
5 ਲੱਖ 71 ਹਜ਼ਾਰ ਡਿਲਵਰੀ ਦੇ ਮਾਮਲਿਆਂ 'ਚ ਅਜਿਹਾ ਪਹਿਲਾ ਮਾਮਲਾ
ਰਾਜਸਥਾਨ - ਔਰਤ ਨੇ ਵਿਆਹ ਦੇ 4 ਸਾਲ ਬਾਅਦ ਇਕੱਠੇ 4 ਬੱਚਿਆਂ ਨੂੰ ਜਨਮ ਦਿੱਤਾ ਹੈ। ਮਾਂ ਅਤੇ ਚਾਰੋਂ ਨਵਜੰਮੇ ਬੱਚੇ ਸਿਹਤਮੰਦ ਹਨ। ਇਸ ਨਾਲ ਪਰਿਵਾਰ ਵਿਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਹਸਪਤਾਲ 'ਚ ਵਧਾਈਆਂ ਦੇਣ ਵਾਲਿਆਂ ਦੀ ਭੀੜ ਲੱਗ ਗਈ। ਮਾਮਲਾ ਟੋਂਕ ਜ਼ਿਲ੍ਹੇ ਦੇ ਇੱਕ ਨਿੱਜੀ ਹਸਪਤਾਲ ਨਾਲ ਸਬੰਧਤ ਹੈ।
ਜੇਲ੍ਹ ਰੋਡ 'ਤੇ ਸਥਿਤ ਆਯੂਸ਼ਮਾਨ ਹਸਪਤਾਲ ਦੀ ਡਾਕਟਰ ਸ਼ਾਲਿਨੀ ਅਗਰਵਾਲ ਨੇ ਦੱਸਿਆ ਕਿ ਵਜ਼ੀਰਪੁਰਾ ਦੀ ਰਹਿਣ ਵਾਲੀ ਕਿਰਨ ਕੰਵਰ (28) ਨੂੰ ਸ਼ਨੀਵਾਰ ਰਾਤ 2 ਵਜੇ ਜਣੇਪੇ ਦਾ ਦਰਦ ਹੋਣ 'ਤੇ ਉਸ ਦੇ ਪਰਿਵਾਰਕ ਮੈਂਬਰ ਹਸਪਤਾਲ ਲੈ ਕੇ ਆਏ। ਐਤਵਾਰ ਸਵੇਰੇ ਕਰੀਬ 6 ਵਜੇ ਔਰਤ ਦਾ ਆਪਰੇਸ਼ਨ ਕੀਤਾ ਗਿਆ ਅਤੇ ਡਿਲੀਵਰੀ ਹੋਈ। ਮਹਿਲਾ ਨੂੰ 2 ਲੜਕੇ ਅਤੇ 2 ਲੜਕੀਆਂ ਹੋਈਆਂ।
ਕਿਰਨ ਕੰਵਰ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ। ਬੱਚਿਆਂ ਦੇ ਪਿਤਾ ਮੋਹਨ ਸਿੰਘ ਕਿਸਾਨ ਹਨ। ਪਰਿਵਾਰ ਵਾਲਿਆਂ ਦੇ ਨਾਲ-ਨਾਲ ਉਸ ਦੇ ਪਿੰਡ 'ਚ ਵੀ ਖੁਸ਼ੀ ਦਾ ਮਾਹੌਲ ਹੈ। ਪਿੰਡ ਦੇ ਲੋਕ ਮਾਂ ਅਤੇ ਬੱਚਿਆਂ ਦਾ ਹਾਲ-ਚਾਲ ਜਾਣਨ ਲਈ ਹਸਪਤਾਲ ਪਹੁੰਚ ਰਹੇ ਹਨ। ਡਾ: ਸ਼ਾਲਿਨੀ ਅਗਰਵਾਲ ਨੇ ਦੱਸਿਆ - ਤਿੰਨ ਨਵਜੰਮੇ ਬੱਚਿਆਂ ਦਾ ਭਾਰ 1 ਕਿਲੋ 350 ਗ੍ਰਾਮ ਅਤੇ ਇੱਕ ਨਵਜੰਮੇ ਬੱਚੇ ਦਾ ਭਾਰ 1 ਕਿਲੋ 650 ਗ੍ਰਾਮ ਹੈ। ਇਨ੍ਹਾਂ ਬੱਚਿਆਂ ਨੂੰ ਵਿਸ਼ੇਸ਼ ਨਿਗਰਾਨੀ ਦੀ ਲੋੜ ਹੁੰਦੀ ਹੈ। 1 ਕਿਲੋ 350 ਗ੍ਰਾਮ ਭਾਰ ਵਾਲੇ ਤਿੰਨੋਂ ਬੱਚਿਆਂ ਨੂੰ ਸੁਰੱਖਿਆ ਲਈ ਜ਼ਨਾਨਾ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ। 1 ਬੱਚੇ ਨੂੰ ਆਪਣੀ ਮਾਂ ਕੋਲ ਰੱਖਿਆ ਹੈ।
