੀ ਨੈਸ਼ਨਲ ਹਾਈਵੇ-21 ਦੋ ਥਾਵਾਂ ’ਤੇ ਘੰਟਿਆਂ ਬੱਧੀ ਬੰਦ ਰਿਹਾ। ਇਸ ਮਾਰਗ ’ਤੇ ਲੱਗਿਆ ਜਾਮ 20 ਘੰਟਿਆਂ ਬਾਅਦ ਖੁੱਲ੍ਹਿਆ। ਹੁਣ ਵੀ ਇੱਥੇ 150 ਸੜਕਾਂ ਬੰਦ ਹਨ। ਅੱਜ ਲਈ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਸੂਬੇ ਵਿੱਚ 102.5 ਕਰੋੜ ਰੁਪਏ ਦਾ ਨੁਕਸਾਨ ਹੋਣ ਦੀ ਸੰਭਾਵਨਾ ਹੈ।