
ਕੈਟ ਵਲੋਂ ਮੋਦੀ ਰਖੜੀ ਸਣੇ ਹੋਰ ਰਖੜੀਆਂ ਬਣਵਾਈਆਂ ਗਈਆਂ ਹਨ
ਨਵੀਂ ਦਿੱਲੀ, 26 ਜੁਲਾਈ (ਅਮਨਦੀਪ ਸਿੰਘ) : ਕਾਰਗਿਲ ਵਿਜੈ ਦਿਹਾੜੇ ਮੌਕੇ ਅੱਜ ਕੰਨਫ਼ੈਡਰੇਸ਼ਨ ਆਫ਼ ਆਲ ਇੰਡੀਆ ਟ੍ਰੇਡਰਜ਼ ( ਕੈਟ) ਵਲੋਂ ਚੀਨ ਵਲੋਂ 'ਕਬਜ਼ਾਏ ਭਾਰਤੀ ਹਿੱਸੇ ਤੇ ਪੀ ਓ ਕੇ ਸਾਡਾ ਹੈ' ਦੇ ਨਾਹਰਿਆਂ ਵਾਲੀ ਰਖੜੀ ਜਾਰੀ ਕਰਦਿਆਂ ਇਸ ਨੂੰ ਭਾਰਤੀ ਫ਼ੌਜੀਆਂ ਨੂੰ ਸ਼ਰਧਾਂਜਲੀ ਦਸਿਆ। ਕੈਟ ਵਲੋਂ 2 ਅਗੱਸਤ ਨੂੰ ਦੇਸ਼ ਦੇ ਵੱਖ ਵੱਖ ਸੂਬਿਆਂ ਦੇ ਸ਼ਹਿਰਾਂ ਵਿਚਲੇ ਫ਼ੌਜੀ ਹਸਪਤਾਲਾਂ ਵਿਚ ਭਰਤੀ ਜਵਾਨਾਂ ਨੂੰ ਇਹ ਰਖੜੀਆਂ ਬੰਨ੍ਹੀਆਂ ਜਾਣਗੀਆਂ ਅਤੇ 29 ਜੁਲਾਈ ਨੂੰ ਵਖੋ ਵਖਰੇ ਸ਼ਹਿਰਾਂ ਦੇ ਮੁੱਖ ਬਾਜ਼ਾਰਾਂ ਵਿਚ ਇਸ ਦੇ ਸਟਾਲ ਲਾ ਕੇ ਲੋਕਾਂ ਨੂੰ ਵੇਚੀ ਜਾਵੇਗੀ।
File Photo
ਕੈਟ ਦਾ ਕਹਿਣਾ ਹੈ ਕਿ ਇਸ ਵਾਰ ਮੋਦੀ ਰਖੜੀ ਸਣੇ ਹੋਰ ਖ਼ਾਸ ਰਖੜੀਆਂ ਵੀ ਬਣਾਈਆਂ ਗਈਆਂ ਹਨ, ਜਿਨ੍ਹਾਂ ਨੂੰ ਲੋਕਾਂ ਵਲੋਂ ਪਸੰਦ ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ ਭਾਰਤੀ ਵਸਤਾਂ ਖ਼ਰੀਦਣ ਲਈ ਲੋਕਾਂ ਨੂੰ ਪ੍ਰੇਰਤ ਕੀਤਾ ਜਾ ਰਿਹਾ ਹੈ। ਕੈਟ ਦੇ ਪ੍ਰਧਾਨ ਬੀ ਸੀ ਭਰਤਿਆ ਅਤੇ ਸਕੱਤਰ ਜਨਰਲ ਪ੍ਰਵੀਨ ਖੰਡੇਲਵਾਲ ਨੇ ਕਿਹਾ, “ਅਕਸਾਈ ਚੀਨ ਤੇ ਪੀ ਓ ਕੇ ਸਾਡਾ ਹੈ', ਦੇ ਸੁਨੇਹੇ ਵਾਲੀਆਂ ਰਖੜੀਆਂ ਦੇਸ਼ ਦੀ ਮਿੱਟੀ ਨਾਲ ਤਿਆਰ ਕੀਤੀਆਂ ਗਈਆਂ ਹਨ ਜਿਸ ਵਿਚ ਖੇਤੀ ਦੇ ਬੀਜ ਵੀ ਮਿਲਾਏ ਗਏ ਹਨ, ਜਿਨ੍ਹਾਂ 'ਤੇ ਰੰਗ ਕਰ ਕੇ ਸੁਨੇਹਿਆਂ ਦੇ ਸਟੀਕਰ ਚਿਪਕਾਏ ਗਏ ਹਨ। ਗੁੱਟ ਤੇ ਬੰਨ੍ਹਣ ਲਈ ਇਸ ਵਿਚ ਮੌਲੀ ਵੀ ਜੋੜੀ ਗਈ ਹੈ।'