ਡਾ: ਸ਼ਾਲਿਨੀ ਅਗਰਵਾਲ ਨੇ ਕਿਹਾ ਕਿ ਅਜਿਹੇ 'ਚ 5 ਮਹੀਨਿਆਂ ਦੇ ਅੰਦਰ ਗਰਭਪਾਤ ਹੋਣ ਦੀ ਸੰਭਾਵਨਾ ਹੁੰਦੀ ਹੈ। ਗਰਭ ਅਵਸਥਾ ਦੇ ਚੌਥੇ ਮਹੀਨੇ 'ਚ ਔਰਤ ਦੀ ਬੱਚੇਦਾਨੀ 'ਤੇ ਟਾਂਕੇ ਲੱਗੇ ਸਨ। ਇਹ ਬੱਚੇ ਉਸ ਤੋਂ 8 ਮਹੀਨਿਆਂ ਬਾਅਦ ਪੈਦਾ ਹੋਏ ਹਨ। ਸਾਰੇ ਸਿਹਤਮੰਦ ਹਨ। ਸੁਰੱਖਿਆ ਦੇ ਨਜ਼ਰੀਏ ਤੋਂ 3 ਬੱਚਿਆਂ ਨੂੰ ਜ਼ਨਾਨਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਹਸਪਤਾਲ ਦੇ ਡਾਇਰੈਕਟਰ ਡਾਕਟਰ ਸੁਭਾਸ਼ ਅਗਰਵਾਲ ਨੇ ਦੱਸਿਆ ਕਿ ਇਹ ਔਰਤ 2 ਸਾਲਾਂ ਤੋਂ ਪ੍ਰੇਸ਼ਾਨ ਸੀ। ਉਹ ਗਰਭਵਤੀ ਨਹੀਂ ਹੋ ਰਹੀ ਸੀ। 10 ਮਹੀਨੇ ਪਹਿਲਾਂ ਪਰਿਵਾਰ ਵਾਲੇ ਔਰਤ ਨੂੰ ਲੈ ਕੇ ਹਸਪਤਾਲ ਆਏ ਸਨ। ਡਾ: ਸ਼ਾਲਿਨੀ ਅਗਰਵਾਲ ਨੇ ਇਲਾਜ ਸ਼ੁਰੂ ਕੀਤਾ। ਇਸ ਤੋਂ ਬਾਅਦ ਔਰਤ ਗਰਭਵਤੀ ਹੋ ਗਈ। ਗਰਭਵਤੀ ਹੋਣ ਤੋਂ ਕਰੀਬ 2 ਮਹੀਨੇ ਬਾਅਦ ਔਰਤ ਦੀ ਸੋਨੋਗ੍ਰਾਫੀ ਕਰਵਾਈ ਗਈ। ਸੋਨੋਗ੍ਰਾਫੀ ਤੋਂ ਪਤਾ ਲੱਗਾ ਕਿ ਕਿਰਨ ਕੰਵਰ ਦੀ ਕੁੱਖ ਵਿਚ 4 ਭਰੂਣ ਸਨ। ਇਸ ਤੋਂ ਬਾਅਦ ਹਰ 15 ਦਿਨਾਂ ਬਾਅਦ ਇਸ ਦੀ ਜਾਂਚ ਕੀਤੀ ਜਾਂਦੀ ਸੀ।
ਡਾ: ਸੁਭਾਸ਼ ਅਗਰਵਾਲ ਨੇ ਦੱਸਿਆ ਕਿ 4 ਬੱਚੇ ਇਕੱਠੇ ਬਹੁਤ ਘੱਟ ਹੁੰਦੇ ਹਨ। ਵਿਗਿਆਨ ਮੁਤਾਬਕ ਅਜਿਹਾ ਪੰਜ ਲੱਖ 71 ਹਜ਼ਾਰ ਡਿਲੀਵਰੀਆਂ 'ਚ ਇਕ ਵਾਰ ਹੁੰਦਾ ਹੈ। ਉਹਨਾਂ ਕਿਹਾ ਕਿ ਉਹਨਾਂ ਨੇ ਪਹਿਲੀ ਵਾਰ ਅਜਿਹਾ ਮਾਮਲਾ ਦੇਖਿਆ ਹੈ ਕਿ ਕਿਸੇ ਨੇ ਚਾਰ ਬੱਚਿਆਂ ਨੂੰ ਜਨਮ ਦਿੱਤਾ ਹੈ।