
ਆਧੁਨਿਕ ਜੀਵਨ–ਸ਼ੈਲੀ ਨੌਜਵਾਨਾਂ ਨੂੰ ਕਰ ਰਹੀ 'ਨਿਕੰਮੇ'
ਨਵੀਂ ਦਿੱਲੀ : ‘50 ਫ਼ੀ ਸਦੀ ਭਾਰਤੀ ਬਾਲਗ਼ ਅਣਫ਼ਿਟ ਹਨ ਤੇ ਉਹ ਕੋਈ ਕੰਮ ਕਰਨਾ ਹੀ ਨਹੀਂ ਚਾਹੁੰਦੇ। ਉਹ ‘ਵਿਸ਼ਵ ਸਿਹਤ ਸੰਗਠਨ’ (ਡਬਲਿਊ.ਐਚ.ਓ.) ਵਲੋਂ ਤੈਅ ਕੀਤੇ ਮਾਪਦੰਡਾਂ ’ਤੇ ਵੀ ਖਰੇ ਨਹੀਂ ਉਤਰਦੇ।’ ਇਹ ਰਿਪੋਰਟ ਕੌਮਾਂਤਰੀ ਪਧਰ ਦੇ ਮੈਡੀਕਲ ਜਰਨਲ ‘ਦਿ ਲਾਂਸੈਟ ਗਲੋਬਲ ਹੈਲਥ’ ਵਲੋਂ ਮੰਗਲਵਾਰ ਨੂੰ ਪ੍ਰਕਾਸ਼ਿਤ ਕੀਤੀ ਗਈ ਹੈ।
ਇਹ ਖੋਜ-ਭਰਪੂਰ ਸਰਵੇਖਣ ਸਾਲ 2000 ਤੋਂ 2022 ਦੌਰਾਨ 197 ਦੇਸ਼ਾਂ ’ਚ ਕੀਤਾ ਗਿਆ ਸੀ; ਜਿਸ ਵਿਚ ਦਸਿਆ ਗਿਆ ਹੈ ਕਿ ਸਾਲ 2022 ’ਚ 52.6 ਫ਼ੀ ਸਦੀ ਔਰਤਾਂ ਅਤੇ 38.4 ਫ਼ੀ ਸਦੀ ਮਰਦ ਕੋਈ ਸਰੀਰਕ ਗਤੀਵਿਧੀ ਕਰ ਕੇ ਖ਼ੁਸ਼ ਨਹੀਂ ਹੁੰਦੇ।
ਭਾਰਤ ਲਈ ਚਿੰਤਾਜਨਕ ਅੰਕੜਾ ਇਹ ਹੈ ਕਿ ਸਾਲ 2000 ’ਚ ਗ਼ੈਰ-ਸਰਗਰਮ ਬਾਲਗ਼ਾਂ ਦੀ ਗਿਣਤੀ 22.4 ਫ਼ੀ ਸਦੀ ਸੀ, ਜੋ 2022 ’ਚ ਵਧ ਕੇ 45.4 ਫ਼ੀ ਸਦੀ ਹੋ ਗਈ ਹੈ। ਜੇ ਇਹ ਰੁਝਾਨ ਜਾਰੀ ਰਿਹਾ, ਤਾਂ ਕੋਈ ਵੀ ਕੰਮ ਨਾ ਕਰਨ ਵਾਲੇ ਭਾਰਤੀ ਮਰਦਾਂ ਦੀ ਗਿਣਤੀ 2030 ਦੌਰਾਨ ਵਧ ਕੇ 55 ਫ਼ੀ ਸਦੀ ਹੋ ਜਾਵੇਗੀ।
ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਮੁਤਾਬਕ ਹਰੇਕ ਬਾਲਗ਼ ਨੂੰ ਹਰ ਹਫ਼ਤੇ ਦਰਮਿਆਨੀ ਤੀਬਰਤਾ ਵਾਲੇ ਕੰਮ ਕਰਦਿਆਂ 150 ਮਿੰਟ ਅਤੇ ਸਖ਼ਤ ਮਿਹਨਤ ਵਾਲਾ ਜ਼ੋਰਦਾਰ ਕੰਮ ਕਰਦਆਂ 75 ਮਿੰਟ ਜ਼ਰੂਰ ਬਿਤਾਉਣੇ ਚਾਹੀਦੇ ਹਨ। ਰਿਪੋਰਟ ਅਨੁਸਾਰ ਸੁਸਤ ਕਿਸਮ ਦੇ ਵਿਅਕਤੀਆਂ ਨੂੰ ਦਿਲ ਦਾ ਰੋਗ, ਦੂਜੀ ਕਿਸਮ ਦੀ ਡਾਇਬਟੀਜ਼ (ਸ਼ੱਕਰ) ਰੋਗ ਲੱਗਣ, ਯਾਦਦਾਸ਼ਤ ਖ਼ਤਮ ਹੋਣ, ਛਾਤੀ ਤੇ ਕੌਲਨ (ਵੱਡੀ ਆਂਦਰ ਦਾ ਕੋਣਾ) ਦਾ ਕੈਂਸਰ ਹੋਣ ਦਾ ਖ਼ਤਰਾ ਸੱਭ ਤੋਂ ਵਧ ਹੁੰਦਾ ਹੈ।
ਇਸ ਰਿਪੋਰਟ ’ਚ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਮੋਬਾਇਲ ਫ਼ੋਨਾਂ ’ਤੇ ਖਾਣ-ਪੀਣ ਦੀਆਂ ਵਸਤਾਂ ਤਕ ਦੇ ਆਰਡਰ ਕਰ ਦਿਤੇ ਜਾਂਦੇ ਹਨ; ਜਿਸ ਕਾਰਣ ਆਮ ਲੋਕਾਂ ਨੇ ਬਾਜ਼ਾਰਾਂ ’ਚ ਵੀ ਜਾਣਾ ਛਡਿਆ ਹੋਇਆ ਹੈ। ਉਪਰੋਂ ਅਜੋਕੇ ਨੌਜਵਾਨ ਜੰਕ ਫ਼ੂਡ ਵਧੇਰੇ ਪਸੰਦ ਕਰਨ ਲੱਗ ਪਏ ਹਨ।