
ਚੰਨ ਦੀ ਸਤ੍ਹਾ ’ਤੇ ਤਾਪਮਾਨ 70 ਡਿਗਰੀ, ਅਤੇ 10 ਸੈਂਟੀਮੀਟਰ ਹੇਠਾਂ ਤਾਪਮਾਨ ਮਨਫ਼ੀ 10 ਡਿਗਰੀ ਦਰਜ ਕੀਤਾ ਗਿਆ
ਬੇਂਗਲੁਰੂ: ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਚੰਦਰਯਾਨ-3 ਦੇ ਵਿਕਰਮ ਲੈਂਡਰ ਨਾਲ ਲੱਗੇ ‘ਚੈਸਟ’ ਉਪਕਰਨ ਰਾਹੀਂ ਚੰਨ ਦੀ ਸਤ੍ਹਾ ’ਤੇ ਮਾਪੇ ਤਾਪਮਾਨ ਦੇ ਫ਼ਰਕ ਦਾ ਇਕ ਗ੍ਰਾਫ਼ ਐਤਵਾਰ ਨੂੰ ਜਾਰੀ ਕੀਤਾ।
ਗ੍ਰਾਫ਼ ਬਾਰੇ ਇਸਰੋ ਵਿਗਿਆਨੀ ਬੀ.ਐਚ.ਐਮ. ਦਾਰੁਕੇਸ਼ ਨੇ ਕਿਹਾ, ‘‘ਅਸੀਂ ਸਾਰੇ ਮੰਨਦੇ ਸੀ ਕਿ ਸਤ੍ਹਾ ਦਾ ਤਾਪਮਾਨ 20 ਤੋਂ 30 ਡਿਗਰੀ ਸੈਂਟੀਗ੍ਰੇਡ ਦੇ ਆਸਪਾਸ ਹੋ ਸਕਦਾ ਹੈ, ਪਰ ਇਹ 70 ਡਿਗਰੀ ਸੈਂਟੀਗ੍ਰੇਡ ਹੈ। ਇਹ ਹੈਰਾਨੀਜਨਕ ਰੂਪ ’ਚ ਸਾਡੀ ਉਮੀਦ ਤੋਂ ਵੱਧ ਹੈ।’’
ਉਨ੍ਹਾਂ ਕਿਹਾ ਕਿ ਚੰਨ ਦੀ ਸਤ੍ਹਾ ਹੇਠਾਂ ਤਾਪਮਾਨ ਸਿਫ਼ਰ ਤੋਂ 10 ਡਿਗਰੀ ਸੈਲਸੀਅਸ ਹੇਠਾਂ ਤਕ ਡਿੱਗ ਜਾਂਦਾ ਹੈ, ਜਿਸ ਤੋਂ ਪਤਾ ਲਗਦਾ ਹੈ ਕਿ ਤਾਪਮਾਨ ’ਚ ਫ਼ਰਕ ਬਹੁਤ ਜ਼ਿਆਦਾ ਹੈ।
ਪੁਲਾੜ ਏਜੰਸੀ ਅਨੁਸਾਰ, ‘ਚੰਦਰ ਸਰਫ਼ੇਸ ਥਰਮੋਫ਼ਿਜੀਕਲ ਐਕਸਪੈਰੀਮੈਂਟ’ (ਚੈਸਟ) ਨੇ ਚੰਨ ਦੀ ਸਤ੍ਹਾ ’ਤੇ ਤਾਪਮਾਨ ਦੇ ਵਿਹਾਰ ਨੂੰ ਸਮਝਣ ਲਈ ਦਖਣੀ ਧਰੁਵ ਦੇ ਨੇੜੇ ਚੰਨ ਦੀ ਉਪਰਲੀ ਮਿੱਟੀ ਦਾ ‘ਤਾਪਮਾਨ ਪ੍ਰੋਫ਼ਾਈਲ’ ਮਾਪਿਆ।
ਪੇਲੋਡ ’ਚ ਤਾਪਮਾਨ ਨੂੰ ਮਾਪਣ ਦਾ ਇਕ ਡਿਵਾਇਸ ਲਗਿਆ ਹੈ ਜੋ ਸਤ੍ਹਾ ਹੇਠਾਂ 10 ਸੈਂਟੀਮੀਟਰ ਦੀ ਡੂੰਘਾਈ ਤਕ ਪਹੁੰਚਣ ’ਚ ਸਮਰੱਥ ਹੈ। ਇਸਰੋ ਨੇ ਕਿਹਾ, ‘‘ਇਸ ’ਚ 10 ਤਾਪਮਾਨ ਸੈਂਸਰ ਲੱਗੇ ਹਨ। ਪੇਸ਼ ਗ੍ਰਾਫ਼ਤ ਵੱਖੋ-ਵੱਖ ਡੂੰਘਾਈਆਂ ’ਤੇ ਚੰਨ ਸਤ੍ਹਾ/ਕਰੀਬੀ-ਸਤ੍ਹਾ ਦੀ ਤਾਪਮਾਨ ’ਚ ਫ਼ਰਕ ਨੂੰ ਦਰਸਾਉਂਦਾ ਹੈ। ਚੰਨ ਦੇ ਦਖਣੀ ਧਰੁਵ ਲਈ ਇਹ ਪਹਿਲੇ ਅਜਿਹੇ ਅੰਕੜੇ ਹਨ।’’