ਇੰਟਰਪੋਲ ਦੀ ਸੂਚਨਾ ’ਤੇ ਮੁੰਬਈ ਪੁਲਿਸ ਨੇ ਬਚਾਇਆ, ਹਿਰਾਸਤ ’ਚ ਲਿਆ
ਮੁੰਬਈ: ਮੁੰਬਈ ਵਿਚ ਰਹਿਣ ਵਾਲਾ 28 ਸਾਲਾਂ ਦਾ ਇਕ ਵਿਅਕਤੀ ਗੂਗਲ ’ਤੇ ‘ਖੁਦਕੁਸ਼ੀ ਕਰਨ ਦਾ ਸਭ ਤੋਂ ਵਧੀਆ ਤਰੀਕਾ’ ਲੱਭ ਕਰ ਰਿਹਾ ਸੀ ਜਿਸ ’ਤੇ ਇੰਟਰਪੋਲ ਦੇ ਅਲਰਟ ਤੋਂ ਬਾਅਦ ਮੁੰਬਈ ਪੁਲਿਸ ਨੇ ਉਸ ਦਾ ਪਤਾ ਲਗਾ ਕੇ ਉਸ ਨੂੰ ਖੁਦਕੁਸ਼ੀ ਕਰਨ ਤੋਂ ਰੋਕ ਦਿਤਾ। ਇਕ ਅਧਿਕਾਰੀ ਨੇ ਬੁਧਵਾਰ ਨੂੰ ਇਹ ਜਾਣਕਾਰੀ ਦਿਤੀ।
ਉਸ ਨੇ ਦਸਿਆ ਕਿ ਇਹ ਵਿਅਕਤੀ, ਜੋ ਰਾਜਸਥਾਨ ਦਾ ਰਹਿਣ ਵਾਲਾ ਹੈ, ਨੂੰ ਮੰਗਲਵਾਰ ਨੂੰ ਉਪਨਗਰ ਮਾਲਵਾਨੀ ਤੋਂ ਬਚਾ ਲਿਆ ਗਿਆ ਜਦੋਂ ਪੁਲਿਸ ਨੇ ਇੰਟਰਪੋਲ ਵਲੋਂ ਸਾਂਝੇ ਕੀਤੇ ਗਏ ਉਸ ਦੇ ਮੋਬਾਈਲ ਨੰਬਰ ਦੇ ਅਧਾਰ ’ਤੇ ਉਸ ਦੀ ਰਿਹਾਇਸ਼ ਦਾ ਪਤਾ ਕਰ ਲਿਆ।
ਕੌਮਾਂਤਰੀ ਅਪਰਾਧਕ ਪੁਲਿਸ ਸੰਗਠਨ, ਜਿਸ ਨੂੰ ਆਮ ਤੌਰ ’ਤੇ ਇੰਟਰਪੋਲ ਵਜੋਂ ਜਾਣਿਆ ਜਾਂਦਾ ਹੈ, ਇਕ ਕੌਮਾਂਤਰੀ ਸੰਸਥਾ ਹੈ ਜੋ ਦੁਨੀਆਂ ਭਰ ’ਚ ਪੁਲਿਸ ਦੇ ਸਹਿਯੋਗ ਅਤੇ ਅਪਰਾਧ ਕੰਟਰੋਲ ਕਰਨ ਦੀ ਸਹੂਲਤ ਦਿੰਦੀ ਹੈ। ਪੁਲਿਸ ਅਧਿਕਾਰੀ ਨੇ ਕਿਹਾ, ‘‘ਮੰਗਲਵਾਰ ਦੁਪਹਿਰ ਨੂੰ ਇੰਟਰਪੋਲ ਦੁਆਰਾ ਦਿਤੀ ਜਾਣਕਾਰੀ ਦੇ ਅਧਾਰ ’ਤੇ ਮੁੰਬਈ ਪੁਲਿਸ ਕ੍ਰਾਈਮ ਬ੍ਰਾਂਚ ਦੀ ਯੂਨਿਟ-11 ਵਲੋਂ ਬਚਾਅ ਮੁਹਿੰਮ ਚਲਾਈ ਗਈ।’’
ਉਸ ਨੇ ਕਿਹਾ, ‘‘ਪੀੜਤ, ਮਲਾਡ ਪਛਮੀ ਦੇ ਮਾਲਵਣੀ ’ਚ ਰਹਿੰਦਾ ਹੈ ਅਤੇ ਮੂਲ ਰੂਪ ’ਚ ਰਾਜਸਥਾਨ ਦੀ ਰਹਿਣ ਵਾਲਾ ਹੈ। ਜਾਂਚ ਦੌਰਾਨ, ਪੁਲਿਸ ਨੇ ਪਾਇਆ ਕਿ ਉਹ ਦਬਾਅ ’ਚ ਸੀ ਕਿਉਂਕਿ ਉਹ ਦੋ ਸਾਲ ਪਹਿਲਾਂ ਇਕ ਅਪਰਾਧਕ ਮਾਮਲੇ ’ਚ ਅਪਣੀ ਮਾਂ ਦੀ ਗ੍ਰਿਫਤਾਰੀ ਤੋਂ ਬਾਅਦ ਉਸ ਨੂੰ ਮੁੰਬਈ ਜੇਲ੍ਹ ਤੋਂ ਰਿਹਾਅ ਨਹੀਂ ਕਰਵਾ ਸਕਿਆ ਸੀ।’’
