ਇਸ ਵਾਰ ਤਿਰੰਗੇ ਨਾਲ ਸੈਲਫੀ ਪੋਸਟ ਕਰਨ 'ਚ ਵੀ ਨਵਾਂ ਰਿਕਾਰਡ ਬਣਾਇਆ ਗਿਆ।
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ 'ਮਨ ਕੀ ਬਾਤ' ਪ੍ਰੋਗਰਾਮ ਰਾਹੀਂ ਦੇਸ਼ ਵਾਸੀਆਂ ਨੂੰ ਸੰਬੋਧਨ ਕੀਤਾ। ਇਸ ਪ੍ਰੋਗਰਾਮ 'ਚ ਪੀਐੱਮ ਮੋਦੀ ਨੇ ਚੰਦਰਯਾਨ ਮਿਸ਼ਨ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਇਸ ਉਪਲੱਬਧੀ ਦੀ ਜਿੰਨੀ ਵੀ ਗੱਲ ਕੀਤੀ ਜਾਵੇ ਘੱਟ ਹੈ। ਚੰਦਰਯਾਨ-3 ਦੀ ਸਫਲਤਾ ਵਿੱਚ ਸਾਡੇ ਵਿਗਿਆਨੀਆਂ ਦੇ ਨਾਲ-ਨਾਲ ਵੱਖ-ਵੱਖ ਖੇਤਰਾਂ ਨੇ ਵੀ ਭੂਮਿਕਾ ਨਿਭਾਈ ਹੈ।
ਜਦੋਂ ਸਾਰਿਆਂ ਦੀ ਕੋਸ਼ਿਸ਼ ਹੋਵੇ, ਤਦ ਹੀ ਕਾਮਯਾਬੀ ਮਿਲਦੀ ਸੀ। ਇਹ ਚੰਦਰਯਾਨ ਦੀ ਸਭ ਤੋਂ ਵੱਡੀ ਕਾਮਯਾਬੀ ਸੀ। ਮੈਂ ਉਮੀਦ ਕਰਦਾ ਹਾਂ ਕਿ ਸਾਡਾ ਪੁਲਾੜ ਖੇਤਰ ਭਵਿੱਖ ਵਿੱਚ ਵੀ ਸਾਰਿਆਂ ਦੇ ਯਤਨਾਂ ਨਾਲ ਸਫਲਤਾ ਪ੍ਰਾਪਤ ਕਰੇਗਾ। ਉਨ੍ਹਾਂ ਕਿਹਾ ਕਿ ਅੱਜ ਬਹੁਤ ਸਾਰੇ ਲੋਕ ਹਨ ਜੋ ਡੇਅਰੀ ਦਾ ਖਿੱਤਾ ਅਪਣਾ ਰਹੇ ਹਨ। ਰਾਜਸਥਾਨ ਦੇ ਕੋਟਾ 'ਚ ਡੇਅਰੀ ਫਾਰਮ ਚਲਾ ਰਹੇ ਅਮਨਪ੍ਰੀਤ ਸਿੰਘ ਨੇ ਡੇਅਰੀ ਦੇ ਨਾਲ-ਨਾਲ ਦੋ ਬਾਇਓ ਗੈਸ ਪਲਾਂਟ ਵੀ ਲਗਾਏ ਹਨ, ਜਿਸ ਕਾਰਨ ਉਨ੍ਹਾਂ ਦਾ ਬਿਜਲੀ ਖਰਚ 70 ਫੀਸਦੀ ਤੱਕ ਘੱਟ ਗਿਆ ਹੈ। ਅੱਜ ਬਹੁਤ ਸਾਰੇ ਡੇਅਰੀ ਫਾਰਮ ਬਾਇਓ ਗੈਸ 'ਤੇ ਧਿਆਨ ਦੇ ਰਹੇ ਹਨ। ਮੈਨੂੰ ਯਕੀਨ ਹੈ ਕਿ ਅਜਿਹੇ ਰੁਝਾਨ ਪੂਰੇ ਦੇਸ਼ ਵਿਚ ਜਾਰੀ ਰਹਿਣਗੇ।
ਪ੍ਰਧਾਨ ਮੰਤਰੀ ਨੇ ਕਿਹਾ ਕਿ 'ਸੰਸਕ੍ਰਿਤ ਦੁਨੀਆ ਦੀ ਸਭ ਤੋਂ ਪ੍ਰਾਚੀਨ ਭਾਸ਼ਾਵਾਂ ਵਿੱਚੋਂ ਇੱਕ ਹੈ। ਇਸਨੂੰ ਕਈ ਆਧੁਨਿਕ ਭਾਸ਼ਾਵਾਂ ਦੀ ਮਾਂ ਵੀ ਕਿਹਾ ਜਾਂਦਾ ਹੈ। ਸੰਸਕ੍ਰਿਤ ਆਪਣੀ ਪੁਰਾਤਨਤਾ ਦੇ ਨਾਲ-ਨਾਲ ਇਸਦੀ ਵਿਗਿਆਨਕਤਾ ਅਤੇ ਵਿਆਕਰਣ ਲਈ ਵੀ ਜਾਣੀ ਜਾਂਦੀ ਹੈ। ਭਾਰਤ ਦਾ ਪ੍ਰਾਚੀਨ ਗਿਆਨ ਕੇਵਲ ਸੰਸਕ੍ਰਿਤ ਭਾਸ਼ਾ ਵਿੱਚ ਹੀ ਹਜ਼ਾਰਾਂ ਸਾਲਾਂ ਤੋਂ ਸੁਰੱਖਿਅਤ ਹੈ। ਅੱਜ ਦੇਸ਼ ਵਿੱਚ ਸੰਸਕ੍ਰਿਤ ਪ੍ਰਤੀ ਜਾਗਰੂਕਤਾ ਅਤੇ ਮਾਣ ਵਧਿਆ ਹੈ। ਸਾਲ 2020 ਵਿੱਚ, ਤਿੰਨ ਸੰਸਕ੍ਰਿਤ ਡੀਮਡ ਯੂਨੀਵਰਸਿਟੀਆਂ ਨੂੰ ਕੇਂਦਰੀ ਯੂਨੀਵਰਸਿਟੀਆਂ ਬਣਾਇਆ ਗਿਆ ਸੀ।
ਵੱਖ-ਵੱਖ ਸ਼ਹਿਰਾਂ ਵਿੱਚ ਸੰਸਕ੍ਰਿਤ ਯੂਨੀਵਰਸਿਟੀਆਂ ਦੇ ਕਈ ਕਾਲਜ ਅਤੇ ਸੰਸਥਾਨ ਵੀ ਚੱਲ ਰਹੇ ਹਨ। ਆਈਆਈਟੀਜ਼ ਅਤੇ ਆਈਆਈਐਮਜ਼ ਵਰਗੀਆਂ ਸੰਸਥਾਵਾਂ ਵਿੱਚ ਵੀ ਸੰਸਕ੍ਰਿਤ ਕੇਂਦਰ ਪ੍ਰਸਿੱਧ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਵਾਰ 15 ਅਗਸਤ ਨੂੰ ਦੇਸ਼ ਨੇ ਸਾਰਿਆਂ ਦੇ ਯਤਨਾਂ ਦੀ ਤਾਕਤ ਦੇਖੀ। ਸਾਰੇ ਦੇਸ਼ ਵਾਸੀਆਂ ਦੇ ਯਤਨਾਂ ਨਾਲ ਹਰ ਘਰ ਤਿਰੰਗਾ ਅਭਿਆਨ ਨੂੰ ਹਰ ਮਨ ਤਿਰੰਗਾ ਅਭਿਆਨ ਬਣਾਇਆ ਗਿਆ। ਇਸ ਦੌਰਾਨ ਕਈ ਰਿਕਾਰਡ ਬਣੇ। ਦੇਸ਼ ਵਾਸੀਆਂ ਨੇ ਕਰੋੜਾਂ ਵਿੱਚ ਤਿਰੰਗੇ ਖਰੀਦੇ ਹਨ। 1.5 ਲੱਖ ਡਾਕਘਰਾਂ ਰਾਹੀਂ ਲਗਭਗ 1.5 ਕਰੋੜ ਤਿਰੰਗੇ ਵੇਚੇ ਗਏ। ਇਸ ਕਾਰਨ ਸਾਡੇ ਮਜ਼ਦੂਰਾਂ, ਜੁਲਾਹੇ ਅਤੇ ਖਾਸ ਕਰਕੇ ਔਰਤਾਂ ਨੇ ਕਰੋੜਾਂ ਰੁਪਏ ਕਮਾਏ।
ਇਸ ਵਾਰ ਤਿਰੰਗੇ ਨਾਲ ਸੈਲਫੀ ਪੋਸਟ ਕਰਨ 'ਚ ਵੀ ਨਵਾਂ ਰਿਕਾਰਡ ਬਣਾਇਆ ਗਿਆ। ਪਿਛਲੇ ਸਾਲ ਲਗਭਗ 5 ਕਰੋੜ ਦੇਸ਼ਵਾਸੀਆਂ ਨੇ ਤਿਰੰਗੇ ਦੇ ਨਾਲ ਸੈਲਫੀ ਪੋਸਟ ਕੀਤੀ ਸੀ, ਇਸ ਵਾਰ ਇਹ ਅੰਕੜਾ 10 ਕਰੋੜ ਨੂੰ ਵੀ ਪਾਰ ਕਰ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਸ਼ਵ ਯੂਨੀਵਰਸਿਟੀ ਖੇਡਾਂ ਕੁਝ ਦਿਨ ਪਹਿਲਾਂ ਹੀ ਚੀਨ ਵਿੱਚ ਹੋਈਆਂ ਸਨ। ਇਨ੍ਹਾਂ ਖੇਡਾਂ ਵਿੱਚ ਭਾਰਤ ਦਾ ਪ੍ਰਦਰਸ਼ਨ ਹੁਣ ਤੱਕ ਦਾ ਸਭ ਤੋਂ ਵਧੀਆ ਰਿਹਾ। ਸਾਡੇ ਖਿਡਾਰੀਆਂ ਨੇ ਕੁੱਲ 26 ਤਗਮੇ ਜਿੱਤੇ, ਜਿਨ੍ਹਾਂ ਵਿੱਚੋਂ 11 ਸੋਨ ਤਗਮੇ ਸਨ।