ਉਸ ਨੇ ਕਿਹਾ ਕਿ ਇਹ ਵਿਅਕਤੀ ਪਛਮੀ ਉਪਨਗਰ ਮਾਲਵਾਨੀ ਜਾਣ ਤੋਂ ਪਹਿਲਾਂ ਮੀਰਾ ਰੋਡ ਖੇਤਰ (ਗੁਆਂਢੀ ਠਾਣੇ ਜ਼ਿਲ੍ਹੇ ਵਿਚ) ਵਿਚ ਅਪਣੇ ਰਿਸ਼ਤੇਦਾਰਾਂ ਨਾਲ ਰਹਿੰਦਾ ਸੀ। ਅਧਿਕਾਰੀ ਨੇ ਕਿਹਾ, ‘‘ਉਹ ਪਿਛਲੇ ਛੇ ਮਹੀਨਿਆਂ ਤੋਂ ਬੇਰੁਜ਼ਗਾਰ ਹੈ। ਅਪਣੀ ਮਾਂ ਨੂੰ ਜੇਲ੍ਹ ਤੋਂ ਰਿਹਾਅ ਨਾ ਕਰ ਸਕਣ ਕਾਰਨ ਉਹ ਤਣਾਅ ’ਚ ਸੀ। ਜਿਵੇਂ ਹੀ ਉਸ ਦੇ ਮਨ ’ਚ ਅਪਣੀ ਜ਼ਿੰਦਗੀ ਖਤਮ ਕਰਨ ਦਾ ਖਿਆਲ ਆਇਆ, ਉਸ ਨੇ ਖੁਦਕੁਸ਼ੀ ਕਰਨ ਦੇ ਤਰੀਕਿਆਂ ਦੀ ਆਨਲਾਈਨ ਖੋਜ ਕਰਨੀ ਸ਼ੁਰੂ ਕਰ ਦਿਤੀ।’’
ਉਸ ਨੇ ਕਈ ਵਾਰ ਗੂਗਲ ’ਤੇ ‘ਸੁਸਾਈਡ ਬੈਸਟ ਵੇਅ’ ਸਰਚ ਕੀਤਾ, ਜਿਸ ’ਤੇ ਇੰਟਰਪੋਲ ਅਧਿਕਾਰੀਆਂ ਦਾ ਧਿਆਨ ਆਇਆ, ਜਿਨ੍ਹਾਂ ਨੇ ਇਸ ਬਾਰੇ ਉਸ ਦੇ ਮੋਬਾਈਲ ਫੋਨ ਨੰਬਰ ਸਮੇਤ ਮੁੰਬਈ ਪੁਲਸ ਨੂੰ ਈਮੇਲ ਭੇਜੀ।
ਉਨ੍ਹਾਂ ਦਸਿਆ ਕਿ ਉਸ ਸੂਚਨਾ ਦੇ ਆਧਾਰ ’ਤੇ ਅਪਰਾਧ ਬ੍ਰਾਂਚ ਨੂੰ ਪਤਾ ਲੱਗਾ ਕਿ ਮੋਬਾਈਲ ਫ਼ੋਨ ਦੀ ਵਰਤੋਂ ਕਰਨ ਵਾਲਾ ਮਾਲਵਾਨੀ ’ਚ ਹੈ। ਪੁਲਿਸ ਉੱਥੇ ਪਹੁੰਚ ਗਈ ਅਤੇ ਇਸ ਤੋਂ ਬਾਅਦ ਪੀੜਤਾ ਨੂੰ ਹਿਰਾਸਤ ’ਚ ਲੈ ਲਿਆ ਗਿਆ ਅਤੇ ਸਲਾਹ ਦਿਤੀ ਗਈ। ਪੁਲਿਸ ਅਧਿਕਾਰੀ ਨੇ ਕਿਹਾ ਕਿ ਪੇਸ਼ੇਵਰ ਸਲਾਹਕਾਰਾਂ ਵਲੋਂ ਸਲਾਹ ਦੇਣ ਤੋਂ ਬਾਅਦ, ਉਸ ਨੂੰ ਸ਼ਹਿਰ ’ਚ ਅਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਕਿਹਾ ਗਿਆ ਹੈ।